Breaking News
Home / ਨਜ਼ਰੀਆ / ਹੱਡਾ ਰੋੜੀ

ਹੱਡਾ ਰੋੜੀ

ਮੇਜਰ ਮਾਂਗਟ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬੱਸ ਇਹ ਹੀ ਰਹਿ ਗਿਆ ਸੀ ਹੁਣ ਪੰਜਾਬੀ ਕਲਚਰ।
ਖਮਾਣੋ ਸਾਹਿਤਕ ਇਕੱਠ ਜੁੜਿਆ ਹੋਇਆ ਹੈ ਤੇ ਮੈਨੂੰ ਵੀ ਸੱਦਿਆ ਗਿਆ ਹੈ। ਅਖੇ ਤੂੰ ਵੀ ਮਾੜਾ ਮੋਟਾ ਲਿਖ ਲੈਂਦਾ ਏ। ਜਰੂਰ ਗੁਰਬੀਰ ਨੇ ਹੀ ਇਹਨਾਂ ਨੂੰ ਦੱਸਿਆ ਹੋਊ। ਪਰ ਇਹ ਕੀ ਬੈਨਰ ਤੇ ਮੇਰਾ ਨਾ ਲਿਖ ਕੇ ‘ਚਰਚਿਤ ਪਰਵਾਸੀ ਲੇਖਕ ਨਾਲ ਰੂ ਬ ਰੂ’ ਲਿਖਿਆ ਹੈ। ਮੈਂ ਤਾਂ ਅਜੇ ਤਿੰਨਾਂ ਵਿੱਚ ਨਾਂ ਤੇਰਾਂ ਵਿੱਚ। ਮੇਰੀ ਤਾਂ ਕੋਈ ਕਿਤਾਬ ਵੀ ਨਹੀਂ ਛਪੀ। ਏਥੇ ਵਾਹਵਾਂ ਲੇਖਕ ਜੁੜੇ ਹੋਏ ਨੇ। ਗੁੱਲ ਮੀਤ ਨਾ ਦਾ ਸੈਕਟਰੀ ਜੋ ਕਿਸੇ ਅਖ਼ਬਾਰ ਦਾ ਪੱਤਰਕਾਰ ਵੀ ਹੈ, ਕਹਿ ਰਿਹਾ ਕਿ ”ਤੁਹਾਡੀ ਪੂਰੀ ਚਰਚਾ ਕਰਵਾਂਵਾਂਗੇ” ਮੈਂ ਘਬਰਾਇਆ ਹੋਇਆਂ ਹਾਂ। ਟੋਨੀ ਵੀ ਨਾਲ ਹੀ ਹੈ ਤੇ ਕਹਿ ਰਿਹਾ ਹੈ ”ਦੇਖ ਲਿਉ ਭਾਜੀ ਅੱਜ ਥੋਡੇ ਕੱਪੜੇ ਲਾਹੁਣਗੇ”
ਮੇਰੇ ਹੱਥ ਇੱਕ ਠਹੂਆ ਜਿਹਾ ਫੜਾ ਕੇ ਸਨਮਾਨ ਵੀ ਕਰ ਦਿੱਤਾ ਗਿਆ ਹੈ। ਸਕੱਤਰ ਨੇ ਫੰਕਸ਼ਨ ਖਤਮ ਹੁੰਦਿਆਂ ਹੀ ਸਭ ਨੂੰ ਮੇਰੇ ਵਲੋਂ ‘ਨੂਰ’ ਰੈਸਟੋਰੈਂਟ ਬੈਠਣ ਦਾ ਸੱਦਾ, ਮੈਨੂੰ ਬਗੈਰ ਪੁੱਛੇ ਹੀ ਦੇ ਦਿੱਤਾ ਹੈ। ਲੱਗਦਾ ਹੈ ਮੇਰਾ ਚੰਗਾ ਚੰਮ ਲਾਹੁਣਗੇ। ਸਭਾ ਦੇ ਸਕੱਤਰ ਗੁੱਲ ਮੀਤ ਨੇ ਮੇਰੇ ਕੰਨ ਕੋਲ ਮੂੰਹ ਕਰ ਕੇ ਕਿਹਾ ਹੈ ਕਿ ”ਤੁਰਨ ਤੋਂ ਪਹਿਲਾਂ ਹਿਸਾਬ ਵੀ ਕਰ ਲਈਏ” ਚਾਹ ਪਾਣੀ, ਸਾਊਂਡ ਤੇ ਸ਼ਮਿਆਨੇ ਵਾਲੇ ਪੈਸੇ ਮੰਗਦੇ ਨੇ। ਉਸ ਨੇ ਮੇਰੇ ਤੋਂ ਸੱਤ ਹਜ਼ਾਰ ਕਢਾ ਲਿਆ ਹੈ। ਉਸੇ ਵਕਤ ਕੋਈ ਲੇਖਕ ਸਭਾ ਮੈਨੂੰ ਮੈਂਬਰਸ਼ਿੱਪ ਵਾਲਾ ਵਾਲਾ ਫਾਰਮ ਸਾਈਨ ਕਰਵਾਉਣ ਲਈ ਆ ਖੜਿਆ ਜਿਸ ਦੀ ਸੌ ਡਾਲਰ ਅਮਰੀਕਨ ਮੈਂਬਰਸ਼ਿੱਪ ਫੀਸ ਹੈ। ਦੂਜੇ ਕੰਨ ਕੋਲ ਇੱਕ ਆਪੂੰ ਬਣਿਆਂ ਸੰਪਾਦਕ ਆਪਣੇ ਘਟੀਆ ਜਿਹੇ ਮੈਗਜ਼ੀਨ ਲਈ ਜੀਵਨ ਮੈਂਬਰਸ਼ਿੱਪ ਮੰਗ ਰਿਹਾ ਹੈ। ਜਿਵੇਂ ਸੈਂਕੜੇ ਕੁੱਤੇ ਕਿਸੇ ਮੁਰਦਾਰ ਨੂੰ ਨੋਚਦੇ ਹੋਣ। ਅੱਜ ਮੈਨੂੰ ਲੱਗਦਾ ਹੈ ਕਿ ਮੈਂ ਜਰੂਰ ਪਾਗਲ ਹੋ ਜਾਵਾਂਗਾ।
ਹੋਟਲ ਨੀਲੇ ਸ਼ੀਸ਼ੇ ਤੇ ਅੰਦਰ ਜਗਦੀ ਦੁਧੀਆ ਰੌਸ਼ਨੀ। ਮਹਿੰਗੀ ਦਾਰੂ ਨਾਲ ਲੋਕ ਹੱਡੀਆਂ ਚੂੰਡ ਰਹੇ ਨੇ। ਕਈਆਂ ਦੀਆਂ ਮੁੱਛਾਂ ਦਾੜੀਆਂ ਮੀਟ ਦੀ ਤਰੀਂ ਨਾਲ ਲਿੱਬੜ ਗਈਆਂ ਨੇ। ਉਹ ਹੱਡੀਆਂ ਤੇ ਟਿਸ਼ੂ ਪੇਪਰ ਫਰਸ਼ ਤੇ ਹੀ ਪੈਰਾਂ ਵਿੱਚ ਸੁੱਟੀ ਜਾ ਰਹੇ ਨੇ। ਖਾਧਾ ਪੀਤਾ ਲਾਹੇ ਦਾ ਵਾਲੀ ਕਹਾਵਤ ਏਥੇ ਪੂਰੀ ਢੁਕ ਰਹੀ ਹੈ। ਗਲਾਸ ਤੇ ਗਲਾਸ ਭਰ ਕੇ ਅੰਦਰ ਸੁੱਟੇ ਰਹੇ ਨੇ। ਜਿਵੇਂ ਮਹਿੰਗੀ ਸ਼ਰਾਬ ਮਸਾਂ ਹੀ ਦੇਖੀ ਹੁੰਦੀ ਆ। ਇੱਕ ਦੋ ਤਾਂ ਬਾਹਰ ਜਾ ਕੇ ਉਲਟੀਆਂ ਵੀ ਕਰ ਆਏ ਹਨ। ਕਈਆਂ ਤੋਂ ਤਾਂ ਖੜ ਨਹੀਂ ਹੋ ਰਿਹਾ ਕਿ ਐਨੇ ਸ਼ਰਾਬੀ ਨੇ, ਪਰ ਫੇਰ ਵੀ ਪੀ ਰਹੇ ਨੇ। ਰੈਸਟੋਰੈਂਟ ਵਿੱਚ ਕੋਹਰਾਮ ਮੱਚਿਆ ਪਿਆ ਹੈ। ਕੋਈ ਜਾਣਾ ਟੇਬਲ ਤੋਂ ਬੋਤਲ ਹੀ ਚੁਰਾ ਕੇ ਲੈ ਗਿਆ ਹੈ। ਸਕੱਤਰ ਗੁੱਲ ਮੀਤ ਕਹਿ ਰਿਹਾ ਹੈ ਕਿ ”ਦਿਉ ਪੈਸੇ ਕੁੱਝ ਬੰਦੇ ਵੱਧ ਹੋ ਗਏ ਨੇ ਦੋ ਟੈਕਸੀਆਂ ਕਰਕੇ ਭੇਜਣੇ ਪੈਣੇ ਨੇ। ਤੇ ਮੈਂ ਵੀ ਨਾਲ ਚਲਾ ਜਾਵਾਂਗਾ” ਹੌਲੀ ਹੌਲੀ ਬਾਕੀ ਵੀ ਖਿਸਕ ਗਏ ਨੇ। ਹੋਟਲ ਵਾਲਾ ਮੋਟਾ ਬਿੱਲ ਬਣਾਉਂਦਾ ਹੈ। ਕਈ ਤਾਂ ਮੋਟਰਸਾਈਕਲਾਂ ਦੀਆਂ ਟੋਕਰੀਆਂ ‘ਚ ਵੀ ਸਮਾਨ ਤੁੰਨ ਕੇ ਲੈ ਗਏ ਨੇ ਤੇ ਉਹ ਬਿੱਲ ਵੀ ਮੈਨੂੰ ਪਵਾ ਗਏ ਨੇ। ਟੁੱਟੇ ਤੇ ਚੋਰੀ ਹੋਏ ਗਿਲਾਸ ਸਭ ਜੋੜ ਕੇ ਦਸ ਕੁ ਹਜ਼ਾਰ ਬਣਿਆ ਹੈ, ਜੋ ਮੈਂ ਚੁਕਾ ਦਿੱਤਾ ਹੈ। ਬਹਿਰਾ ਵੀ ਮੋਟੀ ਬਖਸ਼ੀਸ਼ ਲੈ ਕੇ ਮਸਾਂ ਹੀ ਹਿੱਲਿਆ ਹੈ।
ਟੋਨੀ ਕਹਿ ਰਿਹਾ ਹੈ ”ਚੰਗਾ ਥੁੱਕ ਲਾ ਗਏ”
‘ਕੀ ਸੋਚਦੇ ਨੇ ਇਹ ਲੋਕ? ਕਿ ਬਾਹਰ ਪੈਸੇ ਦਰਖਤਾਂ ਨੂੰ ਲੱਗਦੇ ਨੇ? ਕਿੱਥੇ ਗਿਆ ਪਿਆਰ ਸਤਿਕਾਰ? ਸਾਹਿਤ ਸਣੇ ਹਰ ਚੀਜ਼ ਹੀ ਵਪਾਰ ਬਣ ਗਈ ਏ। ਏਹੋ ਜਿਹਾ ਨਿਘਾਰ ਪਹਿਲਾਂ ਤਾਂ ਨਹੀਂ ਸੀ’ ਮੈਂ ਸੋਚੀਂ ਪੈ ਗਿਆ।
ਰੈਸਟੋਰੈਂਟ ਵਿੱਚ ਖਾਣਾ ਕੀ ਖਾਧਾ, ਮੈਂ ਅੰਤਾਂ ਦਾ ਬਿਮਾਰ ਹੋ ਗਿਆ। ਟੋਨੀ ਨੂੰ ਫੋਨ ਕਰਦਾ ਹਾਂ, ਉਹ ਮੈਨੂੰ ਸ਼ਹਿਰ ਦੇ ਸਭ ਤੋਂ ਵਧੀਆ ਹਸਪਤਾਲ ਲੈ ਜਾਂਦਾ ਹੈ। ਡਾ: ਐਨ ਆਰ ਆਈ ਹੋਣ ਕਰਕੇ ਮੈਨੂੰ ਪ੍ਰਾਈਵੇਟ ਕਮਰਾ ਦੇ ਕੇ ਦਾਖਲ ਕਰ ਲੈਂਦੇ ਨੇ। ਤੁਰੰਤ ਗੁਲੂਕੋਜ਼ ਲਗਾ ਕੇ ਪੰਜ ਸੱਤ ਟੀਕੇ ਠੋਕ ਦਿੱਤੇ ਜਾਂਦੇ ਨੇ। ਵੱਡਾ ਡਾਕਟਰ ਦੱਸਦਾ ਹੈ ਕਿ ਫੂਡ ਪੁਆਇਜ਼ਨਿੰਗ ਹੋ ਗਈ ਆ ਤੇ ਫੂਡ ਪਾਈਪ ਵੀ ਡੈਮਿਜ ਹੋ ਸਕਦੀ ਆ। ਉਹ ਦਾਖਲੇ ਦਾ ਤਿੰਨ ਹਜ਼ਾਰ ਰੁਪਈਆ ਤੁਰੰਤ ਜਮਾ ਕਰਵਾਉਣ ਲਈ ਆਖਦੈ। ਹਸਪਤਾਲ ਦੇ ਨਾਲ ਹੀ ਕੈਮਿਸਟ ਦੀ ਦੁਕਾਨ ਹੈ, ਸ਼ਾਇਦ ਡਾਕਟਰ ਦੀ ਆਪਣੀ ਹੋਵੇ। ਉਹ ਤੁਰੰਤ ਉਸ ਤੋਂ ਦਵਾਈਆਂ ਤੇ ਟੀਕੇ ਫੜ੍ਹ ਕੇ ਲਿਆਉਣ ਲਈ ਕਹਿੰਦਾ ਹੈ। ਮੈਂ ਟੋਨੀ ਨੂੰ ਚਾਰ ਹਜ਼ਾਰ ਰੁਪਿਆ ਦੇ ਕੇ ਤੋਰਦਾ ਹਾਂ।
ਇਹ ਡਾਕਟਰ ਕੀ ਕਹਿੰਦਾ ਹੈ ਕਿ ਮੇਰਾ ਦਸ ਦਿਨ ਇਲਾਜ਼ ਚੱਲੇਗਾ? ਏਨੀ ਹੀ ਤਾਂ ਮੇਰੀ ਛੁੱਟੀ ਬਾਕੀ ਹੈ।
ਅੱਜ ਤੀਸਰਾ ਦਿਨ ਹੈ। ਰੋਜ਼ ਬਲੱਡ ਟੈਸਟ ਕਰਨ ਵਾਲਾ ਸੁਵੱਖਤੇ ਹੀ, ਹਜ਼ਾਰ ਰੁਪਿਆ ਲੈ ਜਾਂਦਾ ਹੈ। ਨਰਸ ਆਕੇ ਪਰਚੀ ਫੜਾ ਜਾਂਦੀ ਹੈ ਕਿ ਟੀਕੇ ਤੇ ਦਵਾਈਆਂ ਮੰਗਵਾ ਲਵੋ। ਡਾਕਟਰ ਹਰ ਦੂਜੇ ਦਿਨ ਸਕੈਨਿੰਗ ਕਰਵਾ ਰਿਹਾ ਹੈ, ਉਸ ਦੀ ਵੀ ਮੋਟੀ ਫੀਸ ਹੈ। ਲੱਗਦੈ ਹੈ ਬਾਹਰਲੀ ਮੁਰਗ਼ੀ ਮਸਾਂ ਹੀ ਫਸੀ ਹੈ। ਮੇਰੀਆਂ ਬੋਟੀਆਂ ਜਿਵੇਂ ਜੰਬੂਰਾਂ ਨਾਲ ਤੋੜੀਆਂ ਜਾ ਰਹੀਆਂ ਨੇ।
ਰਿਸ਼ਤੇਦਾਰਾਂ ਨੂੰ ਫੋਨ ਕਰਦਾ ਰਿਹਾ ਹਾਂ, ਪਰ ਕੋਈ ਵੀ ਖ਼ਬਰ ਲੈਣ ਨਹੀਂ ਆਇਆ। ”ਏਥੋਂ ਕਿਸੇ ਨੂੰ ਕੀ ਮਿਲਣਾ ਹੈ? ਕੁੱਝ ਦੇ ਕੇ ਹੀ ਜਾਣਾ ਪਊ। ਉਹ ਤਾਂ ਸਿਰਫ ਗਿਫਟ ਲੈਣ ਆਉਂਦੇ ਨੇ” ਲੋਕ ਅੱਜ ਕੱਲ ਬੜੇ ਸਿਆਣੇ ਹੋ ਗਏ ਨੇ। ਅਜਿਹੀਆਂ ਮਹਿੰਗੀਆਂ ਚੀਜ਼ਾਂ ਦੀ ਮੰਗ ਕਰਨਗੇ, ਜੋ ਕਿ ਤੁਸੀਂ ਕਦੇ ਆਪਣੇ ਲਈ ਵੀ ਨਹੀਂ ਖਰੀਦੀਆਂ ਹੁੰਦੀਆਂ। ਨਹੀਂ ਲੈ ਕੇ ਜਾਵੋਂਗੇ ਤਾਂ ਸਭ ਦੇ ਮੂੰਹ ਮੋਟੇ। ਸ਼ਾਇਦ ਏਸੇ ਕਰਕੇ ਹੀ ਨਾ ਆਏ ਹੋਣ। ਜਦੋਂ ਠੀਕ ਹੋ ਕੇ ਨਿੱਕਲਿਆ ਫੇਰ ਕਈ ਪਾਰਟੀ ਮੰਗਣ ਆਉਣਗੇ। ਪਤਾ ਨਹੀਂ ਕਿਉਂ ਲੱਗਦੈ ਹੈ ਇਹ ਇਹ ਪੰਜਾਬ ਹੁਣ ਮੇਰਾ ਨਹੀਂ ਰਿਹਾ।
ਹਸਪਤਾਲ ਚੋਂ ਛੱਟੀ ਲੈਣ ਲਈ ਬਹੁਤ ਵੱਡੇ ਬੰਦੇ ਦੀ ਸਿਪਾਰਸ਼ ਪਵਾਉਣੀ ਪਈ ਹੈ। ਛੋਟੇ ਡਾਕਟਰਾਂ ਨੇ ਰਿਸ਼ਵਤ ਜਾਂ ਚਾਹ ਪਾਣੀ ਲੈ ਕੇ ਮਸਾਂ ਪਾਈਪਾਂ ਲਾਹੀਆਂ ਨੇ। ਵੱਡੇ ਡਾਕਟਰ ਨੇ ਕਾਊਂਟਰ ਤੇ ਪੱਚੀ ਹਜ਼ਾਰ ਹੋਰ ਜਮਾ ਕਰਵਾਉਣ ਨੂੰ ਕਿਹਾ ਹੈ। ਕੈਨੇਡਾ ਤੋਂ ਫੋਨ ਆ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਖਹਿੜਾ ਛੁਡਾ ਕੇ ਆ ਜਾਵੋ। ਉਹ ਅੱਗੇ ਤੋਂ ਨਾ ਜਾਣ ਦੀ ਤਾਕੀਦ ਵੀ ਕਰੀ ਜਾ ਰਹੇ ਨੇ। ਕਹਿੰਦੇ ”ਤੁਸੀਂ ਹਰ ਵਾਰ ਮੁਸੀਬਤ ਕਿਉਂ ਸਹੇੜ ਲੈਂਦੇ ਹੋ? ਕਿਉਂ ਜਾਂਦੇ ਹੋ ਪੰਜਾਬ? ਆਪਣੀ ਛਿੱਲ ਲਹਾਉਣ। ਹੁਣ ਕੌਣ ਹੈ ਥੋਡਾ ਓਥੇ?” ਪਰ ਮੇਰਾ ਮੋਹ ਭੰਗ ਨਹੀ ਸੀ ਹੋ ਰਿਹਾ।
ਟੋਨੀ ਹਸਪਤਾਲੋਂ ਮੈਨੂੰ ਘਰ ਛੱਡ ਗਿਆ ਹੈ। ਜਿੱਥੇ ਮੈਂ ਇਕੱਲਾ ਹੀ ਹਾਂ। ਘਰ ਵਿੱਚ ਦੁਬਕਿਆ ਬੈਠਾ ਹਾਂ, ਜਿਵੇਂ ਖੂੰਖਾਰ ਕੁੱਤਿਆਂ ਤੋਂ ਡਰਦਾ ਕੋਈ ਖਰਗੋਸ਼ ਝਾੜੀਆਂ ਵਿੱਚ ਲੁਕਿਆ ਹੋਵੇ। ਸੜਕਾਂ ਤੇ ਹਾਦਸੇ ਵਾਪਰ ਰਹੇ ਨੇ, ਮੈਨੂੰ ਲੱਗਦਾ ਜੇ ਮੈਂ ਨਿੱਕਲਿਆ ਤਾਂ ਮੇਰੀ ਵੀ ਲਾਸ਼ ਐਵੇਂ ਕਿਸੇ ਸੜਕ ਕੰਢੇ ਪਈ ਹੋਵੇਗੀ। ਟੋਨੀ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ”ਭਾਅ ਜੀ ਜਿਨਾਂ ਚਿਰ ਰਹਿਣਾ ਹੈ, ਪੁਲੀਸ ਜਾਂ ਵਕੀਲਾਂ ਦੇ ਚੱਕਰ ਤੋਂ ਬਚ ਕੇ ਰਿਹੋ। ਏਥੇ ਤਾਂ ਸਣੇ ਹਸਪਤਾਲ ਸਭ ਕਸਾਈਖਾਨੇ ਨੇ। ਹੁਣ ਪੈਸਾ ਹੀ ਲੋਕਾਂ ਦਾ ਧਰਮ ਹੈ। ਤੇ ਪੈਸੇ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ”
ਮੈਨੂੰ ਰਾਤ ਨੂੰ ਡਰ ਲੱਗ ਰਿਹਾ ਹੈ। ਹਵਾ ਨਾਲ ਦਰਵਾਜ਼ਾ ਖੜਕਣ ਤੇ ਵੀ ਮੈਂ ਤ੍ਰਬਕ ਕੇ ਉੱਠ ਖੜਦਾ ਹਾਂ। ਕੱਲ ਨੂੰ ਮੇਰੀ ਕੈਨੇਡਾ ਲਈ ਉਡਾਣ ਹੈ। ਟੋਨੀ ਨੇ ਹੀ ਮੈਨੂੰ ਖੰਨੇ ਇੰਡੋ ਕੈਨੇਡੀਅਨ ਬੱਸ ਚੜ੍ਹਾਉਣ ਜਾਣਾ ਹੈ। ਅੱਖ ਲੱਗੀ ਤਾਂ ਇੱਕ ਅਜੀਬ ਜਿਹਾ ਸੁਪਨਾ ਵੇਖਦਾ ਹਾਂ। ਕੁੱਤੇ ਕਿਸੇ ਮਰੇ ਹੋਏ ਜਾਨਵਰ ਨੂੰ ਘਸੀਟ ਰਹੇ ਨੇ, ਖਾਅ ਰਹੇ ਨੇ ਤੇ ਇੱਕ ਦੂਸਰੇ ਨੂੰ ਵੱਢ ਰਹੇ। ਕੁੱਤਿਆਂ ਦੇ ਚਿਹਰੇ ਬਦਲ ਕੇ ਬੰਦਿਆਂ ਦੇ ਮੂੰਹ ਬਣੀ ਜਾਂਦੇ ਨੇ ਤੇ ਮਰੇ ਹੋਏ ਜਾਨਵਰ ਦਾ ਚਿਹਰਾ ਮੇਰੇ ਵਰਗੈ। ਮੈਂ ਧੰਦਕ ਕੇ ਉੱਠ ਖੜ੍ਹਦਾ ਹਾਂ। ਦਿਨ ਚੜ੍ਹਨ ਵਿੱਚ ਹੀ ਨਹੀਂ ਆ ਰਿਹਾ। ਮੈਂ ਵਤਨ ਨੂੰ ਮੁੜ ਜਾਣ ਲਈ ਬੇਹੱਦ ਕਾਹਲਾ ਪੈ ਗਿਆ ਹਾਂ। ਕੈਨੇਡਾ ਜੋ ਹੁਣ ਮੇਰਾ ਆਪਣਾ ਵਤਨ ਹੈ। ਏਥੇ ਤਾਂ ਸੜੇ ਹੋਏ ਮਾਸ ਦੀ ਦੇਰਗੰਧ ਨਾਲ ਮੇਰਾ ਦਮ ਘੁੱਟ ਰਿਹਾ ਹੈ। ਵਕਤ ਜਿਵੇਂ ਪੈਰ ਗੱਡ ਕੇ ਖੜੋ ਗਿਆ ਹੋਵੇ। (ਸਮਾਪਤ)

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …