Breaking News
Home / ਨਜ਼ਰੀਆ / ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਵਿਚਾਰਧਾਰਾ ਅਤੇ ਹੋਰ ਦਿਲਚਸਪ ਪਹਿਲੂਆਂ ‘ਤੇ ਇੱਕ ਝਾਤ

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਵਿਚਾਰਧਾਰਾ ਅਤੇ ਹੋਰ ਦਿਲਚਸਪ ਪਹਿਲੂਆਂ ‘ਤੇ ਇੱਕ ਝਾਤ

ਗੁਲਾਮ ਇਨਸਾਨ ਨਹੀਂ ਸੋਚ ਹੁੰਦੀ ਹੈ
ਨਾਹਰ ਸਿੰਘ ਔਜਲਾ
(416-728-5686)
”ਇਨਕਲਾਬ ਇਕ ਅਜਿਹਾ ਕ੍ਰਸ਼ਿਮਾ ਹੈ, ਜਿਸ ਨੂੰ ਕੁਦਰਤ ਵੀ ਪਿਆਰ ਕਰਦੀ ਹੈ, ਜਿਸ ਦੇ ਵਗੈਰ ਕੋਈ ਉਨਤੀ ਨਹੀਂ ਹੋ ਸਕਦੀ, ਨਾ ਹੀ ਕੁਦਰਤ ਵਿਚ ਤੇ ਨਾ ਹੀ ਇਨਸਾਨੀ ਕਾਰੋਬਾਰ ਵਿਚ। ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਅਤੇ ਕੌਮਾਂ ਹੱਥੋਂ ਕੌਮਾਂ ਦੀ ਲੁੱਟ ਦਾ ਖਾਤਮਾ ਨਾ ਕੀਤਾ ਗਿਆ ਤਾਂ ਮਨੁੱਖਤਾ ਦੇ ਸਿਰ ਉੱਤੇ ਮੰਡਲਾ ਰਹੇ ਦੁਖਾਂਤ ਅਤੇ ਖੂਨ ਖਰਾਬੇ ਨੂੰ ਨਹੀਂ ਰੋਕਿਆ ਜਾ ਸਕੇਗਾ। ਜੰਗ ਦਾ ਅੰਤ ਕਰਨ ਅਤੇ ਸੰਸਾਰ ਅਮਨ ਦਾ ਮੁੱਢ ਬੰਨਣ ਦੀਆਂ ਸਾਰੀਆਂ ਗੱਲਾਂ ਪਾਖੰਡ ਤੋਂ ਬਿਨਾਂ ਕੁਝ ਨਹੀਂ ਹਨ। ਮਨੁੱਖੀ ਭਾਈਚਾਰੇ ਦਾ ਅਸੂਲ ਮੰਗ ਕਰਦਾ ਹੈ ਕਿ ਇਕ ਆਦਮੀ ਹੱਥੋਂ ਦੂਜੇ ਆਦਮੀ ਅਤੇ ਇਕ ਕੌਮ ਹੱਥੋਂ ਦੂਜੀ ਕੌਮ ਦੀ ਲੁੱਟ-ਖਸੁੱਟ ਦਾ ਅੰਤ ਕਰ ਦਿੱਤਾ ਜਾਵੇ, ਕਿਸੇ ਵੀ ਕਿਸਮ ਦੇ ਵਿਤਕਰੇ ਤੋਂ ਬਗੈਰ ਹਰ ਇਕ ਨੂੰ ਤਰੱਕੀ ਦੇ ਇਕੋ ਜਿਹੇ ਮੌਕੇ ਦਿਤੇ ਜਾਣ। ਜਿਹੜੇ ਅਜ਼ਾਦ ਹਵਾ ‘ਚ ਸਾਹ ਲੈਣ ਦੇ ਚਾਹਵਾਨ ਹਨ, ਉਹਨਾਂ ਨੂੰ ਪਹਿਲਾਂ ਖੁਦ ਹੀ ਰਣ ਖੇਤਰ ਦੀ ਜਵਾਲਾ ਵਿਚ ਕੁੱਦਣਾ ਪੈਂਦਾ ਹੈ। ਨੌਜਵਾਨੋਂ, ਜਾਗੋ! ਉੱਠੋ ! ਸਾਨੂੰ ਸੁੱਤਿਆਂ ਨੂੰ ਯੁੱਗ ਬੀਤ ਚੁੱਕੇ ਹਨ।” (ਭਗਤ ਸਿੰਘ ਦੀਆਂ ਲਿਖਤਾਂ ‘ਚੋਂ)
23 ਮਾਰਚ ਦੇ ਸ਼ਹੀਦੀ ਦਿਨ ਤੇ ਬਹੁਤੀ ਵਾਰੀ ਸ: ਭਗਤ ਸਿੰਘ ਦੇ ਵਿਚਾਧਾਰਕ ਨਜ਼ਰੀਏ ਬਾਰੇ ਹੀ ਗੱਲ-ਬਾਤ ਕੀਤੀ ਜਾਂਦੀ ਹੈ ਜਾਂ ਫਿਰ ਕੁਝ ਲੋਕਾਂ ਵਲੋਂ ਉਸਦੀ ਪਿਸਤੌਲ ਵਾਲੀ ਫੋਟੋ ਲਾ ਕੇ ਉਸਦੀ ਬਹਾਦਰੀ ਦੇ ਚਰਚੇ ਕੀਤੇ ਜਾਂਦੇ ਹਨ। ਇਸ ਆਰਟੀਕਲ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਦੀ ਆਮ ਜ਼ਿੰਦਗੀ ਬਾਰੇ ਵੀ ਬਾਰੇ ਕੁਝ ਚਾਨਣਾ ਪਾਇਆ ਜਾ ਸਕੇ। ਇਤਿਹਾਸ ਗਵਾਹ ਹੈ ਕਿ ਬਹੁਤੀ ਵਾਰ ਇਹੋ ਜਿਹੇ ਮਹਾਨ ਸ਼ਹੀਦਾ ਨੂੰ ਇਤਿਹਾਸਕਾਰ, ਲੇਖਕ, ਗੀਤਕਾਰ ਦੇਵਤੇ ਹੀ ਬਣਾ ਕੇ ਪੇਸ਼ ਕਰ ਦਿੰਦੇ ਹਨ ਤੇ ਬਹੁਤੇ ਲੋਕ ਉਹਨਾਂ ਦੇ ਵਿਚਾਰਾਂ ‘ਤੇ ਅਮਲ ਕਰਨ ਦੀ ਵਜਾਏ ਉਲਟਾ ਪੂਜਣਾ ਹੀ ਸ਼ੁਰੂ ਕਰ ਦਿੰਦੇ ਹਨ, ਜਦੋਂ ਕਿ ਉਹ ਹੋਰ ਇਨਸਾਨਾ ਵਾਂਗ ਹੀ ਹੁੰਦੇ ਹਨ। ਉਹਨਾਂ ‘ਚ ਕੁਝ ਵਿਸ਼ੇਸ਼ ਗੁਣ ਜ਼ਰੂਰ ਹੁੰਦੇ ਹਨ। ਜਿਵੇਂ ਭਗਤ ਸਿੰਘ ਹੋਰਾਂ ਦਾ ਸਾਥੀ ਸ਼ਿਵ ਵਰਮਾ ਲਿਖਦਾ ਹੈ, ”ਇਨ੍ਹਾਂ ਸਾਥੀਆਂ ਵਿਚ ਨਾ ਤਾਂ ਕਿਸੇ ਤਰ੍ਹਾਂ ਢੌਂਗ ਅਤੇ ਬਨਾਵਟੀਪੁਣਾ ਸੀ ਅਤੇ ਨਾ ਹੀ ਮੌਕਾਪ੍ਰਸਤੀ। ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਜਾਂ ਮੁਕਾਬਲਾ ਤਾਂ ਉਨ੍ਹਾਂ ਵਿਚ ਵੀ ਸੀ ਪਰੰਤੂ ਨੇਤਾਗਿਰੀ, ਅਹੁਦੇ, ਮਾਨ-ਸਨਮਾਨ ਦੀ ਖਾਤਰ ਨਹੀਂ। ਆਪਣੇ ਸਾਥੀ ਨੂੰ ਸੁੱਟ ਕੇ ਅੱਗੇ ਵਧਣ ਦੀ ਨਹੀਂ। ਉਨ੍ਹਾਂ ਵਿਚਕਾਰ ਦੌੜ ਸੀ ਆਦਰਸ਼ ਖਾਤਰ ਅੱਗੇ ਵੱਧ ਕੇ ਮੌਤ ਨੂੰ ਲਲਕਾਰਨ ਲਈ, ਕੁਰਬਾਨੀ ਦੀ ਪਰੰਪਰਾ ਨੂੰ ਕਾਇਮ ਰੱਖਣ ਲਈ ਕੌਣ ਪਹਿਲਾਂ ਆਪਣੇ-ਆਪ ਨੂੰ ਮਿਟਾਉਂਦਾ ਹੈ, ਕੁਰਬਾਨ ਕਰ ਦਿੰਦਾ ਹੈ। ਲਾਹੌਰ ਦੀ ਭੁੱਖ ਹੜਤਾਲ ਵੇਲੇ ਜਦੋਂ ਇਕ ਹਫਤੇ ਦੇ ਅੰਦਰ ਹੀ ਇਹ ਪਤਾ ਲੱਗ ਗਿਆ ਕਿ ਬਿਨਾਂ ਕੋਈ ਬਲੀ ਲਏ ਸਰਕਾਰ ਸਾਡੀਆਂ ਮੰਗਾਂ ਤੇ ਵਿਚਾਰ ਨਹੀਂ ਕਰੇਗੀ ਤਾਂ ਸਾਰੇ ਸਾਥੀਆਂ ਵਿਚ ਪਹਿਲਾਂ ਮਰਨ ਦੀ ਦੌੜ ਜਿਹੀ ਲੱਗ ਗਈ ਸੀ। ਉਸ ਮੁਕਾਬਲੇ ਵਿਚ ਬਾਜ਼ੀ ਜਤਿੰਦਰਨਾਥ ਦਾਸ ਦੇ ਹੱਥ ਲੱਗੀ।”
ਸ: ਭਗਤ ਸਿੰਘ ਨੇ ਜੇਲ੍ਹ ਵਿੱਚ ਹੀ ਬਹੁਤ ਸਾਰਾ ਲਿਟਰੇਚਰ ਪੜ੍ਹਿਆ ਤੇ ਆਪਣੀ ਜੇਲ੍ਹ ਡਾਇਰੀ ‘ਚ ਉਸਦੇ ਨੋਟ ਵੀ ਤਿਆਰ ਕੀਤੇ। ਇਹ ਡਾਇਰੀ ਜੋ ਭਗਤ ਸਿੰਘ ਨੂੰ ਫਾਂਸੀ ਲੱਗਣ ਤੋਂ ਬਾਅਦ ਉਸਦੇ ਭਰਾ ਕੁਲਬੀਰ ਸਿੰਘ ਨੂੰ ਹੋਰ ਸਮਾਨ ਸਮੇਤ ਸੌਂਪ ਦਿੱਤੀ ਗਈ ਸੀ। ‘ਸ਼ਹੀਦੇ ਆਜ਼ਮ ਦੀ ਜੇਲ੍ਹ ਡਾਇਰੀ’ ਕਿਤਾਬ ਦੇ ਲੇਖਕ (ਸੱਤਿਅਮ ਵਰਮਾ) ਦੇ ਅਨੁਸਾਰ ਇਹ ਜੇਲ੍ਹ ਡਾਇਰੀ 1980 ਤੋਂ ਬਾਅਦ ਹੀ ਸਾਹਮਣੇ ਆ ਸਕੀ। ਇਸ ਡਾਇਰੀ ਵਿਚ ਭਗਤ ਸਿੰਘ ਲਿਖਦਾ ਹੈ ”ਇਨਕਲਾਬ ਮਿਹਨਤੀ ਵਿਚਾਰਕਾਂ ਅਤੇ ਮਿਹਨਤੀ ਕਾਰਕੁੰਨਾਂ ਦੀ ਪੈਦਾਇਸ਼ ਹੁੰਦਾ ਹੈ। ਬਦਕਿਸਮਤੀ ਨੂੰ ਭਾਰਤੀ ਇਨਕਲਾਬ ਦਾ ਬੌਧਿਕ ਪੱਖ ਹਮੇਸ਼ਾ ਕਮਜ਼ੋਰ ਰਿਹਾ ਹੈ। ਇਸ ਲਈ ਇਨਕਲਾਬ ਦੀਆਂ ਜਰੂਰੀ ਗੱਲਾਂ ਅਤੇ ਕੀਤੇ ਗਏ ਕਾਰਜ ਦੇ ਪ੍ਰਭਾਵ ਵੱਲੀਂ ਧਿਆਨ ਨਹੀਂ ਦਿੱਤਾ ਗਿਆ। ਇਸ ਵਾਸਤੇ ਇੱਕ ਇਨਕਲਾਬੀ ਨੂੰ ਅਧਿਐਨ ਅਤੇ ਚਿੰਤਨ ਨੂੰ ਆਪਣੀ ਪਵਿੱਤਰ ਜ਼ਿੰਮੇਵਾਰੀ ਬਣਾ ਲੈਣਾ ਚਾਹੀਦਾ ਹੈ।” ਸ਼ਿਵ ਵਰਮਾ ਦੇ ਅਨੁਸਾਰ ਸ: ਭਗਤ ਸਿੰਘ ਆਪਣੇ ਸਾਥੀਆਂ ਨੂੰ ਇਹ ਗੱਲ ਆਮ ਹੀ ਕਹਿੰਦੇ ਸਨ ”ਸੰਘਰਸ ਦੇ ਉਤਰਾਅ ਚੜਾਅ ਦੌਰਾਨ ਔਕੜਾਂ ਭਰੇ ਹਲਾਤਾਂ ਵਿਚ ਕਈ ਵਾਰ ਐਦਾਂ ਦੇ ਮੌਕੇ ਵੀ ਆਉਂਦੇ ਹਨ ਜਦੋਂ ਇਕ ਇਕ ਕਰਕੇ ਸਾਰੇ ਹਮਰਾਹੀ ਵਿਛੜ ਜਾਂਦੇ ਹਨ। ਉਸ ਵੇਲੇ ਵਿਅਕਤੀ ਹਮਦਰਦੀ ਦੇ ਦੋ ਸ਼ਬਦਾਂ ਲਈ ਤਰਸ ਉੱਠਦਾ ਹੈ। ਐਦਾਂ ਦੇ ਮੌਕਿਆ ‘ਤੇ ਬੇਚੈਨ ਨਾ ਹੁੰਦਿਆਂ ਜੋ ਲੋਕ ਆਪਣਾ ਰਾਹ ਨਹੀਂ ਛੱਡਦੇ, ਇਮਾਰਤ ਦੇ ਭਾਰ ਨਾਲ ਜਿਹਨਾਂ ਦੇ ਪੈਰ ਨਹੀਂ ਲੜਖੜਾਉਂਦੇ, ਕੰਧੇ ਨਹੀਂ ਝੁੱਕਦੇ, ਜੋ ਤਿਲ-ਤਿਲ ਕਰ ਕੇ ਆਪਣੇ ਆਪ ਨੂੰ ਇਸ ਖਾਤਰ ਗਾਲ੍ਹਦੇ, ਜਲਾਉਂਦੇ ਰਹਿੰਦੇ ਹਨ ਕਿ ਦੀਵੇ ਦੀ ਜੋਤ ਧੀਮੀ ਨਾ ਪੈ ਜਾਵੇ, ਸੁੰਨਸਾਨ ਰਾਹਾਂ ਤੇ ਹਨ੍ਹੇਰਾ ਨਾ ਛਾ ਜਾਵੇ। ਏਦਾਂ ਦੇ ਲੋਕ ਮੇਰੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ।”
ਇਹ ਸਾਰੇ ਸਾਥੀ ਇਕ ਦੂਜੇ ਨੂੰ ਬਹੁਤ ਮਜਾਕ ਕਰਦੇ ਰਹਿੰਦੇ ਸਨ। ਸ਼ਿਵ ਵਰਮਾ ਆਪਣੀ ਕਿਤਾਬ ‘ਸ਼ਹੀਦਾਂ ਦੇ ਅੰਗ ਸੰਗ’ ‘ਚ ਲਿਖਦੇ ਹਨ ” ਸੁਖਦੇਵ ਦਾ ਪਾਰਟੀ ਨਾਂ ਵਿਲੇਜ਼ਰ ਸੀ, ਤੇ ਉਹ ਛੋਟੀਆਂ- ਛੋਟੀਆਂ ਗੱਲਾਂ ‘ਤੇ ਠਹਾਕਾ ਮਾਰ ਕੇ ਹੱਸ ਪੈਂਦਾ ਸੀ। ਕਦੇ ਕਦੇ ਜੇ ਦੂਸਰਾ ਉਸ ਦੇ ਹਾਸੇ ਵਿੱਚ ਸਾਥ ਨਾ ਵੀ ਦੇਵੇ ਤਾਂ ਵੀ ਉਹ ਹੱਸਦਾ-ਹੱਸਦਾ ਲੋਟ-ਪੋਟ ਹੋ ਜਾਂਦਾ ਸੀ। ਉਸ ਨੇ ਇਸ ਹਾਸੇ ਦਾ ਪਹਿਲਾ ਪ੍ਰਦਰਸ਼ਨ ਮੇਰੇ ਪਾਰਟੀ ਨਾਂ ਉੱਪਰ ਕੀਤਾ। ਮੇਰਾ ਪਾਰਟੀ ਨਾਂ ”ਪ੍ਰਭਾਤ” ਸੀ। ਇਹ ਨਾਂ ਸੁਣਦੇ ਹੀ ਉਹ ਹੱਸ ਪਿਆ ਅਤੇ ਇੰਨਾ ਹੱਸਿਆ ਕਿ ਸਾਹੋ-ਸਾਹ ਹੋ ਗਿਆ। ਜਦੋਂ ਉਸ ਦਾ ਹਾਸਾ ਕੁਝ ਘੱਟ ਹੋਇਆ ਤਾਂ ਮੈਂ ਪੁੱਛਿਆ, ਆਖਰ ਇਸ ਵਿਚ ਐਨੀ ਹੱਸਣ ਵਾਲੀ ਕਿਹੜੀ ਗੱਲ ਸੀ” ਕਹਿਣ ਲੱਗਿਆ ”ਸਾਲੇ ਕੰਮ ਕਰੇਂਗਾ ਇਨਕਲਾਬੀਆਂ ਦਾ ਅਤੇ ਨਾਂ ਰੱਖੇਗਾ ਕਵੀਆਂ ਵਰਗਾ। ਕੋਈ ਕਵਿਤਾ ਸੁਣਾਉਣ ਦੀ ਫਰਮਾਇਸ਼ ਕਰ ਬੈਠਿਆ ਤਾਂ ਕੱਛਾਂ ਵਿੱਚ ਮੂੰਹ ਤੁੰਨਦਾ ਫਿਰੇਂਗਾ। ਰਾਮ ਪ੍ਰਸਾਦ, ਸਿਆਮ ਨਰਾਇਣ, ਲਲਤਾ ਪ੍ਰਸਾਦ ਇਹ ਸਾਰੇ ਨਾਂ ਕੀ ਮੁੱਕ ਗਏ ਸੀ? ਇੰਨਾਂ ਕਹਿ ਕੇ ਉਹ ਫਿਰ ਲੋਟ-ਪੋਟ ਹੋਣ ਲੱਗ ਪਿਆ। ਮੈਂ ਕਿਹਾ ”ਇਹ ਤਾਂ ਪਾਰਟੀ ਦੇ ਅੰਦਰ ਦਾ ਨਾਂ ਹੈ, ਬਾਹਰ ਦਾ ਨਾਂ ਤਾਂ ਪ੍ਰਾਣ ਨਾਥ ਹੈ।” ਕਹਿਣ ਲੱਗਿਆ ”ਕਿਸੇ ਲੜਕੀ ਨਾਲ ਵਾਹ ਪੈ ਗਿਆ ਤਾਂ ਨਾਂ ਲੈਣ ਦੀ ਬਜਾਏ ਪ੍ਰਾਣ ਨਾਥ ਜੀ ਨਾਲ ਚੱਪਲਾਂ ਨਾਲ ਗੱਲ ਕਰੂਗੀ। ਤੈਨੂੰ ਪ੍ਰਾਣ ਨਾਥ ਕਹਿਣ ਦੀ ਬਜਾਏ ਮੈਂ ਆਪਣੇ -ਆਪ ਨੂੰ ਗੋਲੀ ਮਾਰ ਲੈਣਾ ਪਸੰਦ ਕਰੂੰਗਾ।” ਸ਼ਿਵ ਵਰਮਾ ਹੋਰ ਲਿਖਦੇ ਹਨ ਕਿ ”ਉਸ ਨੂੰ ਮੱਕੀ ਦੀਆਂ ਛੱਲੀਆਂ ਬਹੁਤ ਪਸੰਦ ਸਨ। ਹਰ ਰੋਜ਼ ਰਸਤੇ ਚਲਦੇ ਤਿੰਨ-ਚਾਰ ਭੁੰਨੀਆਂ ਹੋਈਆਂ ਛੱਲੀਆਂ ਆਪਣੀ ਕੱਛ ਵਿਚ ਦਬਾ ਲੈਂਦਾ ਅਤੇ ਇਕ ਨੂੰ ਦੋਨਾਂ ਹੱਥਾਂ ਨਾਲ ਫੜ ਕੇ ਦੰਦਾਂ ਨਾਲ ਖ਼ਾਂਦਾ ਹੋਇਆ ਚੱਲਦਾ। ਰਸਤੇ ‘ਚ ਚਲਦੇ ਅਗਰ ਕੋਈ ਜਾਣ-ਪਹਿਚਾਣ ਵਾਲਾ ਮਿਲ ਗਿਆ ਤਾਂ ਬਿਨਾਂ ਸੰਕੋਚ ਦੇ ਇਕ ਉਸਨੂੰ ਨੂੰ ਵੀ ਫੜਾ ਦਿੰਦਾ। ਅੱਗੋਂ ਨਾਂਹ ਕਹਿਣ ਦਾ ਮਤਲਬ ਹੁੰਦਾ ਉਸ ਤੋਂ ਗਾਲ੍ਹ ਖਾਣੀ।
ਨਿੱਜੀ ਤੌਰ ‘ਤੇ ਉਸ ਨੂੰ ਸਭ ਤੋਂ ਵੱਧ ਪਿਆਰ ਭਗਤ ਸਿੰਘ ਨਾਲ ਸੀ। ਮੌਕਾ ਆਉਣ ‘ਤੇ ਆਦਰਸ਼ ਖਾਤਰ ਆਪਣੇ ਇਸ ਸਭ ਤੋਂ ਪਿਆਰੇ ਦੋਸਤ ਨੂੰ ਵੀ ਮੌਤ ਦੇ ਮੂੰਹ ਵਿਚ ਭੇਜਣ ਲੱਗਿਆ ਉਸ ਨੂੰ ਸੰਕੋਚ ਨਾ ਹੋਇਆ। ਉਸ ਦਿਨ ਦੀ ਘਟਨਾ (ਇਸ਼ਾਰਾ ਅਸੈਂਬਲੀ ਬੰਬ ਕੇਸ ਦੇ ਐਕਸ਼ਨ ਵੱਲ ਸੀ) ਨੇ ਮੇਰੀ ਰੂਹਾਨੀ ਜ਼ਿੰਦਗੀ ਵਿਚ ਜਲਜ਼ਲਾ ਪੈਦਾ ਕਰ ਦਿੱਤਾ। ਦੁਨੀਆਂ ਸੁੰਨਸਾਨ ਨਜ਼ਰ ਆਉਂਣ ਲੱਗੀ, ਜੋ ਮੇਰਾ ਸੀ ਉਹ ਚਲਿਆ ਗਿਆ ਜੋ ਰਹਿ ਗਿਆ ਉਹ ਕੰਮ ਹੈ। ਸੁਖਦੇਵ ਨੂੰ ਇਨਕਲਾਬੀਆਂ ਦੇ ਨਿਸ਼ਾਨੇ ਦੀ ਸਫਲਤਾ ਉੱਪਰ ਜਿੰਨਾਂ ਅਡੋਲ ਵਿਸ਼ਵਾਸ ਸੀ ਉਸ ਦਾ ਪ੍ਰਮਾਣ ਫਾਸੀ ਤੋਂ ਕੁਝ ਹੀ ਦਿਨ ਪਹਿਲਾਂ ਉਸ ਵਲੋਂ ਗਾਂਧੀ ਜੀ ਦੇ ਨਾਂਅ ਲਿਖੀ ਉਸ ਦੀ ਚਿੱਠੀ ਹੈ, ਜਿਸ ਦਾ ਇਕ ਛੋਟਾ ਜਿਹਾ ਹਿੱਸਾ ਇੱਥੇ ਲਿਖ ਰਹੇਂ ਹਾਂ, ”ਇਨਕਲਾਬੀਆਂ ਦਾ ਨਿਸ਼ਾਨਾ ਇਸ ਦੇਸ਼ ਵਿਚ ਸਮਾਜਵਾਦੀ ਜਮਹੂਰੀ ਪ੍ਰਬੰਧ ਕਰਨਾ ਹੈ। ਇਸ ਨਿਸ਼ਾਨੇ ਵਿਚ ਤਬਦੀਲੀ ਦੀ ਜ਼ਰਾ ਜਿੰਨੀ ਵੀ ਗੁੰਜਾਇਸ਼ ਨਹੀਂ ਹੈ।”
ਰਾਜਗੁਰੂ ਬਨਾਰਸ ਦੇ ਇਕ ਮਿਊਂਸਪਲ ਸਕੂਲ ਵਿਚ ਡਰਿਲ ਮਾਸਟਰ ਸਨ। ਸਕੂਲ ਦੇ ਕੰਮ ਤੋਂ ਫੁਰਸਤ ਮਿਲਣ ਤੇ ਉਹ ਦੋਨੋਂ ਵੇਲੇ ਅਖਾੜੇ ਵਿਚ ਲਾਠੀ, ਗਤਕਾ ਆਦਿ ਦੀ ਸਿੱਖਿਆ ਦਿੰਦੇ ਸਨ। ਲਾਠੀ ਮਾਸਟਰ ਅਤੇ ਉਹ ਵੀ ਅਖਾੜੇ ਦੇ। ਸ਼ਿਵ ਵਰਮਾ ਰਾਜਗੁਰੂ ਬਾਰੇ ਲਿਖਦੇ ਹਨ ” ਸਾਡੇ ਵਿਚ ਆਉਣ ਤੋਂ ਬਾਅਦ ਉਸ ਨੂੰ ਤਕਰੀਬਨ ਚਾਰ ਸਾਲਾਂ ਦੀ ਹੀ ਜ਼ਿੰਦਗੀ ਮਿਲੀ। ਪਰੰਤੂ ਇਨ੍ਹਾਂ ਚਾਰ ਸਾਲਾਂ ਦੌਰਾਨ ਉਸ ਦਾ ਰਹਿਣ-ਸਹਿਣ, ਸੁਭਾਅ, ਵਿਚਾਰ, ਖਾਣਾ-ਪੀਣਾ, ਸਭ ਕੁਝ ਹੀ ਬਦਲ ਚੁਕਿਆ ਸੀ। ਹਾਂ ਅੰਤ ਤੱਕ ਜੇ ਕਿਸੇ ਚੀਜ਼ ਨੇ ਉਸ ਦਾ ਸਾਥ ਨਹੀਂ ਛੱਡਿਆ ਤਾਂ ਉਹ ਸੀ ਉਸ ਦੀ ਸੌਣ ਦੀ ਬਿਮਾਰੀ। ਜ਼ਰਾ ਜਿੰਨਾ ਵੀ ਮੌਕਾ ਮਿਲਦਿਆਂ ਰਾਜਗੁਰੂ ਅੱਖਾਂ ਬੰਦ ਕਰਕੇ ਸੌਂ ਜਾਂਦਾ ਸੀ। ਫਿਰ ਕਿਸੇ ਦੀ ਮੰਜ਼ਾਲ ਜੋ ਆਸਾਨੀ ਨਾਲ ਉਸ ਨੂੰ ਉਠਾ ਸਕੇ। ਫਰਾਰੀ ਦੇ ਦਿਨਾਂ ਵਿੱਚ ਅਸੀਂ ਜਿਸ ਮਕਾਨ ਵਿੱਚ ਰਹਿੰਦੇ ਸੀ ਉੱਥੇ ਗਾਣਾ, ਹੁੱਲੜਬਾਜ਼ੀ ਅਤੇ ਹਾਸੇ ਮਜ਼ਾਕ ਨਾਲ ਜ਼ਿੰਦਗੀ ਬਣਾਈ ਰੱਖਣ ਵਿੱਚ ਉਸ ਦੀ ਮੁੱਖ ਭੂਮਿਕਾ ਸੀ। ਰਾਜਗੁਰੂ ਸੁੰਦਰਤਾ ਦਾ ਉਪਾਸ਼ਕ ਵੀ ਸੀ। ਉਸਦੇ ਸੁੰਦਰਤਾ ਪ੍ਰੇਮ ਨੇ ਇਕ ਵਾਰ ਅਜੀਬ ਸਥਿਤੀ ਪੈਦਾ ਕਰ ਦਿੱਤੀ। ਉਹਨਾਂ ਦਿਨਾਂ ਵਿੱਚ ਅਸੀਂ ਲੋਕ ਆਗਰੇ ਵਿੱਚ ਰਹਿ ਰਹੇ ਸੀ। ਉਸਨੂੰ ਕਿਤੋਂ ਇੱਕ ਕੈਲੰਡਰ ਮਿਲ ਗਿਆ। ਜਿਸ ਉੱਪਰ ਇੱਕ ਬੇਹੱਦ ਹੁਸੀਨ ਲੜਕੀ ਦੀ ਤਸਵੀਰ ਸੀ। ਬੜੇ ਉਤਸ਼ਾਹ ਨਾਲ ਕੈਲੰਡਰ ਨੂੰ ਕਮਰੇ ਵਿੱਚ ਲਟਕਾ ਕੇ ਉਹ ਬਾਹਰ ਕਿਤੇ ਪਾਰਟੀ ਦੇ ਕੰਮ ਚਲਿਆ ਗਿਆ।
ਆਜ਼ਾਦ ਨੇ ਤਸਵੀਰ ਦੇਖੀ ਤਾਂ ਉਹ ਬਹੁਤ ਗੁੱਸੇ ਹੋਇਆ। ਕਹਿਣ ਲੱਗੇ, ”ਉਸਨੇ ਜੇ ਛੋਕਰੀਆਂ ਦੀਆਂ ਤਸਵੀਰਾਂ ਵਿੱਚ ਹੀ ਉਲਝਣਾ ਹੈ ਤਾਂ ਰਿਵਾਲਵਰ ਪਿਸਤੌਲ ਨਾਲ ਉਲਝਣਾ ਛੱਡ ਕੇ ਘਰ ਚਲਿਆ ਜਾਵੇ। ਇਹ ਦੋਨੋਂ ਕੰਮ ਇੱਕ ਸਾਥ ਨਹੀਂ ਚੱਲ ਸਕਦੇ।” ਇਹ ਕਹਿੰਦੇ ਹੋਏ ਉਨ੍ਹਾਂ ਨੇ ਕੈਲੰਡਰ ਦੇ ਟੁਕੜੇ ਟੁਕੜੇ ਕਰਕੇ ਕੋਨੇ ਵਿੱਚ ਪਏ ਕੂੜੇ ਦੇ ਢੇਰ ਉੱਪਰ ਸੁੱਟ ਦਿੱਤਾ।
ਰਾਜਗੁਰੂ ਕੰਮ ਤੋਂ ਆਇਆ ਤਾਂ ਉਸਦੀ ਪਹਿਲੀ ਨਜ਼ਰ ਕੰਧ ਤੇ ਪਈ, ”ਮੇਰਾ ਕੈਲੰਡਰ ਕੌਣ ਲੈ ਗਿਆ?” ਉਸਨੇ ਆਉਂਦੇ ਹੀ ਪੁੱਛਿਆ। ਇੱਕ ਸਾਥੀ ਨੇ ਕੂੜੇ ਦੇ ਢੇਰ ਵੱਲ ਇਸ਼ਾਰਾ ਕਰ ਦਿੱਤਾ। ”ਕਿਹਨੇ ਪਾੜਿਆ ਹੈ ਮੇਰਾ ਕੈਲੰਡਰ?” ਦੋ ਤਿੰਨ ਫਟੇ ਹੋਏ ਟੁੱਕੜੇ ਉਠਾਉਂਦੇ ਹੋਏ ਉਸਨੇ ਸਵਾਲ ਕੀਤਾ। ”ਮੈਂ ਪਾੜਿਆ ਹੈ?” ਆਜ਼ਾਦ ਨੇ ਉਤਨੇ ਹੀ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ।”ਐਨੀ ਸੋਹਣੀ ਚੀਜ਼ ਤੁਸੀਂ ਕਿਉਂ ਪਾੜ ਦਿੱਤੀ?” ਇਸ ਲਈ ਕਿ ਉਹ ਸੋਹਣੀ ਸੀ। ”ਤਾਂ ਕੀ ਤੁਸੀਂ ਹਰ ਸੁੰਦਰ ਚੀਜ਼ ਨੂੰ ਪਾੜ ਦੇਵੋਗੇਂ, ਤੋੜ ਦੇਵੋਗੇ?” ”ਹਾਂ ਪਾੜ ਦੇਵਾਂਗਾ। ”ਤਾਜ ਮਹੱਲ ਵੀ?” ”ਹਾਂ ਬੱਸ ਚਲਿਆ ਤਾਂ ਉਸ ਨੂੰ ਵੀ ਤੋੜ ਦੇਵਾਂਗਾ।” ਆਜ਼ਾਦ ਨੇ ਤੈਸ਼ ਵਿੱਚ ਆ ਕੇ ਜਵਾਬ ਦਿੱਤਾ। ਤਕਰੀਬਨ ਇੱਕ ਮਿੰਟ ਚੁੱਪ ਰਹਿਣ ਤੋਂ ਬਾਅਦ ਰਾਜਗੁਰੂ ਨੀਵੀਂ ਅਵਾਾਜ਼ ਵਿੱਚ ਸ਼ਬਦਾਂ ਨੂੰ ਨਾਪਦਾ-ਤੋਲਦਾ ਹੋਇਆ ਬੋਲਿਆ, ”ਖੁਬਸੂਰਤ ਦੁਨੀਆਂ ਵਸਾਉਂਣ ਚਲੇ ਹੋ, ਖੁਬਸੂਰਤ ਚੀਜ਼ਾਂ ਨੂੰ ਤੋੜ ਕੇ, ੳਹਨਾਂ ਨੂੰ ਮਿਟਾ ਕੇ, ਇਹ ਨਹੀਂ ਹੋ ਸਕਦਾ।”
ਰਾਜਗੁਰੂ ਦੇ ਇਹਨਾਂ ਸ਼ਬਦਾਂ ਨੇ ਆਜ਼ਾਦ ਦਾ ਸਾਰਾ ਗੁੱਸਾ ਠੰਡਾ ਕਰ ਦਿੱਤਾ। ”ਤਾਜ ਤੋੜਨ ਵਾਲੀ ਗੱਲ ਤਾਂ ਮੈਂ ਤੇਰੇ ਤੈਸ਼ ਵਿੱਚ ਆ ਕੇ ਕਹਿ ਗਿਆ, ਭਰਾ ਮੇਰੇ। ਮੇਰਾ ਮਤਲਬ ਇਹ ਨਹੀਂ ਸੀ। ਅਸੀਂ ਲੋਕਾਂ ਨੇ ਕਿਸੇ ਖਾਸ ਉਦੇਸ਼ ਖਾਤਰ ਘਰ ਬਾਰ ਛੱਡ ਕੇ ਇਹ ਜ਼ਿੰਦਗੀ ਅਪਣਾਈ ਹੈ। ਕਿਤੇ ਇਹ ਨਾ ਹੋਵੇ ਕਿ ਤੁਹਾਡੀ ਇਹ ਹੁਸਨਪਸੰਦੀ ਇੱਕ ਦਿਨ ਮੋਹ ਬਣ ਕੇ ਸਾਨੂੰ ਸਾਡੇ ਰਸਤੇ ਤੋਂ ਬੇਮੁੱਖ ਕਰ ਦੇਵੇ ਜਾਂ ਸਾਡੀ ਕਿਸੇ ਕਮਜ਼ੋਰੀ ਦਾ ਕਾਰਨ ਬਣੇ।” ਇਨਕਲਾਬੀ ਜੀਵਨ ਵਿੱਚ ਰਾਜਗੁਰੂ ਜੇਕਰ ਕਿਸੇ ਨੂੰ ਆਪਣਾ ਸਭ ਤੋਂ ਵੱਡਾ ਵਿਰੋਧੀ ਸਮਝਦਾ ਸੀ ਤਾਂ ਉਹ ਸੀ ਭਗਤ ਸਿੰਘ। ਇਹ ਕੌਮ ਦੀ ਅਜ਼ਾਦੀ ਦੇ ਸੰਘਰਸ਼ ਦੌਰਾਨ ਇੱਕ-ਦੂਜੇ ਤੋਂ ਅੱਗੇ ਵਧਕੇ ਮੌਤ ਨੂੰ ਲਲਕਾਰਨ ਦਾ ਮੁਕਾਬਲਾ ਸੀ। ਕਿਤੇ ਇਸ ਦੌੜ ਵਿੱਚ ਭਗਤ ਸਿੰਘ ਪਹਿਲਾਂ ਸ਼ਹੀਦ ਨਾ ਹੋ ਜਾਵੇ-ਇਸ ਗੱਲ ਦਾ ਉਸਨੂੰ ਹਮੇਸ਼ਾਂ ਫਿਕਰ ਲੱਗਿਆ ਰਹਿੰਦਾ। ਪਾਰਟੀ ਸਾਹਮਣੇ ਉਸਦੀ ਹਮੇਸ਼ਾਂ ਇੱਕੋ ਹੀ ਮੰਗ ਰਹਿੰਦੀ ਸੀ ਕਿ ”ਹਰ ਕੰਮ ਵਿੱਚ ਅੱਗੇ ਵਧ ਕੇ ਪਹਿਲੀ ਗੋਲੀ ਚਲਾਉਂਣ ਦਾ ਮੌਕਾ ਉਸਨੂੰ ਹੀ ਮਿਲਣਾ ਚਾਹੀਦਾ ਹੈ।”
ਭਗਤ ਸਿੰਘ ਤੇ ਉਸਦੇ ਸਾਥੀਆਂ ਵਲੋਂ ਸਮਾਜਵਾਦੀ ਇਨਕਲਾਬ ਦਾ ਲਿਆ ਸੁਪਨਾ ਅਜੇ ਵੀ ਅਧੂਰਾ ਹੈ। ਅਮਰੀਕਾ ਦੇ ਪ੍ਰਸਿੱਧ ਅਰਥ ਸ਼ਾਸਤਰੀ ਰਿਚਰਡ ਵੌਲਫ ਦਾ ਕਹਿਣਾ ਹੈ ”ਪੂੰਜੀਵਾਦ ਹੁਣ ਆਪਣੀਆਂ ਸਿੱਖਰਾ ਤੇ ਹੈ। ਇਹ ਪੁਰਾਣਾ ਢਾਂਚਾ ਹੁਣ ਖੜੋਤ ਵਾਲੀ ਸਥਿਤੀ ‘ਚ ਪਹੁੰਚ ਚੁੱਕਿਐ ਹੁਣ ਇਸ ਦਾ ਟੁੱਟਣਾ ਲਗਭਗ ਯਕੀਨੀ ਹੈ। ਆਰਥਿਕਤਾ ‘ਚ ਪਾੜਾ ਦਿਨੋਂ ਦਿਨ ਵੱਧ ਰਿਹਾ ਹੈ ਜਿਸ ਨਾਲ ਅਮੀਰ ਹੋਰ ਅਮੀਰ ਹੋ ਰਹੇ ਹਨ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਹੁਣ ਤਾਂ ਇਹ ਪਾੜਾ ਇੰਨਾਂ ਸਾਫ ਦਿਖਾਈ ਦਿੰਦਾ ਹੈ ਕਿ ਇਕ ਪਾਸੇ ਕੁਝ ਪਰਿਵਾਰਾਂ ਕੋਲੇ ਹੀ ਅੱਧ ਤੋਂ ਵੱਧ ਦੁਨੀਆਂ ਦੀ ਵਸੋਂ ਦੇ ਬਰਾਬਰ ਦਾ ਧਨ ਹੈ। ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਗੱਲ ਅੱਜ ਦੇ ਸਮੇਂ ‘ਚ ਹੋਰ ਵੀ ਸਾਰਥਿਕ ਬਣੀ ਹੋਈ ਹੈ।
ਭਗਤ ਸਿੰਘ ਦੀ ਜੇਲ੍ਹ ਡਾਇਰੀ ‘ਚ ਨੋਟ ਕੀਤੀ ‘ਵਾਲਟ ਹਿਟਮੈਨ’ ਦੀ ਇਹ ਕਵਿਤਾ
ਦਫਨ ਨਹੀਂ ਹੁੰਦੇ ਅਜ਼ਾਦੀ ਤੇ ਮਰਨ ਵਾਲੇ-ਪੈਦਾ ਕਰਦੇ ਨੇ ਮੁਕਤੀ ਬੀਜ, ਫਿਰ ਹੋਰ ਬੀਜ ਪੈਦਾ ਕਰਨ ਨੂੰ
ਜਿਸਨੂੰ ਲੈ ਜਾਂਦੀ ਦੂਰ ਹਵਾ ਅਤੇ ਫਿਰ ਬੀਜਦੀ ਹੈ ਅਤੇ ਜਿਸਨੂੰ ਪਾਲਣ ਪੋਸ਼ਣ ਕਰਦੇ ਹਨ ਵਰਖਾ ਜਲ ਤੇ ਠੰਡਕ।
ਦੇਹ ਮੁਕਤ ਜੋ ਹੋਈ ਆਤਮਾ ਉਸ ਨੂੰ ਨਾ ਕਰ ਸਕਦੇ ਭਿੰਨ-ਭਿੰਨ
ਬਲਕਿ ਹੋ ਕੇ ਅਜਿੱਤ ਵਿਚਰਦੀ ਧਰਤੀ ਤੇ, ਗੁਣਗਣਾਉਂਦੀ, ਬਾਤਾਂ ਪਾਉਂਦੀ, ਚੌਕਸ ਕਰਦੀ।

Check Also

ਜਨਮ ਦਿਨ’ਤੇ ਵਿਸ਼ੇਸ਼

ਗ਼ਦਰੀ ਯੋਧਿਆਂ ਦੇ ਤਾਰਾ ਮੰਡਲ ਦੇ ਚੰਦ : ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਕੈਨੇਡਾ …