Breaking News
Home / ਨਜ਼ਰੀਆ / ਫ਼ਰੇਜ਼ਰ ਇੰਸਟੀਚਿਊਟ ਵੱਲੋਂ ਦਿੱਤੇ ਗਏ ਸਿਖ਼ਰਲੇ ਦਰਜੇ ਨੇ ਇਕ ਸਕੂਲ ਦੇ ਬਾਨੀ ਨੂੰ ਦੂਸਰਾ ਸਕੂਲ ਐੱਫ਼ ਬੀ ਆਈ ਸ਼ੁਰੂ ਕਰਨ ਲਈ ਪ੍ਰੇਰਿਆ

ਫ਼ਰੇਜ਼ਰ ਇੰਸਟੀਚਿਊਟ ਵੱਲੋਂ ਦਿੱਤੇ ਗਏ ਸਿਖ਼ਰਲੇ ਦਰਜੇ ਨੇ ਇਕ ਸਕੂਲ ਦੇ ਬਾਨੀ ਨੂੰ ਦੂਸਰਾ ਸਕੂਲ ਐੱਫ਼ ਬੀ ਆਈ ਸ਼ੁਰੂ ਕਰਨ ਲਈ ਪ੍ਰੇਰਿਆ

ਫ਼ਰੇਜ਼ਰ ਇੰਸਟੀਚਿਊਟ ਵੱਲੋਂ ਆਪਣੀ ਐਲੀਮੈਂਟਰੀ ਸਕੂਲ ਰਿਪੋਰਟ ਵਿਚ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਨੂੰ 10/10 ਅੰਕ ਦੇ ਕੇ ਇਸ ਨੂੰ ਓਨਟਾਰੀਓ ਪ੍ਰੋਵਿੰਸ ਦੇ ਸਿਖ਼ਰਲੇ ਸਕੂਲਾਂ ਵਿਚ ਸ਼ਾਮਲ ਕੀਤਾ ਗਿਆ ਜਿਸ ਤੋਂ ਉਤਸ਼ਾਹਿਤ ਹੋ ਕੇ ਇਸ ਸਕੂਲ ਦੇ ਬਾਨੀ ਅਤੇ ਪ੍ਰਿੰਸੀਪਲ ਸੰਜੀਵ ਧਵਨ ਨੇ ਇਸ ਦਿਸ਼ਾ ਵਿਚ ਇਕ ਕਦਮ ਹੋਰ ਅੱਗੇ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੇ ਚੌਰਾਹੇ ‘ਤੇ ਕੈਨੇਡਾ ਮਹਾਨ ਵਿਗਿਆਨੀ ਫ਼੍ਰੈੱਡਰਿਕ ਬੈਂਟਿੰਗ ਜਿਨ੍ਹਾਂ ਨੇ ‘ਇਨਸੂਲੀਨ’ ਦੀ ਖੋਜ ਕੀਤੀ ਸੀ, ਦੇ ਨਾਂ ‘ਤੇ ਨਵਾਂ ਸਕੂਲ ‘ਫ਼੍ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ’ (ਐੱਫ਼ ਬੀ ਆਈ) ਇਸ ਸਾਲ 2018 ਤੋਂ ਸ਼ੁਰੂ ਕਰ ਦਿੱਤਾ ਹੈ।
21 ਕੋਵੈਂਟਰੀ ਰੋਡ ‘ਤੇ ਸਥਿਤ ਇਸ ਸਕੂਲ ਵਿਚ ‘ਵਾਈ ਮੀਡੀਆ’ ਨੇ ਇਸ ਸਕੂਲ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪ੍ਰਿੰਸੀਪਲ ਧਵਨ ਨੇ ਇਸ ਮੁਲਾਕਾਤ ਦੌਰਾਨ ਦੱਸਿਆ ਕਿ ਉਹ ਆਪਣੇ ਸਕੂਲ ਵਿਚ ਅਜਿਹੇ ਦੂਰ-ਦਰਸ਼ੀ ਇਨਸਾਨ ਪੈਦਾ ਕਰਨਾ ਚਾਹੁੰਦੇ ਹਨ ਜੋ ਇੱਕੀਵੀਂ ਸਦੀ ਵਿਚ ਆਪਣੇ ਚੁਣੇ ਹੋਏ ਕਰੀਅਰਜ਼ ਵਿਚ ਕਾਮਯਾਬੀ ਹਾਸਲ ਕਰਨ ਦੀ ਯੋਗਤਾ ਅਤੇ ਦ੍ਰਿੜ ਵਿਸ਼ਵਾਸ ਰੱਖਦੇ ਹੋਣ। ਉਨ੍ਹਾਂ ਕਿਹਾ ਕਿ ਐੱਫ਼ ਬੀ ਆਈ ਸਕੂਲ ਦਾ ਮਕਸਦ ਇਸ ਉਦੇਸ਼ ਦੀ ਪੂਰਤੀ ਲਈ ਇਕੱਠਿਆਂ ਹੰਭਲਾ ਮਾਰ ਕੇ ਸਿੱਖਿਆ ਦੀ ਉੱਤਮਤਾ ਨੂੰ ਸਮਝਣਾ ਅਤੇ ਇਸ ਨੂੰ ਵਿਧੀ-ਵੱਧ ਢੰਗ ਨਾਲ ਅਪਨਾਉਣਾ ਹੈ।
ਸਕੂਲ ਦੇ ਕੁਝ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸੰਜੀਵ ਧਵਨ ਨੇ ਦੱਸਿਆ ਕਿ ਉਹ ਹਰੇਕ ਕਲਾਸ ਵਿਚ ਵੱਧ ਤੋਂ ਵੱਧ 19 ਵਿਦਿਆਰਥੀ ਰੱਖਦੇ ਹਨ। ਉਹ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਨਾਲ ਲਗਾਤਾਰ ਜੋੜੀ ਰੱਖਣ ਲਈ ਹਰ ਮਹੀਨੇ ਪ੍ਰਿੰਸੀਪਲ ਤੇ ਮਾਪਿਆਂ ਦੀ ਮੀਟਿੰਗ ਕਰਦੇ ਹਨ। ਉਹ ਸਕੂਲ ਕੈਂਪਸ ਵਿਚ ਵਿਦਿਆਰਥੀਆਂ ਨੂੰ ਫ਼ੋਨ ਵਰਤਣ ਦੀ ਆਗਿਆ ਨਹੀਂ ਦਿੰਦੇ ਕਿਉਂਕਿ ਇਸ ਨਾਲ ਉਨ੍ਹਾਂ ਦੀ ਪੜ੍ਹਾਈ ਵਿਚ ਵਿਘਨ ਪੈਂਦਾ ਹੈ। ਉਹ ਸਕੂਲ ਟਾਈਮ ਤੋਂ ਬਾਅਦ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਬਿਲਕੁਲ ਫ਼ਰੀ ਵਧੀਕ ਸਹਾਇਤਾ ਕਰਦੇ ਹਨ।
ਇਨ੍ਹਾਂ ਉਦੇਸ਼ਾਂ ਅਤੇ ਅਹਿਮ ਨੁਕਤਿਆਂ ਤੋਂ ਇਲਾਵਾ ਪ੍ਰਿੰਸੀਪਲ ਧਵਨ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿਚ ਵਿਦਿਆਰਥੀ ਕਿੰਡਰਗਾਰਟਨ ਤੋਂ ਹੀ ਫ਼ਰੈਂਚ ਸਿੱਖਣੀ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਗਰੇਡ-ਅੱਠ ਤੱਕ ਕੈਲਕੂਲੇਟਰ ਵਰਤਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਹਰ ਤਰ੍ਹਾਂ ਦੀ ਕੈਲਕੂਲੇਸ਼ਨ ਪੇਪਰ ‘ਤੇ ਹੀ ਕਰਵਾਈ ਜਾਂਦੀ ਹੈ. ਉਨ੍ਹਾਂ ਅਨੁਸਾਰ, ”ਇਸ ਨਾਲ ਵਿਦਿਆਰਥੀ ਦੀ ਮੈਥੇਮੈਟਿਕਸ ਵਰਗੇ ਮੁਸ਼ਕਲ ਸਬਜੈੱਕਟ ਨੂੰ ਸਮਝਣ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ ਅਤੇ ਉਨ੍ਹਾਂ ਦਾ ਦਿਮਾਗ਼ ਇਸ ਵੱਲ ਵਧੇਰੇ ਰੁਚਿਤ ਹੁੰਦਾ ਹੈ।” ਐੱਫ਼ ਬੀ ਆਈ ਸਕੂਲ ਦੇ ਮੈਥ ਕਰੀਕੁਲਮ ਵਿਚ ਹਰ ਹਫ਼ਤੇ ‘ਜੰਪ ਮੈਥ’ ਦੀਆਂ ਚਾਰ ਕਲਾਸਾਂ, ਮੈਂਟਲ ਮੈਥ ਦੀਆਂ ਤਿੰਨ ਕਲਾਸਾਂ ਅਤੇ ਕੰਪਲੈਕਸ ਮੈਥ ਪਰੌਬਲਮਜ਼ ਦੀਆਂ ਚਾਰ ਕਲਾਸਾਂ ਸ਼ਾਮਲ ਹਨ ਜਿਨ੍ਹਾਂ ਨੂੰ ਵੱਖੋ-ਵੱਖਰੇ ਅਧਿਆਪਕ ਪੜ੍ਹਾਉਂਦੇ ਹਨ।
ਏਸੇ ਤਰ੍ਹਾਂ ਇਸ ਸਕੂਲ ਵਿਚ ਇੰਗਲਿਸ਼ ਦੇ ਕਰੀਕੁਲਮ ਵਿਚ ਵੀ ਇਕ ਨਵੀਂ ਸ਼ੁਰੂਆਤ ਕੀਤੀ ਗਈ ਹੈ। ਧਵਨ ਸਾਹਿਬ ਨੇ ਦੱਸਿਆ ਕਿ ਗਰੇਡ-5 ਤੋਂ ਵਿਦਿਆਰਥੀਆਂ ‘ਆਈਵੀ ਲੀਗ ਵੋਕੈਬਲਰੀ ਲਿਸਟ’ ਦਿੱਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੇ ਬੋਲਣ ਅਤੇ ਲਿਖਣ ਵਾਲੇ ਦੋਵੇਂ ਤਰ੍ਹਾਂ ਦੇ ਅੰਗਰੇਜ਼ੀ ਭਾਸ਼ਾ ਦੇ ਨਵੇਂ ਸ਼ਬਦਾਂ ਦੇ ਭੰਡਾਰ ਵਿਚ ਵਾਧਾ ਹੁੰਦਾ ਹੈ. ਇੰਗਲਿਸ਼ ਰੀਡਿੰਗ ਤੇ ਰਾਈਟਿੰਗ ਲਈ ਵੱਖਰੇ ਅਤੇ ਗਰਾਮਰ ਤੇ ਵੋਕੈਬਲਰੀ ਲਈ ਵੱਖਰੇ ਟੀਚਰਾਂ ਦਾ ਪ੍ਰਬੰਧ ਕੀਤਾ ਗਿਆ ਹੈ. ਇਸ ਦੇ ਨਾਲ ਵਿਦਿਆਰਥੀਆਂ ਨੂੰ ਅਧਿਆਪਕਾਂ ਕੋਲੋਂ ਉਸ ਵਿਸ਼ੇ ਨਾਲ ਸਬੰਧਿਤ ਵੱਧ ਤੋਂ ਵੱਧ ਵਿਸ਼ੇਸ਼ ਗਿਆਨ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ।
ਪਿਛਲੇ ਲੰਮੇਂ ਸਮੇਂ ਤੋਂ ਵਿਦਿਆ ਦੇ ਖ਼ੇਤਰ ਨਾਲ ਜੁੜੇ ਹੋਏ ਪ੍ਰਿੰਸੀਪਲ ਧਵਨ ਵਿਦਿਆਰਥੀਆਂ ਦੇ ਹੈਂਡ-ਰਾਈਟਿੰਗ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਲਿਖਾਈ ਦੀਆਂ ਬਹੁਤ ਸਾਰੀਆਂ ਨਵੀਨਤਮ ਤਕਨੀਕਾਂ ਨੂੰ ਅਪਨਾਅ ਕੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਦਾ ਹੈਂਡ-ਰਾਈਟਿੰਗ ਨਾ ਕੇਵਲ ਸਾਫ਼ ਤੇ ਖ਼ੁਸ਼-ਖ਼ਤ ਹੀ ਹੈ, ਸਗੋਂ ਇਸ ਨੂੰ ਵੇਖ ਕੇ ਮਨ ਨੂੰ ਇਕ ਵੱਖਰਾ ਸਕੂਨ ਮਿਲਦਾ ਹੈ। ਇਸ ਸਕੂਲ ਵਿਚ ਗਰੇਡ-1 ਤੋਂ ਹੀ ਵਿਦਿਆਰਥੀਆਂ ਦੇ ਮਿਡ-ਟੱਰਮ ਤੇ ਫ਼ਾਈਨਲ ਇਮਤਿਹਾਨ ਹੁੰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਕਾਰਗ਼ੁਜ਼ਾਰੀ ਦਾ ਪਤਾ ਲੱਗਦਾ ਰਹਿੰਦਾ ਹੈ ਅਤੇ ਪ੍ਰਿੰਸੀਪਲ ਧਵਨ ਅਨੁਸਾਰ ਉਨ੍ਹਾਂ ਦੀ ਨੀਂਹ ਮਜ਼ਬੂਤ ਹੁੰਦੀ ਹੈ।
ਉਪਰੋਕਤ ਵਰਨਣ ਵਿਦਿਅਕ ਪਹੁੰਚ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਿਚ ਅਪਨਾਈ ਗਈ ਅਤੇ ਪ੍ਰੋਵਿੰਸ਼ੀਅਲ ਪੱਧਰ ‘ਤੇ ਇਸ ਦੇ ਬੜੇ ਸਾਰਥਿਕ ਨਤੀਜੇ ਵੇਖਣ ਨੂੰ ਮਿਲੇ ਜਿਨ੍ਹਾਂ ਸਦਕਾ ਉਸ ਸਕੂਲ ਨੂੰ ਪ੍ਰੋਵਿੰਸ ਦੇ 3064 ਸਕੂਲਾਂ ਵਿੱਚੋਂ ਪਹਿਲੇ ਦਰਜੇ ‘ਤੇ ਆਉਣ ਦਾ ਮਾਣ ਹਾਸਲ ਹੋਇਆ। ਇਹ ਨਵਾਂ ਸਕੂਲ ਐੱਫ਼ ਬੀ ਆਈ ਇਸ ਸਮੇਂ 2018-19 ਅਕੈਡਮਿਕ ਸੈਸ਼ਨ ਲਈ ਵਿਦਿਆਰਥੀਆਂ ਦੇ ਦਾਖ਼ਲੇ ਕਰ ਰਿਹਾ ਹੈ।
ਇਸ ਮੰਤਵ ਲਈ ਰਜਿਸ੍ਰੇਸ਼ਨ, ਅਪਵਾਇੰਟਮੈਂਟਾਂ ਅਤੇ ਇੰਟਰਵਿਊਆਂ ਦਾ ਸਿਲਸਿਲਾ ਬਾ-ਕਾਇਦਾ ਚੱਲ ਰਿਹਾ ਹੈ। ਇਸ ਸਬੰਧੀ ਵਧੇਰ ਜਾਣਕਾਰੀ ਸਕੂਲ ਦੀ ਵੈੱਬਸਾਈਟ ਤੋਂ ਜਾਂ ਸਕੂਲ ਦੇ ਫ਼ੋਨ ਨੰ: +1 905-791-4600 ‘ਤੇ ਕਾਲ ਕਰਕੇ ਜਾਂ Email: [email protected] ‘ਤੇ ਮੇਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …