ਪਾਂਧੀ ਜੀ ਦੀ ਸ਼ਖਸੀਅਤ ਦਾ ਦਰਪਣ
ਹਰਜੀਤ ਸਿੰਘ ਬੇਦੀ
ਪ੍ਰਿੰ. ਸਰਵਣ ਸਿੰਘ ਦੁਆਰਾ ਸੰਪਾਦਤ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ-ਪੂਰਨ ਸਿੰਘ ਪਾਂਧੀ’ ਅਭਿਨੰਦਨ ਗ੍ਰੰਥ ਵਿੱਚ ਸੰਪਾਦਕੀ ਤੋਂ ਬਿਨਾਂ 31 ਲੇਖਕਾਂ ਵਲੋਂ ਲਿਖੇ ਸ਼ਬਦ ਚਿੱਤਰ ਅਤੇ ਪੰਜ ਕਵੀਆਂ ਦੇ ਕਾਵਿ-ਚਿੱਤਰ ਸ਼ਾਮਲ ਹਨ। ਪਾਂਧੀ ਜੀ ਦੀਆਂ ਕੁਝ ਰਚਨਾਵਾਂ ਅਤੇ ਤਸਵੀਰਾਂ ਨਾਲ਼ ਸ਼ਿੰਗਾਰੀ ਇਸ ਪੁਸਤਕ ਵਿੱਚ ਪੰਜਾਬੀ ਦੇ ਵਿਦਵਾਨ ਲੇਖਕਾਂ ਵੱਲੋਂ ਪਾਂਧੀ ਜੀ ਦੀ ਬਹੁ-ਪੱਖੀ ਜੀਵਨ-ਸ਼ੈਲੀ ਦੇ ਅਨੇਕ ਗੁਣਾਂ ਬਾਰੇ ਅਤੇ ਉਸ ਦੀ ਵਾਰਤਕ ਦੀ ਕਾਵਿਕ-ਸ਼ੈਲੀ ਬਾਰੇ ਵਰਨਣ ਕੀਤਾ ਗਿਆ ਹੈ। ਜਿਸ ਨਾਲ ਉਹਨਾਂ ਦੀ ਸਖ਼ਸ਼ੀਅਤ ਦੇ ਹੋਰ ਅਨੇਕਾਂ ਬਿੰਬ ਉੱਘੜ ਕੇ ਪਾਠਕ ਦੇ ਨਜਰੀਂ ਪੈਂਦੇ ਹਨ।
ਬਿਨਾਂ ਸ਼ੱਕ ਪੂਰਨ ਸਿੰਘ ਪਾਂਧੀ ਇੱਕ ਉੱਚ ਪਾਏ ਦਾ ਵਾਰਤਕ ਲੇਖਕ ਹੈ। ਇਸ ਬਾਰੇ ਡਾ: ਵਰਿਆਮ ਸੰਧੂ ਨੇ ਬਹੁਤ ਖੂਬਸੂਰਤ ਆਖਿਆ ਹੈ: ”ਪਾਂਧੀ ਸ਼ਬਦਾਂ ਦੇ ਸੁਹਜ ਅਤੇ ਸੰਗੀਤ ਦਾ ਗਿਆਤਾ ਵੀ ਹੈ ਅਤੇ ਇਹਨਾਂ ਨੂੰ ਸੁਹਣੀ ਅਤੇ ਆਕਰਸ਼ਕ ਤਰਤੀਬ ਵਿੱਚ ਜੋੜਣ ਅਤੇ ਬੀੜਣ ਦੀ ਕਲਾ ਦਾ ਮਾਹਰ ਵੀ ਹੈ। ਸੰਜਮਤਾ, ਸੰਖੇਪਤਾ, ਸਹਿਜਤਾ ਤੇ ਸੰਗੀਤਆਤਮਕਾ ਉਹਦੀ ਵਾਰਤਕ ਦੇ ਮੀਰੀ ਗੁਣ ਹਨ। ਇਹ ਪਾਂਧੀ ਜੀ ਦੀ ਹੀ ਹਿੰਮਤ ਹੈ ਕਿ ਉਹ ਬੇਸੁਰੇ ਰਾਗੀਆਂ, ਸੰਤ ਬਾਬਿਆਂ, ਗਾਇਕਾਂ ਅਤੇ ਧਾਰਮਿਕ ਅਦਾਰਿਆਂ ਵਲੋਂ ਸੁੱਚੇ ਸੰਗੀਤ ਦੀ ਮਾਣਯੋਗ ਪਰੰਪਰਾ ਨੂੰ ਲਾਈ ਜਾਂਦੀ ਢਾਹ ਬਾਰੇ ਬੇਖੌਫ਼ ਟਿੱਪਣੀਆਂ ਕਰਦਿਆਂ ਸੱਚੀਆਂ ਸੁਣਾ ਸਕਦਾ ਹੈ। ਪਾਂਧੀ ਦੀ ਇਸ ਬੇਬਾਕੀ ਤੇ ਦਲੇਰੀ ਲਈ ਤਾਂ ਅਸ਼ ਅਸ਼ ਕਰਨ ਨੂੰ ਵੀ ਦਿਲ ਕਰਦਾ ਹੈ ਤੇ ਉਹਨੂੰ ਸ਼ਾਬਾਸ਼ ਦੇਣ ਨੂੰ ਵੀ।”
ਪ੍ਰਸਿੱਧ ਲੇਖਕ ਤੇ ਪੱਤਰਕਾਰ ਸ਼ਮੀਲ ਮੁਤਾਬਕ: ”ਪੂਰਨ ਸਿੰਘ ਪਾਂਧੀ ਹੋਰਾਂ ਦੇ ਦਾਦਾ ਭਾਨ ਸਿੰਘ ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਦੇ ਵਿਦਵਾਨ ਸਨ। ਪਾਂਧੀ ਨੇ ਆਪਣੇ ਬਚਪਨ ਵਿੱਚ ਨਿਰਮਲੇ ਸਾਧੂ ਕ੍ਰਿਸ਼ਨਾ ਨੰਦ ਕੋਲੋਂ ਵੇਦਾਂਤ ਦੇ ਗ੍ਰੰਥ ਪੜ੍ਹੇ। ਭਿੰਡਰਾਂ ਦੀ ਟਕਸਾਲ ਵਿੱਚ ਗੁਰਬਾਣੀ ਅਤੇ ਗੁਰਮਤਿ ਦਾ ਅਧਿਐਨ ਕੀਤਾ। ਆਧੁਨਿਕ ਸਿੱਖਿਆ ਸਟੇਟ ਕਾਲਜ ਪਟਿਆਲਾ ਤੋਂ ਲਈ। ਕਲਾਸੀਕਲ ਸੰਗੀਤ ਵਿੱਚ ਡਿਪਲੋਮਾ ਕੀਤਾ। ਕਈ ਸਾਜ ਸਿੱਖੇ, ਸਾਹਿਤ ਦੇ ਵੱਖ ਵੱਖ ਰੂਪਾਂ ਦਾ ਅਧਿਐਨ ਕੀਤਾ।” ਇਸੇ ਪਿਛੋਕੜ ਕਾਰਨ ਹੀ ਬਲਬੀਰ ਮੋਮੀ ਪਾਂਧੀ ਜੀ ਬਾਰੇ ਕਹਿੰਦਾ ਹੈ, ”ਉਸ ਨੂੰ ਜਿੰਨੀ ਵਾਰ ਮਿਲੋ,ਹਰ ਵਾਰ ਅਕਲ ਇਲਮ ਦੀਆਂ ਡੂੰਘੀਆਈਆਂ ਦੀਆਂ ਨਵੀਂਆਂ ਪਰਤਾਂ ਖੁਲ੍ਹਦੀਆਂ ਹਨ।” ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਨੁਸਾਰ ”ਸਾਰੇ ਵਧੀਆ ਲੇਖਕ ਵਧੀਆ ਬੁਲਾਰੇ ਨਹੀਂ ਹੁੰਦੇ ਪਰ ਪਾਂਧੀ ਜਿੰਨਾ ਵਧੀਆ ਲੇਖਕ ਹੈ ਉਨਾ ਹੀ ਵਧੀਆ ਬੁਲਾਰਾ ਵੀ ਹੈ। ਪਤਾ ਨਹੀਂ ਕਿੱਥੋਂ ਉਸਦੇ ਅੰਦਰੋਂ ਸ਼ਬਦਾਂ ਦੀ ਧਾਰਾ ਵਹਿਣ ਲਗਦੀ ਹੈ। ਚਿਹਰੇ ੳੱਪਰ ਸਦਾ ਠਹਿਰੀ ਹੋਈ ਮੁਸਕਰਾਹਟ, ਅੱਖਾਂ ਦੀ ਚਮਕ ਤੇ ਗੱਲ ਕਹਿਣ ਦਾ ਅੰਦਾਜ਼ ਸਰੋਤਿਆਂ ਨੂੰ ਕੀਲ ਕੇ ਬਿਠਾਈ ਰਖਦਾ। ਉਦਾਹਰਣਾ,ਅਖਾਣਾਂ, ਮੁਹਾਵਰਿਆਂ ਤੇ ਕਾਵਿਕ ਸ਼ੇਅਰਾਂ ਦੀ ਵਰਤੋਂ ਕਰ ਕੇ ਉਹ ਆਪਣੇ ਬੋਲਾਂ ਨੂੰ ਏਨਾ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ ਕਿ ਸਰੋਤੇ ਮੰਤਰ-ਮੁਗਧ ਹੋਏ ਸੁਣਦੇ ਹਨ।”
ਪ੍ਰਿੰ: ਬਲਕਾਰ ਸਿੰਘ ਬਾਜਵਾ ਦੇ ਸ਼ਬਦ ਹਨ, ”ਪਾਂਧੀ ਦੀ ਸੰਗਤ ਮਾਣਦਿਆਂ ਸਮਝ ਲੱਗੀ ਕਿ ਉਹ ਤਾਂ ਪੀਰਾਂ ਦਾ ਪੀਰ ਹੈ, ਯਾਰਾਂ ਦਾ ਯਾਰ ਤੇ ਸਾਡੇ ਵਰਗੇ ਦੁਨਿਆਵੀ ਲੋਕਾਂ ਨਾਲ ਬੈਠਣ ਵੀ ਜਾਣਦਾ ਹੈ” ਅਤੇ ਕਹਾਣੀਕਾਰ ਜਰਨੈਲ ਸਿੰਘ ਦੀ ਲਿਖਤ ਅਨੁਸਾਰ, ”ਪਾਂਧੀ ਆਪਣੇ ਦੋਸਤਾਂ ਦੇ ਦੁੱਖ-ਸੁੱਖ ਵਿੱਚ ਉਹਨਾਂ ਦੇ ਨਾਲ ਖੜ੍ਹਣ ਵਾਲਾ ਪਰਉਪਕਾਰੀ ਤੇ ਰੰਗ ਰੱਤੜਾ ਜਿਉੜਾ ਹੈ।”
ਪੂਰਨ ਸਿੰਘ ਪਾਂਧੀ ਨਿਮਰਤਾ ਦਾ ਪੁੰਜ ਹੈ, ਅਨੇਕ ਗੁਣਾ ਦਾ ਧਾਰਨੀ ਹੈ; ਇਸ ਦੇ ਬਾਵਜੂਦ ਹੰਕਾਰ ਉਸਦੇ ਨੇੜੇ ਨਹੀਂ ਢੁੱਕਿਆ। ਸਮਾਜ ਦੇ ਹਰ ਖੇਤਰ ਵਿੱਚ ਆ ਰਹੇ ਨਿਘਾਰਾਂ ਪ੍ਰਤੀ ਪਾਂਧੀ ਚਿੰਤਾਤੁਰ ਹੈ ਅਤੇ ਵਿਰੋਧ ਵਿਚ ਵੀ। ਸਾਥੀ ਲੁਧਿਆਣਵੀ ਦੇ ਸ਼ਬਦਾਂ ਵਿੱਚ, ”ਪੂਰਨ ਸਿੰਘ ਪਾਂਧੀ ਆਪਣੇ ਧਰਮ ਵਿਚਲੀਆਂ ਕਮੀਆਂ ਕਮਜੋਰੀਆਂ, ਦਿਖਾਵੇ ਦੀਆਂ ਰੀਤਾਂ ਰਸਮਾਂ, ਕਰਾਮਾਤੀ ਤੇ ਮਿਥਿਹਾਸਕ ਕਹਾਣੀਆਂ, ਸ਼ੁੱਧ ਗੁਰਬਾਣੀ ਅਤੇ ਕੀਰਤਨ ਕਲਾ ਵਿੱਚ ਆਈ ਗਿਰਾਵਟ ਦਾ ਬੜੀ ਦਲੇਰੀ ਨਾਲ ਵਿਰੋਧ ਕਰਦੇ ਹਨ। ਸਿੱਖ ਧਰਮ ਵਿੱਚ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ, ਕੀਰਤਨੀਆਂ, ਢਾਡੀਆਂ, ਪ੍ਰਚਾਰਕਾਂ,ਪਾਠੀਆਂ, ਕਥਾ ਵਾਚਕਾਂ ਦਾ ਇਹਨਾਂ ਪਵਿੱਤਰ ਕਾਰਜਾਂ ਨੂੰ ਪੇਸ਼ਾ ਸਮਝਣਾ ਅਤੇ ਪੰਜਾਬੀ ਸਾਹਿਤ ਸਭਾਵਾਂ ਵਿੱਚ ਅਹੁਦੇਦਾਰੀ ਦੀ ਹਉਮੈ-ਹੰਕਾਰ ਤੇ ਨੀਵੀਂ ਪੱਧਰ ਦੀਆਂ ਗੱਲਾਂ ਪਾਂਧੀ ਨੂੰ ਦੁਖੀ ਕਰਦੀਆਂ ਹਨ।”
ਪਾਂਧੀ ਸਾਹਿਬ ਦੇ ਪਰਉਪਕਾਰੀ ਸੁਭਾਅ ਬਾਰੇ ਕ੍ਰਿਪਾਲ ਸਿੰਘ ਪੰਨੂ ਲਿਖਦੇ ਹਨ, ”ਇੱਕ ਵਾਰ ਉਸਨੂੰ ਪੈਸਿਆਾਂ ਦੀ ਲੋੜ ਆ ਪਈ ਤਾਂ ਪਾਂਧੀ ਅੱਜ ਦੇ ਬੇਇਤਬਾਰੀ ਯੁਗ ਵਿੱਚ ਅਜਿਹਾ ਸੂਰਮਾ ਨਿੱਤਰਿਆ ਜਿਸਨੇ ਝੱਟ ਕਹਿ ਦਿੱਤਾ, ”ਦੱਸੋ ਕਿੰਨੇ ਚਾਹੀਦੇ ਹਨ?” ਅਤੇ ਦਿੱਤੇ ਵੀ। ਉਹ ਫੋਨ ਚੁਕਦੇ ਸਾਰ ਵਿਸ਼ੇਸ਼ਣਾਂ, ਕਿਰਿਆ ਵਿਸ਼ੇਸ਼ਣਾਂ ਦੀ ਝੜੀ ਲਾ ਦਿੰਦਾ ਹੈ। ਸੁਣਨ ਵਾਲੇ ਨੂੰ ਰੂਹ ਤੱਕ ਅਹਿਸਾਸ ਕਰਵਾ ਦਿੰਦਾ ਹੈ ਕਿ ਉਸ ਦੀ ਅਵਾਜ਼ ਸੁਣ ਕੇ ਉਹ ਗਦ ਗਦ ਹੋ ਗਿਆ ਹੈ।” ਇਸੇ ਤਰ੍ਹਾਂ ਪ੍ਰੋ: ਜਗੀਰ ਸਿੰਘ ਕਾਹਲੋਂ ਆਖਦੇ ਹਨ: ”ਪਾਂਧੀ ਹੁਰੀਂ ਹਰ ਨਵੇਂ ਸਾਹਿਤਕਾਰ ਦੀ ਰਚਨਾ ਵਿੱਚ ਕੁੱਝ ਨਾ ਕੁੱਝ ਅਜਿਹਾ ਲੱਭ ਲੈਂਦੇ ਨੇ ਜੋ ਤਾਰੀਫ਼ ਦੇ ਕਾਬਲ ਹੋਵੇ, ਭਾਵ ਕਿ ਉਹ ਨਵੇਂ ਲਿਖਣ ਵਾਲੇ ਨੂੰ ਉਤਸ਼ਾਹ ਦੇਣੋਂ ਕਦੇ ਨਹੀਂ ਉਕਦੇ ਤੇ ਸੱਚੀ ਗੱਲ ਕਹਿਣੋ ਕਦੇ ਗੁਰੇਜ਼ ਵੀ ਨਹੀਂ ਕਰਦੇ।”
ਪੂਰਨ ਸਿੰਘ ਪਾਂਧੀ ਵਿੱਚ ਉਦਾਰਤਾ, ਇਮਾਨਦਾਰੀ ਅਤੇ ਇਖਲਾਕੀ ਉੱਚਤਾ ਦੇ ਗੁਣਾਂ ਦੀ ਵਡਿਆਈ ਸੁਰਜਨ ਸਿੰਘ ਜੀਰਵੀ ਜੀ ਇੰਜ ਕਰਦੇ ਹਨ: ”ਮੇਰੀ ਪਤਨੀ ਅੰਮ੍ਰਿਤ ਨੂੰ ਤਾਰਾਂ ਵਾਲਾਂ ਸਾਜ਼ ਦਿਲਰੁਬਾ ਸਿੱਖਣ ਦਾ ਸ਼ੌਕ ਜਾਗਿਆ। ਉਸ ਨੇ ਪਾਂਧੀ ਜੀ ਨੂੰ ਬੇਨਤੀ ਕੀਤੀ। ਉੱਨ੍ਹਾ ਆਪਣੀ ਅਸਮਰੱਥਾ ਦਿਖਾਈ ਪਰ ਨਾਲ ਹੀ ਇੱਕ ਹੋਰ ਮਾਹਰ ਨਾਲ ਰਾਬਤਾ ਕਰਵਾ ਦਿੱਤਾ। ਪਰ ਘਰ ਆ ਕੇ ਦਿਲਰੁਬਾ ਸਿਖਾਉਣ ਦੀ ਜੋ ਉਸ ਨੇ ਫੀਸ ਮੰਗੀ ਉਹ ਸਾਡੇ ਵਿੱਤ ਤੋਂ ਬਾਹਰ ਸੀ। ਪਰ ਪਾਂਧੀ ਜੀ ਨੇ ਕਿਹਾ ਕਿ ਜਿੰਨੀ ਤੁਸੀਂ ਦੇ ਸਕਦੇ ਹੋ ਉੰਨੀ ਹੀ ਦਿੰਦੇ ਰਹਿਣਾ। ਉਹ ਬਹੁਤ ਸਮਾਂ ਅੰਮ੍ਰਿਤ ਨੂੰ ਦਿਲਰੁਬਾ ਦੀ ਸਿਖਲਾਈ ਦਿੰਦਾ ਰਿਹਾ। ਸਾਨੂੰ ਬਹੁਤ ਚਿਰ ਪਿੱਛੋਂ ਪਤਾ ਲੱਗਾ ਕਿ ਫੀਸ ਦਾ ਬਾਕੀ ਦਾ ਹਿੱਸਾ ਪਾਂਧੀ ਜੀ ਆਪਣੇ ਪੱਲਿਓਂ ਦਿੰਦੇ ਰਹੇ। ਇਹ ਪਾਂਧੀ ਜੀ ਦੀ ਸ਼ਖਸੀਅਤ ਦਾ ਉਦਾਰਤਾ ਭਰਿਆ ਪੱਖ ਸੀ।” ਪਾਂਧੀ ਜੀ ਦੀ ਇਮਾਨਦਾਰੀ ਤੇ ਇਖਲਾਕੀ ਗੁਣਾਂ ਦੀ ਕਦਰ ਕਰਦਿਆਂ ਕਵੀਸ਼ਰ ਕਰਨੈਲ ਸਿੰਘ ਪਾਰਸ ਨੇ ਕਨੇਡਾ ਤੋਂ ਇੱਕ ਚਿੱਠੀ ਲਿਖੀ ਤੇ ਆਖਿਆ, ”ਪਾਂਧੀ ਅੱਜ ਤੋਂ ਮੈਂ ਤੈਨੂੰ ਰਾਮੂਵਾਲੇ ਦਾ ਸਭ ਤੋਂ ਵੱਧ ਸਿਆਣਾ, ਸਭ ਤੋਂ ਵੱਧ ਇਮਾਨਦਾਰ, ਜ਼ੁੱਮੇਦਾਰ ਤੇ ਵਿਦਵਾਨ ਸਮਝਦਿਆਂ ਰਾਮੂਵਾਲੇ ਵਿੱਚ ਆਪਣਾ ਖਜ਼ਾਨਚੀ ਥਾਪ ਦਿੱਤਾ ਹੈ” ਇਸ ਤਰ੍ਹਾਂ ਪਾਰਸ ਵੱਲੋਂ ਸਮੇ ਸਮੇ ਸਿਰ ਕਨੇਡਾ ਤੋਂ ਲੱਖਾਂ ਰੁਪਏ ਪਾਂਧੀ ਜੀ ਨੂੰ ਭੇਜੇ ਜਾਂਦੇ ਰਹੇ ਅਤੇ ਪਾਂਧੀ ਦੁਆਰਾ ਨਗਰ ਦੇ ਵਿਕਾਸ ਕਾਰਜਾਂ ਵਿਚ ਖਰਚ ਕੀਤੇ ਜਾਂਦੇ ਰਹੇ।
ਪਾਂਧੀ ਜੀ ਦੇ ਜੀਵਨ ਵਿਚ ਬਹੁਤ ਉਤਰਾਅ ਚੜ੍ਹਾਅ ਆਏ ਹਨ। ਆਪਣੇ ਘਰ ਤੋਂ ਕੋਈ ਦੋ ਸੌ ਮੀਲ ਦੂਰ ਹਰਿਆਣੇ ਵਿੱਚ ਉਸ ਦੀ ਮੁੱਢਲੀ ਨਿਯੁਕਤੀ ਹੋਈ। ਨਿਰੋਲ ਹਿੰਦੀ ਏਰੀਆ। ਇੱਥੇ ਉਸ ਨੇ ਨਿੱਠ ਕੇ ਹਿੰਦੀ ਦਾ ਅਧਿਐਨ ਕੀਤਾ। ਰਤਨ, ਭੂਸ਼ਨ, ਪ੍ਰਭਾਕਰ ਤੇ ਹੋਰ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। ਫਿਰ ਕਾਂਗਰਸੀ ਸਰਕਾਰ ਦੇ ਧੱਕੇ ਦਾ ਸ਼ਿਕਾਰ ਹੋਇਆ, ਪਾਕਸਤਾਨ ਦੇ ਬਾਰਡਰ ‘ਤੇ ਬਦਲੀ ਹੋਈ, ਝੁੱਗੀਆਂ ਵਿੱਚ ਗੁਜ਼ਾਰਾ ਕੀਤਾ, ਸਕੂਲ ਦੀ ਇਮਾਨਦਾਰੀ ਨਾਲ਼ ਡਿਉਟੀ ਕੀਤੀ।
ਪਾਂਧੀ ਜੀ ਇੱਕ ਦਰਜਣ ਕਿਤਾਬਾਂ ਦੇ ਕਰਤਾ ਹਨ। ਆਪਣੇ ਪਿੰਡ ਬਾਰੇ ”ਤੇਰੀਆਂ ਗੱਲਾਂ ਤੇਰੇ ਨਾਲ” ਕਿਤਾਬ ਵਿਚ ਰਾਮੂਵਾਲਾ ਕਲਾਂ ਦੇ ਵੱਖ ਵੱਖ ਕਿੱਤਿਆਂ ਨਾਲ਼ ਸਬੰਧਤ ਪੰਜਾਬ ਦੇ ਪੇਂਡੂ ਸਭਿੱਆਚਾਰ ਦੀ ਹਕੀਕੀ ਤਸਵੀਰ ਦਾ ਬਹੁਤ ਭਾਵਪੂਰਤ ਤੇ ਢੁਕਵਾਂ ਵਰਣਨ ਕੀਤਾ ਹੈ। ਸਵ: ਪਤਨੀ ਰਣਜੀਤ ਕੌਰ ਦੁਆਰਾ ਪਰਵਾਰ ਲਈ ਜੋਖਮ ਭਰੇ ਕੀਤੇ ਪਰਉਪਕਾਰਾਂ ਬਾਰੇ ਜਾਣਕਾਰੀ ਮਿਲਦੀ ਹੈ। ਪਾਂਧੀ ਜੀ ਦੇ ਹੋਣਹਾਰ ਬੇਟੇ ਨਵਤੇਜ ਬਾਰੇ ਪੰਨੂ ਸਾਹਿਬ ਬਹੁਤ ਠੀਕ ਆਖਦੇ ਹਨ, ”ਨਵਤੇਜ ਅਜਿਹਾ ਨੌਜਵਾਨ ਹੈ ਜੋ ਆਪਣੀ ਪਿਆਰੀ, ਸਚਿਆਰੀ ਤੇ ਸਲੀਕੇ ਭਰੀ ਗਲ ਕਥ ਦੁਆਰਾ ਹਰ ਮਹਿਫਲ ਤੇ ਸਭਾ ਸੁਸਾਇਟੀ ਦਾ ਪਿਆਰ ਸਤਿਕਾਰ ਲੁੱਟ ਕੇ ਲੈ ਜਾਂਦਾ ਹੈ”। ਪਾਂਧੀ ਜੀ ਦੇ ਜਿਗਰੀ ਦੋਸਤ ਗੁਰਦੇਵ ਸਿੰਘ ਮਾਨ ਪਾਂਧੀ ਜੀ ਨੂੰ ਆਪਣੇ ਸੱਜਨ ਮੀਤ ਮੁਰਾਰੇ ਦਸਦੇ ਹੋਏ ਉਸਦੀ ਸ਼ਖਸੀਅਤ ਬਾਰੇ ਲਿਖਦੇ ਹਨ, ”ਪਾਂਧੀ ਜੀ ਬੁੱਧੀਮਾਨ ਵਿਅਕਤੀ, ਕਲਾਸੀਕਲ ਕੀਰਤਨ ਕਲਾ ਦੇ ਮਾਹਰ, ਭਾਸ਼ਾ ਵਿਗਿਆਨੀ, ਅਧਿਆਪਕ, ਲੇਖਕ , ਪਰਭਾਵਸ਼ਾਲੀ ਬੁਲਾਰੇ, ਨਿਮਰਤਾ ਦੇ ਪੁੰਜ ਤੇ ਸੁਚੱਜੀ, ਸਚਿਆਰੀ ਤੇ ਸੁਲ੍ਹਝੀ ਜੀਵਨ-ਸ਼ੈਲੀ ਦੇ ਮਾਲਕ ਹਨ।” ਇਸ ਅਭਿਨੰਦਨ ਗ੍ਰੰਥ ਵਿਚ ਜਿਸ ਮੋਹ, ਮਾਣ ਤੇ ਸਤਿਕਾਰੀ ਭਾਵਨਾ ਦੁਆਰਾ ਵੱਖ ਵੱਖ ਵਿਦਵਾਨ ਲੇਖਕਾਂ ਨੇ ਪਾਂਧੀ ਜੀ ਦੀ ਬਹੁ ਪੱਖੀ ਪ੍ਰਤਿਭਾ, ਵਿਲੱਖਣ ਤੇ ਕਰਮਸ਼ੀਲ ਸ਼ਖਸੀਅਤ ਦੇ ਜੀਵਨ ਚਰਿੱਤਰ ਦੀਆਂ ਖੂਬੀਆਂ ਤੇ ਗੁਣਾਂ ਦੇ ਪਾਠਕਾਂ ਨੂੰ ਦਰਸ਼ਨ ਕਰਾਏ ਹਨ, ਇਸ ਦੀ ਡਾਹਡੀ ਲੋੜ ਸੀ। ਠੀਕ ਅਰਥਾਂ ਵਿਚ ਇਹ ਪੁਸਤਕ ਮੇਰੇ ਵਰਗਿਆਂ ਦਾ ਮਾਰਗ ਦਰਸ਼ਨ ਕਰੇਗੀ ਅਤੇ ਪ੍ਰੇਰਨਾ ਦਾ ਸੋਮਾ ਬਣੇਗੀ।
ਮੈ ਇਸ ਅਭਿਨੰਦਨ ਗ੍ਰੰਥ ਦੇ ਸੰਪਾਦਕ ਪ੍ਰਿੰਸੀਪਲ ਸਰਵਣ ਸਿੰਘ ਦੇ ਇਸ ਬੇਜੋੜ ਉੱਦਮ ਦੀ ਤਨੋ ਮਨੋਂ ਸਰਾਹਨਾ ਕਰਦਾ, ਵਡਿਆਈ ਤੇ ਪਰਸੰਸਾ ਕਰਦਾ, ਪੁਸਤਕ ਨੂੰ ਜੀ ਆਇਆਂ ਆਖਦਾ ਹਾਂ ਅਤੇ ਪੂਰਨ ਸਿੰਘ ਪਾਂਧੀ ਜੀ ਨੂੰ ਹਾਰਦਿਕ ਮੁਬਾਰਕਬਾਦ ਅਰਪਨ ਕਰਦਾ ਹਾਂ। ਇਸ ਦੇ ਨਾਲ ਹੀ ਮੈ ”ਪੰਜਾਬੀ ਸਭਿਆਚਾਰ ਮੰਚ” ਦੇ ਸੁਘੜ, ਸੁਜਾਨ, ਵਿਦਵਾਨ ਪ੍ਰਬਧੰਕਾਂ ਦੀ ਵੀ ਪਰਸੰਸਾ ਕਰਦਾ ਹਾਂ, ਜਿੰਨ੍ਹਾਂ ਇਸ ਅਭਿਨੰਦਨ ਗ੍ਰੰਥ ਦਾ ਅਤੇ ਪਾਂਧੀ ਜੀ ਦਾ ਸਨਮਾਨ-ਸਤਿਕਾਰ ਕਰਨ ਦਾ ਉੱਦਮ ਕੀਤਾ ਹੈ। ਵਿਦਵਾਨਾਂ ਦੀ ਇਸ ਤਰ੍ਹਾਂ ਕਦਰ ਕਰਨ ਤੇ ਸਨਮਾਨ ਕਰਨ ਦੀ ਪਿਰਤ ਪਾਉਣ ਲਈ ਇਹ ਸੰਸਥਾ ਵੱਡੀ ਵਡਿਆਈ ਤੇ ਪਰਸੰਸ਼ਾ ਦੀ ਹੱਕਦਾਰ ਹੈ।