ਪ੍ਰਿੰਸੀਪਲ ਪਾਖਰ ਸਿੰਘ ਡਰੋਲੀ
31 ਜੁਲਾਈ,1940 ਨੂੰ ਭਾਰਤ ਦੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ। ਕੌਮੀ ਅਣਖ ਲਈ ਮਰ ਮਿਟਣ ਵਾਲੇ ਕਾਮਿਲ ਇਨਸਾਨ ਸ਼ਹੀਦ ਊਧਮ ਸਿੰਘ ਦਾ ਜਨਮ ਕੰਬੋਜ ਘਰਾਣੇ ਵਿੱਚ 26 ਦਸੰਬਰ,1889 ਈਸਵੀ ਨੂੰ ਰਿਆਸਤ ਪਟਿਆਲਾ ਦੇ ਇੱਕ ਨਗਰ ਸੁਨਾਮ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਚੂਹੜ ਰਾਮ ਉਰਫ ਟਹਿਲ ਸਿੰਘ ਅਤੇ ਮਾਤਾ ਦਾ ਨਾਂ ਨਰਾਇਣੀ ਉਰਫ ਹਰਨਾਮ ਕੌਰ ਸੀ।ਆਪ ਬਚਪਨ ਵਿੱਚ ਹੀ ਯਤੀਮ ਹੋ ਗਏ ਸਨ ਤੇ ਆਪ ਨੂੰ ਸੈਂਟਰਲ ਯਤੀਮਖਾਨਾਂ ਅਮ੍ਰਿਤਸਰ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ।1917 ਵਿੱਚ ਆਪ ਨੇਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ ਸੀ।
13 ਅਪ੍ਰੈਲ,1919 ਦੇ ਮਨਹੂਸ ਦਿਹਾੜੇ ਜਲ੍ਹਿਆਂ ਵਾਲੇ ਬਾਗ ਅਮ੍ਰਿਤਸਰ ਵਿਖੇ ਜਲਸੇ ਵਿੱਚ ਜੁੜੇ ਲੋਕਾਂ ਉਤੇ ਗਵਰਨਰ ਮਾਈਕਲ ਸਰ ਉਡਵਾਇਰ ਦੇ ਹੁਕਮਾਂ ਅਨੂਸਾਰ ਜਨਰਲ ਡਾਇਰ ਵਲੋਂ ਅਨ੍ਹੇਵਾਹ ਗੋਲੀਆਂ ਚੱਲਣ ਨਾਲ ਲਗਭੱਗ ਦਸ ਹਜ਼ਾਰ ਦੇ ਕਰੀਬ ਨਿਰਦੋਸ਼ ਲੋਕ ਮਾਰੇ ਗਏ ਅਤੇ ਹਜ਼ਾਰਾਂ ਹੀ ਜਖਮੀਂ ਹੋ ਗਏ ਸਨ। ਇਹ ਸਾਕਾ ਵੇਖ ਕੇ ਊਧਮ ਸਿੰਘ ਦਾ ਮਨ ਵਲੁੰਧਰਿਆ ਗਿਆ ਤੇ ਉਸਨੇ ਇਸ ਕਤਲੋਗਾਰਤ ਦਾ ਬਦਲਾ ਲੈਣ ਲਈ ਮਨ ਵਿੱਚ ਪੱਕਾ ਇਰਾਦਾ ਕਰ ਲਿਆ।ਕਈ ਮੁਸੀਕਲਾਂ ਵਿੱਚੋਂ ਲੰਘਦਾ ਹੋਇਆ ਉਹ ਆਖਰ 1933
ਨੂੰ ਇੰਗਲੈਂਡ ਪਹੁੰਚ ਗਿਆ।ਮਾਰਚ 13,1940 ਜਦੋਂ ਉਡਵਾਇਰ ਇੱਕ ਜਲਸੇ ਵਿੱਚ ਖੜ੍ਹਾ ਮੇਜ ਤੇ ਹੱਥ ਮਾਰ ਮਾਰ ਕੇ ਕਹਿ ਰਿਹਾ ਸੀ ਕਿ 13 ਅਪ੍ਰੈਲ,1919 ਨੂੰ ਕਿਵੇਂ ਮੇਰੀ ਫੌਜ ਨੇ ਜਲਸੇ ਵਿੱਚ ਹਿੰਦੋਸਤਾਨੀ ਕੁੱਤਿਆਂ ਨੂੰ ਗੋਲੀਆਂ ਨਾਲ ਭੁਨਿੰਆ ਸੀ ਤੇ ਫਿਰ ਹਿੰਦੁਸਤਾਨ ਵਿੱਚ ਅਜਾਦੀ ਦੀ ਲਹਿਰ ਨੂੰ ਕੁਚਲ ਸਕਦਾ ਹਾਂ। ਉਸ ਵੇਲੇ ਅਣਖੀ ਊਧਮ ਸਿੰਘ ਨੇ ਪਾਪੀ ਉਡਵਾਇਰ ਦਾ ਘੋਗਾ ਚਿੱਤ ਕਰ ਦਿੱਤਾ ਤੇ ਦੌੜਨ ਦੀ ਬਜਾਏ ਆਪਣੀ ਗ੍ਰਿਫਤਾਰੀ ਦੇ ਦਿੱਤੀ। ਆਪ ਨੂੰ ਬ੍ਰਿਸਟਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਕੇਸ ਦੀ ਰਸਮੀਂ ਕਾਰਵਾਈ ਤੋਂ ਬਾਅਦ 31 ਜੁਲਾਈ,1940 ਨੂੰ ਊਧਮ ਸਿੰਘ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਉਸਨੇਂ ਆਪਣੇ ਕੇਸ ਦੀ ਪੈਰਵੀ ਲਈ ਵਕੀਲ ਲੈਣ ਤੋਂ ਨਾਂਹ ਕਰ ਦਿੱਤੀ ਸੀ।
ਪੇਸ਼ ਹਨ ਬ੍ਰਿਸਟਲ ਜੇਲ੍ਹ ਤੋਂ ਊਧਮ ਸਿੰਘ ਦੀਆਂ ਚਿੱਠੀਆਂ, ਜਿਨ੍ਹਾਂ ਤੋਂ ਪ੍ਰਤੱਖ ਹੈ ਕਿ ਉਸ ਨੂੰ ਜਨਰਲ ਉਡਵਾਇਰ ਨੂੰ ਕਤਲ ਕਰਨ ਦਾ ਕੋਈ ਅਫਸੋਸ ਜਾਂ ਪਛਤਾਵਾ ਨਹੀਂ ਸੀ।
ਉਸ ਨੂੰ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ। ਉਹ ਛੇਤੀ ਤੋਂ ਛੇਤੀ ਫਾਂਸੀ ਚੜ੍ਹਨਾਂ ਚਾਹੁੰਦਾ ਸੀ ਤੇ ਮੌਤ ਦੀ ਇਤੰਜਾਰ ਵਿੱਚ ਉਸਦਾ ਭਾਰ ਪੰਜ ਪੌਂਡ ਵੱਧ ਗਿਆ ਸੀ।
30 ਮਾਰਚ,1940 ਨੂੰ ਜੇਲ੍ਹ ਵਿੱਚੋਂ ਲਿਖੀ ਪਹਿਲੀ ਚਿੱਠੀ: ਮੈਂ ਤੁਹਾਡੀਆਂ ਕਿਤਾਬਾਂ ਵਾਪਸ ਭੇਜ ਰਿਹਾ ਹਾਂ, ਤੁਹਾਡੀ ਮੇਹਰਬਾਨੀ।ਮੈਂ ਪਿਛਲੇ ਕਈ ਦਿਨ ਪੜ੍ਹ ਕੇ ਲੰਘਾਏ। ਤੁਸੀਂ ਮੇਰੇ ਤੇ ਮਿਹਰਬਾਨੀਂ ਕਰੋ ਕਿ ਕਿ ਇਹਨਾਂ ਦੇ ਮਿਲਣ ਤੇ ਮੈਨੂੰ
ਕੁੱਝ ਹੋਰ ਭੇਜ ਦਿਉ। ਮੈਨੂੰ ਪਤਾ ਹੈ ਕਿ ਮੈਂ ਜੇਲ੍ਹ ਵਿੱਚ ਕਿਉਂ ਹਾਂ, ਕਿਉਂਕਿ ਇਹ ਜਗ੍ਹਾ ਮੈਨੂੰ ਬਹੁਤ ਅੱਛੀ ਲਗਦੀ ਹੈ।ਮੇਰਾ ਭਾਰ ਵੱਧ ਗਿਆ ਹੈ। ਜਿਸ ਦਿਨ ਦਾ ਮੈਂ ਸ਼ਾਹੀ ਖਾਨਦਾਨ
ਦਾ ਮਹਿਮਾਨ ਹੋ ਕੇ ਆਇਆਂ ਹਾਂ, ਪੰਜ ਪੌਂਡ ਭਾਰ ਵਧਿਆ ਹੈ। ਮੈਨੂੰ ਕਿਸੇ ਚੀਜ਼ ਤੋਂ ਮੁਨਕਰ ਹੋਣ ਦੀ ਲੋੜ ਨਹੀਂ। ਮੈਂ ਜੰਮਿਆ ਹੀ ਮਰਨ ਲਈ ਹਾਂ ਅਤੇ ਜ਼ਰੂਰ ਮਰਨਾ ਹੈ। ਮੈਂ ਜਾਣਦਾ ਹਾਂ ਕਿ ਇੱਥੇ ਰਹਿੰਦੇ ਕਈ ਹਿੰਦੁਸਤਾਨੀ ਮੇਰੇ ਖਿਲਾਫ ਹਨ। ਮੈਂ ਤੁਹਾਨੂੰ ਗੱਲ ਦੱਸਾਂ ਮੈਨੂੰ ਨਹੀਂ ਪਤਾ ਕਿ ਕੌਣ ਮੇਰੀ ਖਾਤਰ ਸੋਲਿਸਟਰ ਵਕੀਲ ਦਾ ਝੰਜਟ ਕਰ ਰਿਹਾ ਹੈ।
ਇਹ ਖਰਚ ਮੁਕੱਦਮਾਂ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦਾ ਪੈਸਾ ਮੇਰੇ ਤੇ ਲੱਗੇ। ਜਦੋਂ ਕਿ ਮੈਨੂੰ ਕੁੱਝ ਵੀ ਹੋਵੇ ਮੈਨੂੰ ਚਿੰਤਾ ਨਹੀਂ। ਮੈਂ ਕਿਸੇ ਵੀ ਥਾਉਂ ਜਾਣ ਲਈ ਤਿਆਰ ਹਾਂ ਤਾਂ ਮੇਰੀ ਖਾਤਰ ਲੋਕ ਕਿਉਂ ਕਸ਼ਟ ਕਰਦੇ ਹਨ। ਮੈਨੂੰ ਮੌਤ ਦਾ ਡਰ ਨਹੀਂ ਕਿਉਂਕਿ ਜਲਦੀ ਹੀ ਫਾਂਸੀ ਨਾਲ ਵਿਆਹ ਹੋਣਾ ਹੈ। ਮੈਨੂੰ ਕੋਈ ਅਫਸੋਸ ਨਹੀਂ ਕਿਉਂਕਿ ਮੈਂ ਦੇਸ਼ ਦਾ ਸਿਪਾਹੀ ਹਾਂ ਅਤੇ ਕੋਈ ਦਸ ਸਾਲ ਹੋਏ ਮੇਰਾ ਸੱਭ ਤੋਂ ਵਧੀਆ ਮਿੱਤਰ ਮੈਨੂੰ ਪਿੱਛੇ ਛੱਡ ਗਿਆ ਸੀ ਅਤੇ ਮੈਨੂੰ ਯਕੀਨ ਹੈ ਕਿ ਅਸੀਂ ਮੌਤ ਤੋਂ ਬਾਅਦ ਇੱਕ ਦੂਸਰੇ ਨੂੰ ਮਿਲਾਂਗੇ। ਉਹ ਮੈਨੂੰ ਉਡੀਕ ਰਿਹਾ ਹੈ। ਉਸ ਦਿਨ ਤੇਈ ਤਾਰੀਖ ਸੀ। ਮੈਨੂੰ ਆਸ ਹੈ ਕਿ ਮੈਨੂੰ ਵੀ ਇਸੇ ਤਾਰੀਖ ਨੂੰ ਫਾਂਸੀ ਦੇਣਗੇ ਜਿਸ ਤਾਰੀਖ ਨੂੰ ਉਸ ਨੂੰ ਦਿੱਤੀ ਸੀ। ਸੋ ਜੇ ਤੁਹਾਨੂੰ ਪਤਾ ਲੱਗੇ ਕਿ ਮੇਰੀ ਮਦਦ ਕਰਨ ਵਾਲੇ ਕੌਣ ਹਨ, ਬਰਾਏ ਮਿਹਰਬਾਨੀ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਦੇਣਾਂ। ਮੈਨੂੰ ਖੁਸ਼ੀ ਹੋਵੇਗੀ ਜੇ ਉਹ ਕਾਤਲ ਦੀ ਮਦਦ ਕਰਨ ਦੀ ਥਾਂ ਵਿੱਦਿਆ ਤੇ ਪੈਸਾ ਖਰਚਣ। ਸੱਭ ਨੂੰ ਪ੍ਰਣਾਮ। ਮਿਹਰਬਾਨੀ ਕਰਕੇ ਜਲਦੀ ਕਿਤਾਬਾਂ ਭੇਜਣੀਆਂ ਜੇ ਤੁਹਾਡੇ ਪਾਸ ਵਕਤ ਹੋਵੇ।ਬੱਸ ਕਰਦਾ ਹਾਂ। (ਪ੍ਰਾਰਥਣਾਂ ਪੁਸਤਕ) ਤੁਹਾਡਾ ਸ਼ੁੱਭ ਚਿੰਤਕ ਰਾਮ ਮੁਹੰਮਦ ਸਿੰਘ ਅਜ਼ਾਦ।
ਦੂਜੀ ਚਿੱਠੀ ਜੋ ਬਰਿਕਸਟਨ ਜੇਲ੍ਹ ਤੋਂ ਮਾਰਚ 1940 ਵਿੱਚ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਸਿਨਕਲੇਅਰ ਰੋਡ, ਸ਼ੈਫਰਡਜ਼ ਬੁਸ਼ ਲੰਡਨ ਨੂੰ ਲਿਖੀ: ਮਿੱਤਰੋ ਮੈਨੂੰ ਅਫਸੋਸ ਹੈ ਕਿ ਮੈਂ ਤੂਹਾਡਾ ਪੂਰਾ ਨਾਂਉਂ ਨਹੀਂ ਜਾਣਦਾ। ਕੀ ਤੁਸੀਂ ਕ੍ਰਿਪਾ ਕਰਕੇ ਮੇਰੇ ਤੇ ਮੇਹਰਬਾਨੀ ਕਰੋਗੇ ਕਿ ਮੈਨੂੰ ਕੁੱਝ ਕਿਤਾਬਾਂ ਭੇਜ ਦਿਉ ਤਾਂ ਜੋ ਮੈਂ ਆਪਣੇ ਆਪ ਵਿੱਚ ਰੁਝਿਆ ਰਹਾਂ। ਮੇਰੇ ਲਈ ਪੜ੍ਹਨ ਵਾਸਤੇ ਵਕਤ ਬਹੁਤ ਹੈ ਅਤੇ ਮੇਰੀ ਜਗ੍ਹਾ ਅੱਛੀ ਹੈ ਪਰ ਮੈਨੂੰ ਇਸ ਤੋਂ ਵੱਡੇ ਕਿਲੇ ਵਿੱਚ ਜਾਣ ਦੀ ਆਸ ਹੈ। ਜੇ ਤੁਹਾਡੇ ਕੋਲ ਉਰਦੂ ਜਾਂ ਗੁਰਬਾਣੀ ਦੀਆਂ ਕਿਤਾਬਾ ਹਨ ਤੇ ਭੇਜਣ ਦੀ ਵੇਹਲ ਹੈ ਤਾਂ ਮੇਹਰਬਾਨੀ ਕਰਕੇ ਮੈਨੂੰ ਕਿਤਾਬਾ ਡਾਕ ਰਾਹੀਂ ਜੇਲ੍ਹ ਭੇਜ ਦਿਉ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਮੈਨੂੰ ਧਾਰਮਿਕ ਕਿਤਾਬਾਂ ਨਹੀਂ ਚਾਹੀਦੀਆਂ। ਸੋ ਤੁਸੀਂ ਆਪਣੀਂ ਮਰਜੀ ਕਰਨੀ। ਮੈਨੂੰ ਪੱਕਾ ਯਕੀਨ ਹੈ ਕਿ ਮੈਂ ਸ ਬ ਮੋਹਨ ਸਿੰਘ ਤੋਂ ਕਿਤਾਬਾਂ ਮੰਗਵਾ ਸਕਦਾ ਸੀ ਪਰ ਉਹ ਮੁੜ ਗਿਆ ਹੈ ਅਤੇ ਮੈਂ ਤੁਹਾਨੂੰ ਜਾਣਦਾ ਨਹੀਂ ਹਾਂ ਜੋ ਤੁਸੀਂ ਗੁਰਦਵਾਰੇ ਦੇ ਚਾਰਜਦਾਰ ਹੋ-ਬੱਸ ਇੰਨੀ ਗੱਲ ਹੈ। ਮੈਂ ਕੈਦੀ ਹਾਂ ਤੇ ਬਰਿਕਸਟਨ ਜੇਲ੍ਹ ਤੋਂ ਲਿਖ ਰਿਹਾ ਹਾਂ। ਮੇਰੇ ਤੇ ਕਈ ਅੰਗ ਰਖਸ਼ਕ ਹਨ ਅਤੇ ਮੇਰੀ ਚੰਗੀ ਦੇਖਭਾਲ ਹੁੰਦੀ ਹੈ। ਮੇਰੀ ਆਸ ਤੇ ਖਾਹਸ਼ ਹੈ ਕਿ ਜਦ ਤੁਸੀਂ ਸਾਰੇ ਬੁੱਢੇ ਹੋਵੋਗੇ, ਤਾਂ ਮੈਂ ਦੋਬਾਰਾ ਪੈਦਾ ਹੋਵਾਗਾਂ। ਮੇਰੇ ਖਿਲਾਫ ਐਸਾ ਮੁਕੱਦਮਾਂ ਹੈ, ਜਿਸ ਦੀ ਮੈਂ ਕਈ ਸਾਲਾਂ ਤੋਂ ਉਡੀਕ ਕੀਤੀ ਹੈ।ਮੈਂ ਤੁਹਾਨੂੰ ਹਿੰਦੁਸਤਾਨੀਂ ਵਿੱਚ ਚਿੱਠੀ ਨਹੀਂ ਲਿਖੀ। ਤੁਸੀਂ ਸਮਝ ਜਾਉਗੇ ਮੈਨੂੰ ਕਿਸ ਕਿਸਮ ਦੀ ਕਿਤਾਬ ਚਾਹੀਦੀ ਹੈ। ਕੋਈ ਇਤਿਹਾਸ ਬਾਰੇ ਕਿਤਾਬ ਜਾਂ ਹਿੰਦੋਸਤਾਨੀ ਅਖਬਾਰ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਮੇਰੇ ਤੇ ਖਰਚੇ ਬਾਰੇ ਤੁਸੀਂ ਖੇਚਲ ਨਹੀਂ ਕਰਨੀਂ। ਮੈਨੂੰ ਬਹੁਤੀ ਪਰਵਾਹ ਨਹੀਂ ਹੈ।
ਪਰ ਜੇ ਤੁਸੀਂ ਕਿਤਾਬਾਂ ਭੇਜੀਆਂ ਤਾਂ ਮੈਂ ਇਸ ਗੱਲ ਦੀ ਕਦਰ ਕਰਾਗਾਂ ਤੇ ਤੁਹਾਡੀ ਖੇਚਲ ਕਰਕੇ ਧੰਨਵਾਦੀ ਹੋਵਾਗਾਂ। ਸੋ ਸੱਭ ਨੂੰ ਨਮਸਕਾਰ। ਤੁਹਾਡਾ ਸ਼ੁਭ ਚਿੰਤਕ, ਰਾਮ ਮੁਹੰਮਦ ਸਿੰਘ ਅਜ਼ਾਦ ।