Breaking News
Home / ਰੈਗੂਲਰ ਕਾਲਮ / ਗੁਰਭਾਈ ਦੀ ਯਾਦ

ਗੁਰਭਾਈ ਦੀ ਯਾਦ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਪਿਆਰੇ ਗੁਰਭਾਈ, ਜੋਗਿੰਦਰ ਘਨੌਤ-ਕੈਨੇਡਾ ਆਣ ਕੇ ਤੈਨੂੰ ਬੜਾ ਯਾਦ ਕੀਤਾ ਹੈ ਵਾਰ-ਵਾਰ। ਏਥੇ ਆਇਆ ਹਾਂ ਤਾਂ ਤੇਰੇ ਕਈ ਗੀਤ ਕਈ-ਕਈ ਵਾਰੀ ਸੁਣੇ ਹਨ ਤੇ ਬਹੁਤੀ ਵਾਰੀ ਤਾਂ ਤੈਨੂੰ ਸੁਣਦਿਆਂ ਅੱਖਾਂ ਨਮ ਹੋ ਜਾਂਦੀਆਂ ਨੇ ਮਿੱਤਰਾ। ਤੇਰੀ ਯਾਦ ਦਾ ਸਬੱਬ ਮੈਨੂੰ ਐਡਮੰਟਨ ਆਉਣ ਉੱਤੇ ਮਿੱਤਰ ਸੁਖਦੇਵ ਧਨੋਆ ਬਣਿਆ ਹੈ, ਸੁਖਦੇਵ ਤੇਰੇ ਗਾਏ ਗੀਤਾਂ ਦਾ ਡਾਹਢਾ ਆਸ਼ਕ ਹੈ। ਇਹਨੇ ਜਦ ਮੇਰੇ ਕੋਲ ਤੇਰਾ ਸੋਗੀ ਜ਼ਿਕਰ ਛੁਹਿਆ ਤਾਂ ਮੈਂ ਉਸ ਵੇਲੇ ਨੂੰ ਯਾਦ ਕਰ ਕੇ ਭਾਵੁਕ ਹੋ ਗਿਆ ਜਦੋਂ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਡੇਰੇ ਵਿੱਚ ਮੈਂ ਤੈਨੂੰ ਪਹਿਲੀ ਵਾਰੀ ਸੁਣਿਆ ਸੀ।
ਉਸ ਦਿਨ ਮੈਂ ਉਸਤਾਦ ਜੀ ਦਾ ਚੇਲਾ ਬਣਨ ਆਇਆ ਸੀ। ਤੂੰ ਮੇਲੇ ਵਿੱਚ ਤੂੰਬੀ ਨਾਲ ਉਸਤਦ ਜੀ ਦਾ ਗੀਤ ਗਾ ਰਿਹਾ ਸੈਂ:
ਜਵਾਨੀ ਮੇਰੀ ਰੰਗਲੀ ‘ਚੋਂ
ਉਡੀ ਜਾਵੇ ਨੂਰ ਵੇ
ਚੰਨਾ ਤੇਰੇ ਪਿਆਰ
ਮੈਨੂੰ ਕੀਤਾ ਮਜਬੂਰ ਵੇ
ਮੈਂ ਕਿੰਨਾ ਚਿਰ ਤੈਨੂੰ ਸੁਰ ਵਿੱਚ ਗੁਆਚੇ ਤੇ ਗਾਈ ਜਾ ਰਹੇ ਨੂੰ ਸੁਣੀ ਗਿਆ ਤੇ ਦੇਖੀ ਗਿਆ ਸਾਂ ਕਿ ਮੇਰਾ ਵੀਰ ਇੱਕ ਪਤਲੀ ਜਿਹੀ ਸੋਟੀ ਦੇ ਆਸਰੇ ਸਟੇਜ ਉਤੇ ਖਲੋਤਾ ਹੋਇਆ ਹੈ। ਦੁੱਖ ਲੱਗ ਰਿਹਾ ਸੀ। ਤੇਰੇ ਹੱਥ ਵਿੱਚ ਨਿੱਕੀ ਜਿਹੀ ਤੂੰਬੀ ਸੀ। ਮੈਂ ਧਿਆਨ ਨਾਲ ਸੁਣ ਰਿਹਾ ਸਾਂ ਕਿ ਪਤਲੇ ਜਿਹੇ ਸਰੀਰ ਵਾਲਾ ਬੰਦਾ ਏਨੀ ਪਿਆਰੀ ਆਵਾਜ਼ ਵਿੱਚ ਗਾ ਰਿਹਾ ਹੈ ਤੇ ਉਸਤਾਦ ਜੀ ਦੀ ਗਾਇਨ ਸ਼ੈਲੀ ਇਸ ਦੇ ਰੋਮ-ਰੋਮ ਵਿੱਚ ਕਿੰਨੀ ਡੂੰਘੀ ਤਰ੍ਹਾਂ ਰਚੀ ਹੋਈ ਹੈ। ਮੈਂ ਸੋਚਣ ਲੱਗਿਆ ਸਾਂ ਕਿ ਇਹ ਬੰਦਾ ਕਿੱਥੇ ਰਹਿੰਦਾ ਹੋਣੈ! ਤੇ ਉਸ ਦਿਨ ਉਸਤਾਦ ਜੀ ਨੇ ਸਟੇਜ ਲਾਗਿਓਂ, ਜਿੱਥੇ ਉਹ ਦਰੀ ਉਤੇ ਗਦੈਲਾ ਵਿਛਾ ਕੇ ਬੈਠੇ ਹੋਏ ਸਨ, ਤੇਰੇ ਗੀਤ ਗਾ ਹਟਣ ਮਗਰੋਂ ਵੀਹ ਰੁਪਈਏ ਤੈਨੂੰ ਇਨਾਮ ਭੇਜਿਆ ਸੀ। ਤੂੰ ਉਸਤਾਦ ਜੀ ਕੋਲੋਂ ਅਸ਼ੀਰਵਾਦ ਪ੍ਰਾਪਤ ਕਰ ਕੇ ਤੇ ਆਪਣੇ ਸੋਟੀ ਦੇ ਸਹਾਰੇ ਤੁਰਦਾ ਭੀੜ ਤੋਂ ਪਰ੍ਹੇ ਜਿਹੇ ਨੂੰ ਚਲਿਆ ਗਿਆ ਸੈਂ।
ਮੈਂ ਤੇਰੇ ਨਾਲ ਕਾਫ਼ੀ ਗੱਲਾਂ ਕੀਤੀਆਂ ਸਨ ਤੇ ਤੇਰੇ ਤੋਂ ਤੇਰੇ ਘਰ ਦਾ ਸਿਰਨਾਵਾਂ ਵੀ ਲਿਆ ਸੀ। ਤੈਨੂੰ ਯਾਦ ਹੋਣੈ ਵੀਰ ਕਿ ਮੈਂ ਆਪਣੇ ਪਿੰਡੋਂ ਤੈਨੂੰ ਇਕ ਚਿੱਠੀ ਲਿਖੀ ਸੀ ਕਿ ਉਸਤਾਦ ਜੀ ਦੇ ਚੇਲਿਆਂ ਬਾਰੇ ਛਪ ਰਹੀ ਕਿਤਾਬ ਵਿੱਚ ਤੇਰੀ ਫ਼ੋਟੋ ਤੇ ਜੀਵਨ ਵੇਰਵਾ ਛਾਪਣਾ ਹੈ। ਉਸ ਤੋਂ ਬਾਅਦ ਅਗਲੇ ਮੇਲੇ ਮੌਕੇ ਆਪਣੀ ਮੁਲਾਕਾਤ ਫ਼ਿਰ ਹੋਈ। ਤੈਂ ਆਪਣੀ ਫ਼ੋਟੋ ਮੈਨੂੰ ਦਿੱਤੀ ਸੀ ਜੋ ਕਿਤਾਬ ‘ਤੂੰਬੀ ਦੇ ਵਾਰਿਸ’ (1994 ਵਿੱਚ ਛਪੀ ਮੇਰੀ ਪਹਿਲੀ ਪੁਸਤਕ) ਵਿੱਚ ਛਪੀ ਸੀ।
ਅੱਜ ਕੈਨੇਡਾ ਵਿੱਚ ਤੁਰਦੇ-ਫ਼ਿਰਦੇ ਨੂੰ ਮੈਨੂੰ ਤੇਰੀਆਂ ਇਹਨਾਂ ਯਾਦਾਂ ਨੇ ਘੇਰਿਆ ਹੋਇਆ ਹੈ ਵੀਰ!
ਪਿਆਰੇ ਜੋਗਿੰਦਰ,
ਹੁਣ ਮੈਨੂੰ ਐਡਮੰਟਨ ਸੁਖਦੇਵ ਧਨੋਆ ਨੇ ਦੱਸਿਆ ਹੈ ਕਿ ਮੇਰੇ ਮਿੱਤਰ ਤੇ ਗੁਆਂਢੀ ਗੀਤਕਾਰ ਗੁਰਚਰਨ ਵਿਰਕ ਨੇ ਤੇਰੀ ਕੋਈ ਟੇਪ ਵੀ ਰਿਲੀਜ਼ ਕੀਤੀ ਸੀ। ਕਾਸ਼! ਕਦੇ ਵਿਰਕ ਤੇਰਾ ਜ਼ਿਕਰ ਮੇਰੇ ਕੋਲ ਕਰਦਾ ਤੇ ਮੈਨੂੰ ਤੇਰੇ ਨਾਲ ਮਿਲਵਾ ਦਿੰਦਾ। ਪਰ ਐਸਾ ਸਬੱਬ ਨਾ ਬਣ ਸਕਿਆ ਤੇ ਤੂੰ ਇਸ ਦੁਨੀਆਂ ਤੋਂ ਬਿਨਾ ਮਿਲੇ ਈ ਚਲੇ ਗਿਆ ਮੇਰੇ ਗੁਰਭਾਈ! ਇੱਕ ਆਥਣ ਵੇਲੇ ਧਨੋਆ ਕਹਿੰਦਾ ਹੈ ਕਿ ਆ ਤੈਨੂੰ ਜੋਗਿੰਦਰ ਦੇ ਸ਼ਾਗਿਰਦਾਂ ਵੱਲੋਂ ਗਾਏ ਜੋਗਿੰਦਰ ਦੇ ਗੀਤ ਦੀ ਵੀਡੀਓ ਵਿਖਾਵਾ। ਬਈ ਬਹੁਤ ਕਮਾਲ ਦਾ ਗਾਇਆ ਤੇਰੇ ਸ਼ਾਗਿਰਦਾਂ ਗੁਰਿੰਦਰ ਗਿੰਦਾ, ਲੱਖੀ ਸਿੰਘ ਤੇ ਸਾਬੀ ਸਿੰਘ ਨੇ। ਤੈਨੂੰ ਸ਼ਰਧਾਂਜਲੀ ਦੇਣ ਵਾਲਾ ਤੇਰਾ ਹੀ ਗੀਤ। ਮਨ ਉਛਲ ਪੈਂਦਾ ਹੈ, ਇਹ ਬੋਲ ਸੁਣ ਕੇ:
ਹਾਏ, ਜੇ ਕਿਸਮਤੇ ਸੌਂਦੀ ਨਾ
ਪੁੰਨੂ ਦਿਲਬਰ ਯਾਰ ਗਵਾਉਂਦੀ ਨਾ
ਭੈੜੀ ਵਿੱਚ ਥਲਾਂ ਦੇ ਭਾਉਂਦੀ ਨਾ
ਰੱਬਾ ਕਿੱਥੋਂ ਯਾਰ ਹੰਢਾਵਾਂ
ਪੈੜਾਂ ਵੀ ਮਿਟ ਗਈਆਂ ਵੇ ਪੁੰਨਣਾ
ਕਿਹੜੇ ਰਾਹ ਦੱਸ ਆਵਾਂ …
ਗੁਰੂਆ, ਇਹ ਗੀਤ ਸੱਸੀ ਉਤੇ ਘੱਟ ਤੇ ਸਾਡੇ ਸਭਨਾਂ ਉਤੇ ਵਧੇਰੇ ਢੁਕਦਾ ਹੈ, ਤੂੰ ਸਾਨੂੰ ਕੋਈ ਪੈੜ ਜਾਂ ਨਿਸ਼ਾਨੀ ਨਾ ਦੱਸ ਕੇ ਗਿਆ ਪਰ ਆਪਣੀ ਆਵਾਜ਼ ਦੀ ਪੈੜ ਸਦੀਵੀ ਛੱਡ ਗਿਉਂ। ਇਹੋ ਹੀ ਸਾਡੇ ਲਈ ਧਰਵਾਸਾ ਹੈ। ਫ਼ਿਰ ਇੱਕ ਦਿਨ ਧਨੋਆ ਨੇ ਮੇਰੀ ਵੌਟਸਐਪ ਉੱਤੇ ਤੇਰੇ ਗਾਏ ਗੀਤਾਂ ਦਾ ਪੂਰੇ ਦਾ ਪੂਰਾ ਬਣਿਆ ਹੋਇਆ ਪੂਰ ਈ ਭੇਜ ਦਿੱਤਾ।
ਤੇਰੀ ਗਾਈ ਸੱਸੀ ਵਾਰ-ਵਾਰ ਸੁਣਦਾ ਤੇ ਹੋਰਨਾਂ ਮਿੱਤਰਾਂ ਨੂੰ ਵੀ ਸੁਣਾਉਂਦਾ ਰਿਹਾ ਤੇ ਸਾਰੇ ਹੀ ਪੁੱਛ ਰਹੇ ਸਨ ਕੌਣ ਹੈ ਇਹ ਗਾਉਣ ਵਾਲਾ?ਕਿੱਥੇ ਰਹਿੰਦਾ ਹੈ? ਕੀ ਦੱਸੀਏ ਕਿ ਕਿੱਥੇ ਰਹਿੰਦਾ ਹੈ ਸਾਡਾ ਵੀਰ। ਕੋਈ ਜੁਆਬ ਨਹੀਂ ਤੇ ਨਾ ઠਕੋਈ ઠਅਤਾ-ਪਤਾ ਹੀ ਹੈ। ઠਤੇਰੀ ਆਵਾਜ਼ ਵਿਚਲਾ ਸੋਜ਼, ਦਰਦ ਤੇ ਹਉਕਾ ਧੂਹ ਪਾਉਣ ਵਾਲਾ ਹੈ। ਗੀਤ ਦੇ ਬੋਲਾਂ ਵਿਚ, ”ਹਾਏ, ਜੇ ਕਿਸਮਤੇ ਸੌਂਦੀ ਨਾ” ਦਾ ਉਚਾਰਣ ਕਰਨ ਵੇਲੇ ਤੈਂ ਜੋ ਦਰਦੀਲਾ ਲਹਿਰੀਆ ਮਾਰਿਆ ਹੈ, ਉਹ ਲੋਹੜੇ ਦੀ ਗਾਇਨ ਕਲਾ ਹੈ ਤੇਰੀ! ਇੱਕ ਦਿਨ ਕੈਲਗਰੀ ਲਿਖਾਰੀ ਸਭਾ ਦੇ ਸਮਾਗਮ ਸਮੇਂ ਪ੍ਰਧਾਨਗੀ ਕਰ ਰਿਹਾ ਸਾਂ ਤਾਂ ਕੋਈ ਨਵਾਂ ਗਾਇਕ ਮੁੰਡਾ ਮਾਈਕ ਉੱਤੇ ਆਇਆ ਤੇ ਕਹਿਣ ਲੱਗਿਆ ਕਿ ਅੱਜ ਦੇ ਮਹਿਮਾਨ ਘੁਗਿਆਣਵੀ ਸਾਹਬ ਦੇ ਗੁਰਭਾਈ ਜੋਗਿੰਦਰ ਘਨੌਤ ਦਾ ਗੀਤ ਗਾ ਕੇ ਹਾਜ਼ਰੀ ਲੁਵਾਉਂਦਾ ਹਾਂ। ਉਸ ਨੇ ਜਦ ਬੋਲ ਚੁਕਿਆ : ਹਾਏ, ਜੇ ਕਿਸਤਮਤੇ ਸੌਂਦੀ ਨਾ … ਤਾਂ ਜੋਗਿੰਦਰ ਸਿਅ੍ਹਾਂ … ਮੇਰਾ ਭਾਵੁਕ ਹੋਣਾ ਕੁਦਰਤੀ ਸੀ। ਪਰ ਮੈਂ ਅੱਖਾਂ ਵਿਚਲੇ ਹੰਝੂ ਮੂਹਰੇ ਬੈਠੇ ਸ੍ਰੋਤਿਆਂ ਤੋਂ ਲੁਕਾ ਕੇ ਅੰਦਰੇ ਈ ਪੀ ਲਏ ਸਨ। ਸੋ, ਮਿੱਤਰਾ … ਬਿਨ ਸਿਰਨਾਵਿਉਂ ਇਹ ਉਦਾਸ ਚਿੱਠੀ ਲਿਖ ਕੇ ਤੈਨੂੰ ਚੇਤੇ ਕਰ ਰਿਹਾ ਹਾਂ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …