16.2 C
Toronto
Sunday, October 5, 2025
spot_img
Homeਰੈਗੂਲਰ ਕਾਲਮਕਾਂ ਰਹੇ ਨਹੀਂ-ਮੋਰ ਬਣ ਨਾ ਸਕੇ!

ਕਾਂ ਰਹੇ ਨਹੀਂ-ਮੋਰ ਬਣ ਨਾ ਸਕੇ!

ਦੀਪਕ ਸ਼ਰਮਾ ਚਨਾਰਥਲ, 98152-52959
ਛੋਟੇ ਹੁੰਦਿਆਂ ਤਸਵੀਰਾਂ ਦੇ ਰੂਪ ਵਿਚ ਇਕ ਕਹਾਣੀ ਪੜ੍ਹਿਆ ਤੇ ਵੇਖਿਆ ਕਰਦੇ ਸੀ ਕਿ ਇਕ ਕਾਂ ਨੂੰ ਮੋਰ ਬਣਨ ਦਾ ਸ਼ੌਕ ਜਾਗ ਪਿਆ। ਉਸ ਨੇ ਇੱਧਰੋਂ-ਉਧਰੋਂ ਮੋਰਾਂ ਦੇ ਖੰਭ ਚੋਰੀ ਕਰਕੇ ਜੁਗਾੜ ਕਰ ਆਪਣੇ ਖੰਭਾਂ ਵਿਚ ਫਸਾ ਲਏ, ਫਿਰ ਮੋਰਾਂ ਦੇ ਝੁੰਡ ਵਿਚ ਜਾ ਰਲਿਆ। ਪਰ ਨਾ ਉਸਦੀ ਨਸਲ ਮੋਰਾਂ ਵਾਲੀ, ਨਾ ਰੂਪ-ਰੰਗ ਤੇ ਨਾ ਜੀਵਨਸ਼ੈਲੀ, ਫਿਰ ਕੀ ਸੀ ਮੋਰ ਉਸਦੇ ਮਗਰ ਪੈ ਗਏ ਤੇ ਉਸ ਨੂੰ ਆਪਣੇ ਝੁੰਡ ‘ਚੋਂ ਭਜਾ ਦਿੱਤਾ। ਹੋਰ ਚਿੜੀਆਂ, ਜਨੌਰਾਂ, ਪੰਛੀਆਂ ਕੋਲੋਂ ਵੀ ਆਪਣਾ ਮਜ਼ਾਕ ਉਡਾ ਕੇ ਜਦ ਕਾਂ ਨੂੰ ਸਮਝ ਪਈ ਤਾਂ ਉਸ ਨੇ ਮੋਰਾਂ ਵਾਲੇ ਖੰਭ ਲਾਹ ਸੁੱਟੇ ਤੇ ਮੁੜ ਕਾਵਾਂ ਦੀ ਡਾਰ ਵਿਚ ਆ ਰਲਿਆ, ਪਰ ਹੁਣ ਉਸਦੇ ਸਾਥੀ ਕਾਂ ਉਸਦੇ ਪਿੱਛੇ ਪੈ ਗਏ ਤੇ ਉਨ੍ਹਾਂ ਨੇ ਵੀ ਚੁੰਝਾਂ ਮਾਰ-ਮਾਰ ਕੇ ਉਸ ਨੂੰ ਆਪਣੇ ਕੁਨਬੇ ਵਿਚੋਂ ਬਾਹਰ ਕਰ ਦਿੱਤਾ। ਇੰਝ ਵਿਚਾਰਾ ਰੋਂਦਾ-ਕੁਰਲਾਉਂਦਾ ਫਿਰੇ, ਕਿ ਨਾ ਮੈਂ ਹੁਣ ਕਾਂ ਰਿਹਾ ਤੇ ਨਾ ਮੈਂ ਮੋਰ ਬਣ ਸਕਿਆ। ਇਹ ਕਿੱਸਾ ਮੈਨੂੰ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਚੱਲ ਰਹੀ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਉਸ ਵੇਲੇ ਚੇਤੇ ਆਇਆ, ਜਦੋਂ ਪੰਜਾਬ ਦੇ ਆਈ ਏ ਐਸ ਅਫਸਰਾਂ ਦਾ ਕਿੱਸਾ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਟੇਜ ਤੋਂ ਸਾਂਝਾ ਕੀਤਾ। ਭਰੇ ਹਾਲ ਵਿਚ ਜਿਸ ਵਿਚ ਮੈਂ ਵੀ ਮੌਜੂਦ ਸਾਂ, ਮਨਪ੍ਰੀਤ ਬਾਦਲ ਆਖਦਾ ਹੈ ਕਿ ”ਸੂਬੇ ਪੱਧਰ ‘ਤੇ ਸਾਰੇ ਕੰਮ ਪੰਜਾਬੀ ਵਿਚ ਹੀ ਹੁੰਦੇ ਹਨ, ਪਰ ਕੇਂਦਰ ਨਾਲ ਖਤਾਂ ਦਾ ਅਦਾਨ-ਪ੍ਰਦਾਨ ਅੰਗਰੇਜ਼ੀ ਵਿਚ ਹੁੰਦਾ ਹੈ। ਜਦੋਂ ਮੈਂ ਆਪਣੇ ਆਈਏਐਸ ਅਫਸਰਾਂ ਦੀਆਂ ਅੰਗਰੇਜ਼ੀ ਵਿਚ ਲਿਖੀਆਂ ਚਿੱਠੀਆਂ ਪੜ੍ਹਦਾ ਹਾਂ ਤਾਂ ਮੈਂ ਮੱਥੇ ‘ਤੇ ਹੱਥ ਮਾਰਦਾ ਹਾਂ ਕਿ ਇਨ੍ਹਾਂ ਨੇ ਆਈਏਐਸ ਕਿਵੇਂ ਪਾਸ ਕਰ ਲਈ।” ਮਨਪ੍ਰੀਤ ਬਾਦਲ ਨੇ ਖੁਲਾਸਾ ਕੀਤਾ ਕਿ ਪੰਜਾਬ ਦੇ ਦੋ-ਚਾਰ ਅਫਸਰਾਂ ਨੂੰ ਛੱਡ ਕੇ ਬਾਕੀਆਂ ਨੂੰ ਤਾਂ ਅੰਗਰੇਜ਼ੀ ਤੱਕ ਲਿਖਣੀ ਵੀ ਨਹੀਂ ਆਉਂਦੀ। ਮੈਂ ਤਾਂ ਇਸਦਾ ਅਰਥ ਇਹੋ ਕੱਢਦਾ ਹਾਂ ਕਿ ਇਹ ਉਹ ਲੋਕ ਨੇ ਜਿਹੜੇ ਬਚਪਨ ਵਿਚ ਹੀ ਪੰਜਾਬੀ ਭਾਸ਼ਾ ਤੋਂ ਦੂਰ ਹੋ ਜਾਂਦੇ ਹਨ ਜਾਂ ਆਪਣੀ ਮਾਂ-ਬੋਲੀ ਤੋਂ ਦੂਰ ਹੋ ਕੇ ਅੰਗਰੇਜ਼ੀ ਨੂੰ ਅਪਣਾ ਲੈਂਦੇ ਹਨ ਤੇ ਹੁਣ ਸਰਕਾਰ ਦਾ ਪ੍ਰਮੁੱਖ ਨੁਮਾਇੰਦਾ ਖੁਲਾਸੇ ਕਰ ਰਿਹਾ ਹੈ ਕਿ ਇਨ੍ਹਾਂ ਨੂੰ ਤਾਂ ਅੰਗਰੇਜ਼ੀ ਵੀ ਨਹੀਂ ਆਉਂਦੀ। ਇਹ ਦਾਅਵਾ ਮੈਂ ਕਰ ਸਕਦਾ ਹਾਂ ਕਿ ਸਾਡੇ ਬਹੁਤੇ ਆਈਏਐਸ ਅਫਸਰਾਂ ਨੂੰ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ ਹੋਵੇਗੀ। ਬੇਸ਼ੱਕ ਪੜ੍ਹਨੀ ਚੰਦ ਅਫਸਰ ਜ਼ਰੂਰ ਜਾਣਦੇ ਹੋਣ। ਕਾਰਨ ਸਪੱਸ਼ਟ ਹੈ ਕਿ ਇਨ੍ਹਾਂ ਬਚਪਨ ਵਿਚ ਪੰਜਾਬੀ ਪੜ੍ਹੀ ਨਹੀਂ ਤੇ ਅੰਗਰੇਜ਼ੀ ਇਨ੍ਹਾਂ ਨੂੰ ਆਈ ਨਹੀਂ। ਨਾ ਕਾਂ ਰਹੇ ਤੇ ਨਾ ਮੋਰ ਬਣ ਸਕੇ। ਸਵਾਲ ਮੇਰਾ ਮਨਪ੍ਰੀਤ ਬਾਦਲ ਜੀ ਨੂੰ ਵੀ ਹੈ ਕਿ ਜੇ ਤੁਸੀਂ ਅਜਿਹੀ ਹਕੀਕਤ ਤੋਂ ਵਾਕਫ ਹੋ ਤਾਂ ਅਗਲੀਆਂ ਪੀੜ੍ਹੀਆਂ ਦੇ ਸੁਧਾਰ ਲਈ ਆਪਣੀ ਸਰਕਾਰ ਵਲੋਂ ਫੈਸਲਾ ਲਵੋ ਕਿ ਪੰਜਾਬ ਦੇ ਹਰ ਸਕੂਲ ਵਿਚ ਚਾਹੇ ਉਹ ਸਰਕਾਰੀ ਸਕੂਲ ਹੋਵੇ ਤੇ ਚਾਹੇ ਪ੍ਰਾਈਵੇਟ ਸਕੂਲ, ਪ੍ਰਾਇਮਰੀ ਦੇ ਪੱਧਰ ਤੱਕ ਪੜ੍ਹਾਈ ਦਾ ਮਾਧਿਅਮ ਪੰਜਾਬੀ ਹੀ ਰਹੇਗਾ। ਫਿਰ ਵੇਖਣਾ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਆਪਣੀ ਮਾਂ ਬੋਲੀ ਪੰਜਾਬੀ ‘ਚ ਵੀ ਮਾਹਰ ਹੋਣਗੀਆਂ ਤੇ ਅੰਗਰੇਜ਼ੀ ਦੇ ਨਾਲ-ਨਾਲ ਹੋਰ ਭਾਸ਼ਾਵਾਂ ਸਿੱਖਣ ‘ਚ ਵੀ ਕਾਮਯਾਬ ਰਹਿਣਗੀਆਂ।

RELATED ARTICLES
POPULAR POSTS