Breaking News
Home / ਰੈਗੂਲਰ ਕਾਲਮ / ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-10)
ਤੋਤੇ ਰੰਗੀ ਪੱਗ ਬੰਨ੍ਹ ਕੇ
ਮਰਦਾਂ ਵੱਲੋਂ ਸਿਰ ਢੱਕਣ ਲਈ ਵਰਤੇ ਜਾਣ ਵਾਲੇ (ਘੱਟ ਚੌੜੇ ਤੇ ਲੰਬੇ) ਕੱਪੜੇ ਨੂੰ ਪੱਗ, ਪਗੜੀ ਜਾਂ ਦਸਤਾਰ ਕਹਿੰਦੇ ਹਨ। ਪੱਗ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਇਹ ਨਿਸ਼ਚਿਤ ਰੂਪ ਵਿਚ ਨਹੀਂ ਕਿਹਾ ਜਾ ਸਕਦਾ ਕਿ ਪੱਗ ਦੀ ਵਰਤੋਂ ਕਦੋਂ, ਕਿਵੇਂ ਤੇ ਕਿੱਥੇ ਸ਼ੁਰੂ ਹੋਈ। ਪੁਰਾਤਨ ਕਾਲ ਸਮੇਂ ਪਰਸ਼ੀਆ (ਅਜੋਕਾ ਈਰਾਨ) ਤੇ ਤੁਰਕੀ ਦੇ ਮਰਦ ਸਿਰ ਨੂੰ ਢੱਕਣ ਲਈ ਸਿਰ ਉਤੇ ਕੱਪੜੇ ਨੂੰ ਖਾਸ ਢੰਗ ਨਾਲ ਲਪੇਟ ਲੈਂਦੇ ਸਨ, ਜਿਸ ਨੂੂੰ ਦੇਖਿਆਂ ਇਉਂ ਜਾਪਦਾ ਸੀ ਜਿਵੇਂ ਉਨ੍ਹਾਂ ਦੇ ਸਿਰ ਉਤੇ ਕੀਫ ਵਰਗੀ ਟੋਪੀ ਪਹਿਨੀ ਹੋਵੇ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਤੋਂ ਹੌਲੀ-ਹੌਲੀ ਵਿਕਾਸ ਕਰਕੇ ਆਧੁਨਿਕ ਪੱਗ ਹੋਂਦ ਵਿਚ ਆਈ। ਪਰ ਕੁਝ ਹੋਰ ਵਿਦਵਾਨਾਂ ਦਾ ਵਿਸ਼ਵਾਸ ਹੈ ਕਿ ਮਿਸਰ ਵਾਸੀਆਂ ਨੇ ਸਭ ਤੋਂ ਪਹਿਲਾਂ ਪੱਗ ਬੰਨ੍ਹਣੀ ਸ਼ੁਰੂ ਕੀਤੀ।
ਪਰ ਡਾਕਟਰ ਗੌਤਮ ਚੈਟਰਜੀ ਉਪਰੋਕਤ ਮੱਤ ਨਾਲ ਸਹਿਮਤ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਪੁਰਾਤਤਵ ਵਿਗਿਆਨੀਆਂ ਨੇ ਪੁਰਾਤਨ ਬੋਧ-ਗਯਾ, ਸਾਂਚੀ, ਭਜਾ, ਮਹਾਂਬਲੀਪੁਰਮ, ਭਰਤੂਤ ਤੇ ਮਥਰਾ ਆਦਿ ਸਥਾਨਾਂ ਤੋਂ ਮਿਲੇ ਪ੍ਰਾਚੀਨ ਪੱਥਰ ਚਿੱਤਰਾਂ ਅਤੇ ਮੂਰਤੀਆਂ ਦੀ ਘੋਖ ਕਰਕੇ ਇਸ ਤੱਥ ਦਾ ਪਤਾ ਲਾਇਆ ਹੈ ਕਿ ਭਾਰਤ ਨੇ ਹੀ ਦੁਨੀਆ ਨੂੰ ਪੱਗ ਦੀ ਦੇਣ ਦਿੱਤੀ ਹੈ। ਪੁਰਾਤਨ ਕਾਲ ਸਮੇਂ ਭਾਰਤੀ ਔਰਤਾਂ ਵੀ ਮਰਦਾਂ ਵਾਂਗ ਸਿਰ ਉਤੇ ਪੱਗ ਬੰਨ੍ਹਦੀਆਂ ਸਨ, ਪਰ ਉਨ੍ਹਾਂ ਦਾ ਪੱਗ ਬੰਨ੍ਹਣ ਦਾ ਤਰੀਕਾ ਮਰਦਾਂ ਤੋਂ ਵੱਖਰਾ ਸੀ।
ਪੱਗ, ਪੰਜਾਬੀ ਮਰਦਾਂ ਦਾ ਮਨਭਾਉਂਦਾ ਤੇ ਹਰਮਨ ਪਿਆਰਾ ਪਹਿਰਾਵਾ ਹੈ। ਪੰਜਾਬੀ ਸਭਿਆਚਾਰ ਵਿਚ ਪੱਗ ਦਾ ਵਿਸ਼ੇਸ਼ ਮਹੱਤਵ ਹੈ। ਪੱਗ ਨੂੰ ਮਨੁੱਖ ਦੀ ਆਨ-ਸ਼ਾਨ, ਮਾਣ-ਸਨਮਾਨ, ਇੱਜ਼ਤ, ਸ਼ਕਤੀ, ਗੌਰਵ ਤੇ ਵਡੱਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੱਗ ਬਹਾਦਰੀ ਤੇ ਪਵਿੱਤਰਤਾ ਦਾ ਵੀ ਚਿੰਨ੍ਹ ਹੈ। ਪੁਰਾਤਨ ਕਾਲ ਸਮੇਂ ਬੈਬੋਲੋਨੀਆਂ ਵਿਚ ਪੱਗ ਨੂੰ ਜੋਬਨ ਤੇ ਸ਼ਕਤੀ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਇਸਲਾਮ ਧਰਮ ਵਿਚ ਸਾਰੇ ਪੈਗੰਬਰਾਂ ਅਤੇ ਫਰਿਸ਼ਤਿਆਂ ਨੂੰ ਪੱਗ ਸਹਿਤ ਦਰਸਾਇਆ ਗਿਆ ਹੈ। ਯਹੂਦੀ ਵਧੀਆ ਕਿਸਮ ਦੀ ਲਿਲਣ ਦੀਆਂ ਲੰਮੀਆਂ ਪੱਗਾਂ ਬੰਨ੍ਹਦੇ ਸਨ। ਪਹਿਲਾਂ ਪਹਿਲ ਈਸਾਈ ਵੀ ਪੱਗ ਬੰਨ੍ਹਦੇ ਸਨ ਫਿਰ ਉਨ੍ਹਾਂ ਨੇ ਪੱਗ ਬੰਨ੍ਹਣੀ ਛੱਡ ਦਿੱਤੀ ਪਰ ਯਹੂਦੀ ਤੇ ਮੁਸਲਮਾਨ ਲੰਮੇ ਸਮੇਂ ਤੱਕ ਪੱਗ ਬੰਨ੍ਹਦੇ ਰਹੇ।
ਦੁਨੀਆ ਦੀ ਹਰ ਸਭਿਅਤਾ ਵਿਚ ਕਿਸੇ ਨਾ ਕਿਸੇ ਰੂਪ ਵਿਚ ਕਿਸੇ ਨਾ ਕਿਸੇ ਸਮੇਂ ਪੱਗ ਬੰਨ੍ਹਣ ਦਾ ਰਿਵਾਜ਼ ਪ੍ਰਚੱਲਿਤ ਰਿਹਾ ਹੈ। ਹੁਣ ਵੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਧਾਰਮਿਕ, ਸਮਾਜਿਕ, ਸਭਿਆਚਾਰਕ ਕਾਰਨਾਂ ਕਰਕੇ ਅਤੇ ਸਿਰ ਨੂੰ ਧੁੱਪ, ਗਰਮੀ ਆਦਿ ਤੋਂ ਬਚਾਉਣ ਲਈ ਪੱਗ ਬੰਨ੍ਹਦੇ ਹਨ ਜਿਵੇਂ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਨਿਪਾਲ, ਭੂਟਾਨ, ਮਾਲਦੀਪ, ਮੀਆਂਮਾਰ (ਬਰਮਾ), ਸ੍ਰੀਲੰਕਾ, ਇਰਾਕ, ਈਰਾਨ, ਮਿਸਰ, ਜਾਰਡਨ, ਲਿਬਨਾਨ, ਸੀਰੀਆ, ਟਰਕੀ, ਕੁਵੈਤ, ਸਊਦੀ ਅਰਬ, ਯੂਏਈ, ਯਮਨ, ਉਮਾਨ, ਕਤਰ, ਬਹਿਰੀਨ, ਅਲਜੀਰੀਆ, ਮਰਾਕੋ, ਲਿਬੀਆ, ਸੂਡਾਨ ਅਤੇ ਟੂਨੀਸ਼ੀਆ ਆਦਿ। ਪੰਜਾਬ ਦੇ ਲੋਕ ਸਾਹਿਤ ਵਿਚ ਪੱਗ ਲਈ ਅਨੇਕਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਪੱਗ ਨੂੰ ਪਗੜੀ ਵੀ ਕਿਹਾ ਜਾਂਦਾ ਹੈ :
ਟੇਢੀ ਪਗੜੀ ਬੰਨ੍ਹੇ ਮੁੰਡਿਆ,
ਖੜੇਂ ਮੋੜ ‘ਤੇ ਆ ਕੇ,
ਇਕ ਚਿੱਤ ਕਰਦਾ ਵਿਆਹ ਕਰਵਾਵਾਂ,
ਇਕ ਚਿੱਤ ਲਾਵਾਂ ਯਾਰੀ,
ਤੇਰੇ ਰੂਪ ਦੀਆਂ ਸਿਫਤਾਂ ਕਰੇ ਕੁਆਰੀ …
ਪੱਗ ਲਈ ਪਰਨਾ ਤੇ ਸਾਫਾ ਸ਼ਬਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ :
ਹਰਾ ਮੂੰਗੀਆ ਬੰਨ੍ਹਦੈਂ ਸਾਫਾ,
ਤੋਰ ਤੁਰੇਂ ਮਸਤਾਨੀ,
ਭਾੜੇ ਦੀ ਹੱਟ ਬਹਿ ਕੇ ਬੰਦਿਆ,
ਬਣਿਆ ਫਿਰਦਾ ਜਾਨੀ,
ਕਾਲਿਆਂ ਦੇ ਵਿਚ ਆ ਗਏ ਧੌਲੇ,
ਦਿਸਦੀ ਮੌਤ ਨਿਸ਼ਾਨੀ,
ਬਦੀਆਂ ਨਾ ਕਰ ਵੇ ਕੈ ਦਿਨ ਦੀ ਜ਼ਿੰਦਗਾਨੀ …
ਲੋਕ ਪੰਗ ਨੂੰ ਚੀਰਾ ਵੀ ਕਹਿੰਦੇ ਹਨ। ਪੁਰਾਣੇ ਸਮਿਆਂ ਵਿਚ ਲਾੜਾ ਘੋੜੀ ਚੜ੍ਹਨ ਸਮੇਂ ਸ਼ਗਨ ਵਜੋਂ ਸਿਰ ‘ਤੇ ਲਾਲ ਰੰਗ ਦੀ ਪੱਗ ਬੰਨ੍ਹਦਾ ਸੀ, ਜਿਸ ਨੂੰ ਚੀਰਾ ਕਹਿੰਦੇ ਸਨ;
ਸੂਹੇ ਚੀਰੇ ਵਾਲਿਆ ਫੁੱਲ ਤੋਰੀ ਦਾ,
ਸੁਣ ਕੇ ਮੇਰੇ ਮਾਹੀਆ ਦਿਲ ਨੀ ਤੋੜੀਦਾ।
ਪੱਗ ਨੂੰ ਪਗੀਆ, ਪਗਿਯਾ, ਪਗਰਿਯਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸੰਸਕ੍ਰਿਤ ਵਿਚ ਪੱਗ ਨੂੰ ਉਸ਼ਣੀਸ਼ ਕਿਹਾ ਜਾਂਦਾ ਹੈ ਤੇ ਹਿੰਦੀ ਭਾਸ਼ਾ ਵਿਚ ਪੱਗ ਨੂੰ ਪਗਰੀ ਕਹਿੰਦੇ ਹਨ। ਭਗਤ ਨਾਮਦੇਵ ਜੀ ਆਪਣੀ ਬਾਣੀ ਵਿਚ ਫੁਰਮਾਉਂਦੇ ਹਨ :
ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ।
ਦ੍ਵਾਰਿਕਾ ਨਗਰੀ ਕਾਹੇ ਕੇ ਮੰਗੋਲ।
ਫਾਰਸੀ ਵਿਚ ਪੱਗ ਲਈ ਦੁਲਬੰਦ, ਸਰਬੰਦ ਅਤੇ ਦਸਤਾਰ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੱਗ ਲਈ ਦਸਤਾਰ ਸ਼ਬਦ ਦੀ ਵਰਤੋਂ ਕੀਤੀ ਗਈ ਮਿਲਦੀ ਹੈ :
”ਨਾਪਾਕ ਪਾਕੁ ਕਹਿ ਹਦੂਰਿ ਹਦੀਸਾ
ਸਾਬਤ ਸੂਰਤਿ ਦਸਤਾਰ ਸਿਰਾ॥” (ਅੰਗ 1084)
ਦੁਨੀਆ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿਚ ਪੱਗ ਦੇ ਸਮਾਨਾਰਥੀ ਸ਼ਬਦ ਮਿਲਦੇ ਹਨ। ਅੰਗਰੇਜ਼ੀ ਭਾਸ਼ਾ ਵਿਚ ਪੱਗ ਨੂੰ ਟਰਬਨ, ਜਰਮਨੀ, ਇਤਾਲਵੀ, ਪੁਰਤਗੇਜ਼ੀ ਅਤੇ ਸਪੈਨਿਸ਼ ਵਿਚ ਟਰਬਾਂਦੇ, ਫਰਾਂਸੀਸੀ ਵਿਚ ਟਬੰਦ, ਰੁਮਾਨੀ ਵਿਚ ਤੂਲੀਪਾਨ ਕਹਿੰਦੇ ਹਨ। ਮਲਾਇਆ ਵਿਚ ਪੱਗ ਲਈ ਸਰਬਾਨ, ਤੁਰਕੀ ਵਿਚ ਤਾਰਬੁਸ਼ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਪੁਰਾਤਨ ਮਿਸਰੀ ਲੋਕ ਪੱਗ ਨੂੰ ਪਜਰ ਕਹਿੰਦੇ ਸਨ।
ਪੁਰਾਣੇ ਸਮਿਆਂ ਵਿਚ ਪੰਜਾਬੀ ਪੇਂਡੂ ਮਰਦ ਆਮ ਤੌਰ ‘ਤੇ ਘਰ ਦੇ ਕੱਤੇ ਹੋਏ ਸੂਤ ਤੋਂ ਬਣਾਈ ਹੋਈ ਪੱਗ ਹੀ ਬੰਨ੍ਹਦੇ ਸਨ :
ਸਿਰ ਬੰਨ੍ਹਕੇ ਖੱਦਰ ਦਾ ਸਾਫਾ,
ਚੰਦਰਾ ਸ਼ੁਕੀਨ ਹੋ ਗਿਆ…
ਫਿਰ ਲੋਕ ਮੋਟੀ ਮਲਮਲ ਦੀਆਂ ਪੱਗਾਂ ਦੀ ਵਰਤੋਂ ਵੀ ਕਰਨ ਲੱਗੇ। ਕਈ ਸ਼ੁਕੀਨ ਬਣਦੇ-ਫੱਬਦੇ ਗੱਭਰੂ ਢਾਕੇ ਦੀ 376 ਬਰੀਕ ਮਲਮਲ ਦੀ ਹੌਲੀ ਪੱਗ ਨੂੰ ਲਲਾਰੀ ਤੋਂ ਸੰਧੂਰੀ ਰੰਗ ਦਿਵਾ ਕੇ, ਮੇਲੇ ਮੁਸ਼ਾਹਦੇ ‘ਤੇ ਜਾਣ ਸਮੇਂ ਜਾਂ ਕਿਸੇ ਹੋਰ ਖਾਸ ਮੌਕੇ ਬੰਨ੍ਹਦੇ :
ਮੈਨੂੰ ਮੱਸਿਆ ‘ਤੇ ਪੈਣ ਭੁਲੇਖੇ ਤੇਰੀ ਵੀ ਸੰਧੂਰੀ ਪੱਗ ਦੇ…ਕੋਈ ਪ੍ਰੇਮਿਕਾ ਆਪਣੇ ਪ੍ਰੇਮੀ ਦੀ ਸੋਹਣੀ ਪੱਗ ਦੀ ਸਿਫਤ ਕਰਦੀ ਹੋਈ ਕਹਿੰਦੀ :
ਚਿੱਟਾ ਚਾਦਰਾ ਸੰਧੂਰੀ ਸਾਫਾ, ਯਾਰਾ ਤੈਨੂੰ ਬੜਾ ਸਜਦਾ …
ਖਾਂਦੇ-ਪੀਂਦੇ ਅਮੀਰ ਘਰਾਂ ਦੇ ਮਰਦ ਮੋਟੇ ਰੇਸ਼ਮ (ਟਸਰ) ਦੀਆਂ ਪੱਗਾਂ ਬੰਨ੍ਹਦੇ ਸਨ ਜਿਹੜੀਆਂ ਬੰਗਾਲ ਦੇ ਜੰਗਲਾਂ ਵਿਚ ਮਿਲਣ ਵਾਲੇ ਰੇਸ਼ਮੀ ਕੀੜੇ ਤੋਂ ਤਿਆਰ ਕੀਤੇ ਹੋਏ ਰੇਸ਼ਮ ਦੀਆਂ ਬਣੀਆਂ ਹੁੰਦੀਆਂ ਸਨ:
ਧੀ ਜੰਮ ਪਈ ਜਵਾਈ ਵਾਲਾ ਹੋ ਗਿਆ,
ਟਸਰੀ ਨਾ ਬੰਨ੍ਹ ਵੀਰਨਾ …
ਰਾਜੇ, ਮਹਾਰਾਜੇ ਤੇ ਹੋਰ ਉਚ ਵਰਗ ਦੇ ਲੋਕ ਵਧੀਆ ਬਰੀਕ ਰੇਸ਼ਮ ਜਾਂ ਜ਼ਰੀ ਦੀਆਂ ਪੱਗਾਂ ਬੰਨ੍ਹਦੇ ਸਨ, ਜਿਨ੍ਹਾਂ ਉਤੇ ਸੋਨੇ ਦਾ ਧਾਗਿਆਂ ਨਾਲ ਕਢਾਈ ਕਰਕੇ ਲੇਸ ਨਾਲ ਸਜਾਇਆ ਜਾਂਦਾ ਸੀ। ਅਜਿਹੀਆਂ ਮਹਿੰਗੀਆਂ ਤੇ ਸੋਹਣੀਆਂ ਪੱਗਾਂ ਮੈਸੂਰ ਦੇ ਰਾਜੇ (1399-1947) ਬੰਨ੍ਹਦੇ ਸਨ, ਜਿਨ੍ਹਾਂ ਨੂੰ ‘ਪੇਟਾ’ ਕਹਿੰਦੇ ਸਨ।
ਤੁਰਕੀ ਦੇ ਸੁਲਤਾਨ ਆਪਣੀਆਂ ਪੱਗਾਂ ਦੀ ਦਿੱਖ ਨੂੰ ਹੋਰ ਸੋਹਣਾ ਬਣਾਉਣ ਲਈ ਸਾਰਸ ਦੇ ਤਿੰਨ ਖੰਭ ਪੱਗ ਵਿਚ ਟੰਗ ਕੇ ਪੱਗ ਨੂੰ ਕੀਮਤੀ ਹੀਰੇ-ਮੋਤੀਆਂ ਨਾਲ ਸਜਾਉਂਦੇ ਸਨ। ਵਜ਼ੀਰ ਦੋ ਅਤੇ ਆਮ ਸਧਾਰਨ ਕਰਮਚਾਰੀ ਇਕ ਖੰਭ ਪੱਗ ਵਿਚ ਟੰਗਦੇ ਸਨ। ਸਿੱਖ ਰਾਜ ਸਮੇਂ ਸਿੱਖ ਸਰਦਾਰ ਸੁਰਖ਼ਾਸ ਪੰਛੀ ਦੇ ਸੋਹਣੇ ਖੰਭਾਂ ਨੂੰ ਤੁਰੇ ਵਜੋਂ ਸਿਰ ਉਤੇ ਪੱਗ ਵਿਚ ਟੰਗਦੇ ਸਨ।
ਕਈ ਸ਼ੁਕੀਨ ਪੰਜਾਬੀ ਗੱਭਰੂ ਵੀ ਆਪਣੀਆਂ ਪੱਗਾਂ ਨੂੰ ਜਾਲੀ ਨਾਲ ਸਜਾ ਕੇ ਬੰਨ੍ਹਦੇ ਸਨ :
ਮਿੱਤਰਾਂ ਦੇ ਸਾਫੇ ਨੂੰ ਲਾ ਕੇ ਧੰਨ ਕੁਰੇ ਜਾਲੀ…
ਪਹਿਲੇ ਸਮਿਆਂ ਵਿਚ ਕਈ ਪਾਰਖੂ ਲੋਕ ਕਿਸੇ ਵਿਅਕਤੀ ਦੇ ਪਹਿਰਾਵੇ ਨੂੰ ਨੀਝ ਨਾਲ ਦੇਖ ਕੇ ਉਸ ਦੀ ਆਰਥਿਕ ਹਾਲਤ ਦਾ ਝੱਟ ਅੰਦਾਜ਼ਾ ਲਾ ਲੈਂਦੇ ਸਨ। ਅਜਿਹੀ ਹੀ ਕੋਈ ਨਿਘੋਚਨ ਪ੍ਰੇਮਿਕਾ ਆਪਣੇ ਪ੍ਰੇਮੀ ਦੀ ਖਸਤਾ ਹਾਲਤ ਦੇਖ ਕੇ ਉਸ ਤੋਂ ਪੁੱਛਦੀ :
ਜੁੱਤੀ ਟੁੱਟੀ ਤੇ ਪਾਟਿਆ ਸਾਫਾ,
ਯਾਰਾ ਕੀ ਕੰਗਾਲ ਹੋ ਗਿਆ…
ਪੰਜਾਬੀ ਗੱਭਰੂ ਵੱਖ-ਵੱਖ ਰੰਗਾਂ ਦੀਆਂ ਪੱਗਾਂ ਬੰਨ੍ਹਣ ਦੇ ਸ਼ੁਕੀਨ ਸਨ। ਸੰਧੂਰੀ ਰੰਗ ਦੀ ਪੱਗ ਨੂੰ ਖਾਸ ਮੌਕਿਆਂ ‘ਤੇ ਬੰਨ੍ਹਿਆ ਜਾਂਦਾ ਸੀ :
ਮੂਹਰੇ ਲੱਗ ਜਾ ਸੰਧੂਰੀ ਪੱਗ ਵਾਲਿਆ,
ਤੇਰੇ ਪਿੱਛੇ ਆਵਾਂ ਮੇਲਦੀ…
ਕਈ ਚੋਬਰ ਖੱਟੇ ਰੰਗ ਦੀ ਪੱਗ ਬੰਨ੍ਹਣੀ ਪਸੰਦ ਕਰਦੇ ਸਨ :
ਪੱਗਾਂ ਖੱਟੀਆਂ ਤੇ ਦੇਖਣ ਜੱਟੀਆਂ,
ਦੋਵੇਂ ਵੀਰ ਘੋੜੀਆਂ ਤੇ …
ਤੋਤੇ ਰੰਗੀ ਪੱਗ ਦਾ ਵੀ ਬਹੁਤ ਰਿਵਾਜ਼ ਸੀ :
ਤੋਤੇ ਰੰਗੀ ਪੱਗ ਬੰਨ੍ਹ ਕੇ,
ਕੁੜੀ ਲੈ ਗਿਆ ਸਰ੍ਹੋਂ ਦੇ ਫੁੱਲ ਵਰਗੀ…
ਗੋਰੇ ਰੰਗ ਵਾਲੇ ਗੱਭਰੂਆਂ ਦੇ ਕਾਲੀਆਂ ਪੱਗਾਂ ਬੰਨ੍ਹੀਆਂ ਬਹੁਤ ਸੋਹਣੀਆਂ ਲੱਗਦੀਆਂ :
ਪੱਗਾਂ ਕਾਲੀਆਂ ਤੇ ਲੱਗਣ ਪਿਆਰੇ,
ਵੀਰ ਚੱਲੇ ਮੱਸਿਆ ਨੂੰ…
ਸਰ੍ਹੋਂ ਫੁੱਲੇ ਹੀਰੇ ਵੀ ਬਹੁਤ ਹਰਮਨ ਪਿਆਰੇ ਸਨ :
ਕਾਹਨੂੰ ਆ ਗਿਐਂ ਬਸੰਤੀ ਚੀਰਾ ਬੰਨ੍ਹ ਕੇ,
ਮਾਪਿਆਂ ਨੇ ਨਹੀਉਂ ਤੋਰਨੀ …
ਸੰਦਲੀ ਰੰਗ ਦੇ ਚੀਰਿਆਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ : ਤਾਵੇ…ਤਾਵੇ…ਤਾਵੇ
ਜੋਬਨ ਢਾਈ ਦਿਨ ਦਾ, ਕਿਤੇ ਐਵੇਂ ਈ ਬੀਤ ਨਾ ਜਾਵੇ,
ਮਿੱਤਰਾਂ ਨੂੰ ਮਿਲਣੇ ਦਾ ਕੁੜੀ ਰੋਜ਼ ਵਿਉਂਤ ਬਣਾਵੇ,
ਤੋੜ ਤੋੜ ਖਾਣ ਹੱਡੀਆਂ, ਰੱਤਾ ਪਲੰਘ ਚੰਨਣ ਦੇ ਪਾਵੇ, ਦੇਖਦੀ ਚੁਬਾਰੇ ਚੜ੍ਹਕੇ, ਚੀਰਾ ਸੰਦਲੀ ਭੁਲੇਖਾ ਪਾਵੇ,
ਉਡਦੀ ਧੂੜ ਦਿਸੇ ਬੋਤਾ ਮਾਹੀ ਦਾ ਨਜ਼ਰ ਨਾ ਆਵੇ…
ਨਾਭੀ ਪੱਗ ਨੂੰ ਵੀ ਗੱਭਰੂ ਬੜੇ ਚਾਅ ਤੇ ਸ਼ੌਕ ਨਾਲ ਬੰਨ੍ਹਦੇ ਸਨ :
ਕਦੇ ਸੂਟ ਵੀ ਨਾ ਲਿਆਇਆ,
ਕਦੇ ਲਹਿੰਗਾ ਵੀ ਨਾ ਲਿਆਇਆ,
ਨਿੱਤ ਮਾਰਦੈਂ ਬੇਸ਼ਰਮਾਂ ਗੇੜੇ,
ਤੇਰੀ ਨਾਭੀ ਪੱਗ ਦੇਖ ਕੇ,
ਮਾਪੇ ਡੁੱਲ੍ਹਗੇ ਹਾਣੀਆਂ ਮੇਰੇ…
ਬਜ਼ੁਰਗ ਚਿੱਟੇ ਜਾਂ ਫਿੱਕੇ ਰੰਗ ਦੀਆਂ ਪੱਗਾਂ ਬੰਨ੍ਹਦੇ ਤੇ ਗੱਭਰੂ ਰੰਗਦਾਰ। ਜੇ ਕੋਈ ਚੋਬਰ ਚਿੱਟੀ ਪੱਗ ਬੰਨ੍ਹ ਲੈਂਦਾ ਤਾਂ ਉਸ ਦੀ ਪਤਨੀ ਉਸ ਨੂੰ ਵਰਜਦੀ ਹੋਈ ਕਹਿੰਦੀ :
ਚਿੱਟੀ ਪੱਗ ਨਾ ਬੰਨ੍ਹ ਵੇ,
ਸਾਨੂੰ ਹੀਣਤਾ ਆਵੇ,
ਸੂਹੀ ਸੂਹੀ ਬੰਨ੍ਹ ਵੇ ਕੋਈ ਸ਼ੋਭਾ ਆਵੇ…
ਕਈ ਮਰਦ ਖਾਖੀ ਰੰਗ ਦੀ ਪੱਗ ਹੀ ਬੰਨ੍ਹਦੇ :
ਕਿਹੜੀ ਗੱਲ ਤੋਂ ਸੰਧਾਰਾ ਬੰਦ ਕੀਤਾ,
ਖਾਖੀ ਸਾਫੇ ਵਾਲਿਆ ਵੀਰਨਾ …
ਬਦਾਮੀ ਰੰਗ ਦੀ ਪੱਗ ਵੀ ਬਹੁਤ ਬੰਨ੍ਹੀ ਜਾਂਦੀ ਸੀ :
ਚਿੱਟਾ ਕੁੜਤਾ ਪੱਗ ਬਦਾਮੀ,
ਬਹਿ ਕੇ ਮੌਂਣ ਤੇ ਧੋਮਾਂ,
ਝਿੰਮਣੀਆਂ ਦੇ ਮੈਂ ਧਾਗੇ ਵੱਟਾਂ,
ਹੰਝੂਆਂ ਦੇ ਹਾਰ ਪਰੋਮਾਂ,
ਵਿਛੜੇ ਸੱਜਣਾਂ ਨੂੰ, ਬਹਿ ਕੇ ਚੁਬਾਰੇ ਰੋਮਾਂ …
ਪੁਰਾਣੇ ਸਮਿਆਂ ਵਿਚ ਪੰਜਾਬੀ ਗੱਭਰੂ ਪੱਗ ਬੰਨ੍ਹਣ ਸਮੇਂ ਕੰਨ ਦੇ ਕੋਲ ਲੜ ਛੱਡ ਕੇ ਪਿਛਿਉਂ ਗਿੱਚੀ ਦੇ ਵਾਲ ਨੰਗੇ ਰੱਖਦੇ ਸਨ ਅਤੇ ਜੂੜੇ ਦੇ ਖੱਬੇ ਪਾਸਿਓਂ ਥੋੜ੍ਹਾ ਜਿਹਾ ਸੱਜੇ ਹੱਥ ਨੂੰ ਝੁਕਿਆ ਹੋਇਆ ਕਲਗੀ ਦੀ ਸ਼ਕਲ ਦਾ ਟੌਰਾ ਛੱਡਦੇ ਸਨ। ਟੌਰੇ ਨੂੰ ਤੁਰਲਾ ਜਾਂ ਸ਼ਮਲਾ ਵੀ ਕਹਿੰਦੇ ਸਨ : ਜਾਪੇ ਮੋਰ ਨੇ ਉਡਾਰੀ ਲਾਈ,
ਚੰਨਾ ਤੇਰਾ ਉਡੇ ਸ਼ਮਲਾ …
ਲੜ ਛੱਡ ਕੇ ਟੌਰੇ ਵਾਲੀ ਪੱਗ ਬੰਨ੍ਹਣ ਦਾ ਵੱਲ ਵੀ ਕਿਸੇ ਕਿਸੇ ਨੂੰ ਹੀ ਆਉਂਦਾ :
ਤੈਨੂੰ ਪੱਗ ਬੰਨ੍ਹਣੀ, ਤੈਨੂੰ ਲੜ ਛੱਡਣਾ,
ਤੈਨੂੰ ਹਲ ਵਾਹੁਣਾ ਨਾ ਆਵੇ, ਵੇ ਤੇਰੇ ਘਰ ਕੀ ਵਸਣਾ …
ਆਸ਼ਕ ਮਿਜਾਜ਼ ਤੇ ਵੈਲੀ ਕਿਸਮ ਦੇ ਚੋਬਰ ਧੂਵੇਂ ਚਾਦਰੇ ਬੰਨ੍ਹ ਕੇ ਟੇਢੀਆਂ ਪੱਗਾਂ ਬੰਨ੍ਹਦੇ। ਧਾਰਮਿਕ ਖਿਆਲਾਂ ਦੇ ਬਜ਼ੁਰਗ ਇਨ੍ਹਾਂ ਬਿਗੜੇ ਹੋਏ ਮੁੰਡਿਆਂ ਦੇ ਅਜਿਹੇ ਪਹਿਰਾਵੇ ਨੂੰ ਚੰਗਾ ਨਹੀਂ ਸਨ ਸਮਝਦੇ :
ਸੁਣ ਕੇ ਪਿੰਡ ਦਿਆ ਹਾਕਮਾ ਵੇ, ਮੁੰਡਿਆਂ ਨੂੰ ਸਮਝਾ ਬੀਬਾ,
ਪੱਗਾਂ ਤਾਂ ਰੱਖਦੇ ਟੇਢੀਆਂ ਵੇ, ਮੁੱਛਾਂ ਨੂੰ ਦਿੰਦੇ ਤਾਅ ਬੀਬਾ।
ਪੱਗ ਬੰਨ੍ਹਣਾ ਵੀ ਇਕ ਕਲਾ ਹੈ। ਹਰ ਵਿਅਕਤੀ ਸੋਹਣੀ, ਸੁੰਦਰ ਪੱਗ ਨਹੀਂ ਬੰਨ੍ਹ ਸਕਦਾ। ਦਿਲਕਸ਼, ਸੋਹਣੀ ਪੱਗ ਬੰਨ੍ਹਣ ਲਈ ਸਖਤ ਮਿਹਨਤ, ਲਗਨ ਤੇ ਲੰਬੇ ਅਭਿਆਸ ਦੀ ਲੋੜ ਪੈਂਦੀ ਹੈ ਤਾਂ ਜਾ ਕੇ ਕਿਤੇ ਕਾਮਯਾਬੀ ਨਸੀਬ ਹੁੰਦੀ ਹੈ। ਕਿਸੇ ਸੂਝਵਾਨ ਗੱਭਰੂ ਤੇ ਸਚਿਆਰੇ ਹੱਥਾਂ ਨਾਲ ਬੰਨ੍ਹੀ ਹੋਈ ਸੋਹਣੀ ਪੱਗ ਦੇਖਣ ਵਾਲਿਆਂ ਦੇ ਮਨਾਂ ਨੂੰ ਮੋਹ ਲੈਂਦੀ :
ਚਿੱਟਾ ਕੁੜਤਾ ਕਾਲਾ ਚਾਦਰਾ,
ਰੱਖਦਾ ਪੱਗ ਸਜਾ ਕੇ,
ਕੁੜੀਆਂ ਤੈਂ ਪੱਟੀਆਂ, ਤੁਰਦਾ ਹੁਲਾਰਾ ਖਾ ਕੇ…
ਮੁਕਲਾਵੇ ਜਾਣ ਸਮੇਂ ਕੋਈ ਮੁਟਿਆਰ ਜਦੋਂ ਆਪਣੇ ਪਤੀ ਦੇ ਸਿਰ ‘ਤੇ ਲਾਪਰਵਾਹੀ ਨਾਲ ਬੰਨ੍ਹੀ ਹੋਈ ਢਹਿੰਦੀਆਂ ਕਲਾ ਵਾਲੀ, ਬੇ-ਤਰਤੀਬੀ, ਉਘੜੀ-ਦੁੱਗੜੀ, ਢਿਲਕੀ ਜਿਹੀ ਪੱਗ ਦੇਖਦੀ ਤਾਂ ਉਹ ਧਾਹਾਂ ਮਾਰ-ਮਾਰ ਕੇ ਰੋਣ ਲੱਗਦੀ : ਤਾਵੇ…ਤਾਵੇ…ਤਾਵੇ
ਨਣਦ ਵਛੇਰੀ ਨੂੰ, ਕੋਈ ਹਾਣ ਦਾ ਮੁੰਡਾ ਨਾ ਥਿਆਵੇ,
ਮਾਪਿਆਂ ਨੇ ਵਰ ਟੋਲਿਆ ਉਹਨੂੰ ਪੱਗ ਬੰਨ੍ਹਣੀ ਨਾ ਆਵੇ,
ਮਾਪਿਆਂ ਨੇ ਇਕ ਨਾ ਸੁਣੀ ਮੇਰੀ ਨਣਦ ਬਹੁੜੀਆਂ ਪਾਵੇ,
ਰੋਂਦੀ ਨਣਦੀ ਦੀ ਉਥੇ ਪੇਸ਼ ਕੋਈ ਨਾ ਜਾਵੇ,
ਪਿੱਪਲੀ ਦੇ ਪੱਤ ਵਰਗੀ ਮੇਰੀ ਨਣਦ ਚੱਲੀ ਮੁਕਲਾਵੇ…
ਪਹਿਲੇ ਸਮਿਆਂ ਵਿਚ ਲੋਕ ਚੰਗੇ ਕੱਪੜੇ ਪਹਿਨਣ ਨਾਲੋਂ ਚੰਗੀ ਪੌਸ਼ਟਿਕ ਖੁਰਾਕ ਖਾਣ ਨੂੰ ਹੀ ਚੰਗਾ ਸਮਝਦੇ ਸਨ। ਪੰਜਾਬ ਦੇ ਬਹੁਤੇ ਪੇਂਡੂ ਘਰਾਂ ਵਿਚ ਮਰਦਾਂ ਕੋਲ ਕੇਵਲ ਇਕੋ ਜੁੱਤੀ, ਇਕੋ ਪਜਾਮਾ ਤੇ ਇਕੋ ਪੱਗ ਹੁੰਦੀ ਸੀ। ਜਦੋਂ ਕਿਸੇ ਰਿਸ਼ਤੇਦਾਰੀ ਵਿਚ ਜਾਣਾ ਹੁੰਦਾ ਤਾਂ ਉਹ ਵਾਰੀ-ਵਾਰੀ ਇਨ੍ਹਾਂ ਦੀ ਵਰਤੋਂ ਕਰਕੇ ਬੁੱਤਾ ਸਾਰ ਲੈਂਦੇ। ਪਰ ਖਾਂਦੇ-ਪੀਂਦੇ ਅਮੀਰ ਘਰਾਂ ਦੇ ਮਰਦਾਂ ਕੋਲ ਕਈ-ਕਈ ਪੱਗਾਂ ਹੁੰਦੀਆਂ ਸਨ;
ਦਿਉਰ ਮੇਰੇ ਦੀਆਂ ਦੋ-ਦੋ ਪੱਗਾਂ,
ਇਕ ਨਾਭੀ, ਇਕ ਗੁਲਾਬੀ,
ਭਾਬੀ ਦੇ ਮੁਖੜੇ ‘ਤੇ ਹੋ ਗਿਆ ਦਿਉਰ ਸ਼ਰਾਬੀ …
ਇਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ ਭਾਰਤ ਵਿਚ ਪੱਗ ਬੰਨ੍ਹਣ ਦੇ ਅਨੇਕਾਂ ਢੰਗ ਤਰੀਕੇ ਪ੍ਰਚਲਤ ਹਨ, ਜਿਵੇਂ ਮਨਸਬੀ, ਅਰਬੀ, ਚੱਕਰੀਦਾਰ, ਲਾਟੂਦਾਰ, ਖਿੜਕੀਦਾਰ, ਮੁੜਾਸਾ, ਜੋੜੀਦਾਰ ਤੇ ਲਟਾਪਦੀ ਆਦਿ। ਸਿੱਖ ਪੇਚਦਾਰ, ਪਟਿਆਲਾ ਸ਼ਾਹੀ, ਪੋਚਵੀਂ ਜਾਂ ਮੋਰਨੀ, ਅੰਮ੍ਰਿਤਸਰ ਸ਼ਾਹੀ ਪੱਗ ਬੰਨ੍ਹਦੇ ਹਨ। ਨਿਹੰਗ ਸਿੰਘ ਕੋਨਿਕ ਆਕਾਰ ਦਾ ਦਸਤਾਰਾ ਸਜਾਉਂਦੇ ਹਨ। ਮੁਸਲਮਾਨ ਕੁੱਲੇ ਵਾਲੀ, ਹਰਿਆਣਵੀ ਤੁਰਲੇ ਵਾਲੀ, ਰਾਜਸਥਾਨੀ ਰੱਸੇ ਵਾਂਗ ਵੱਟ ਕੇ ਗੋਲ ਪੱਗ ਬੰਨ੍ਹਦੇ ਹਨ। ਉਤਰ ਜਾਂ ਉਤਰ ਪੂਰਬੀ ਰਾਜਾਂ ਵਿਚ ਕਬਾਇਲੀ ਛੱਜ ਵਰਗੀ ਤੇ ਗੁਜਰਾਤੀ ਸੇਠ ਬੰਨ੍ਹੀਂ ਬਨ੍ਹਾਈ ਤਾਜਨੁਮਾ ਪੱਗ ਦੀ ਵਰਤੋਂ ਕਰਦੇ ਹਨ। ਨਿਰਮਲੇ ਉਦਾਸੀ ਗੇਰੂ ਰੰਗ ਦੀ, ਅਕਾਲੀ ਕਾਲੀ ਜਾਂ ਨੀਲੀ, ਕਾਂਗਰਸੀ ਚਿੱਟੀ ਖੱਦਰ ਦੀ, ਕਮਿਊਨਿਸਟ, ਸੋਸ਼ਲਿਸਟ ਆਦਿ ਖੱਦਰ ਦੀ ਚਿੱਟੀ ਜਾਂ ਊਠ ਰੰਗੀ ਪੱਗ ਬੰਨ੍ਹਦੇ ਹਨ।
ਪੱਗ ਪੰਜਾਬੀ ਪੇਂਡੂ ਸਭਿਆਚਾਰ ਵਿਚ ਇੱਜ਼ਤ ਦੀ ਸਰਵੋਤਮ ਪ੍ਰਤੀਕ ਰਹੀ ਹੈ। ਜੇ ਕਿਸੇ ਵਿਅਕਤੀ ਦੀ ਪੱਗ ਦਾਗੀ ਹੋ ਜਾਵੇ ਤਾਂ ਉਸ ਨੂੰ ਸ਼ਰੀਕੇ ਕਬੀਲੇ ਵਿਚੋਂ ਛੇਕ ਦਿੱਤਾ ਜਾਂਦਾ ਹੈ। ਹਰ ਪੰਜਾਬੀ ਆਪਣੀ ਪੱਗ ਦੀ ਲਾਜ ਰੱਖਦਾ ਹੈ। ਜੇ ਪੱਗ ਪੈਰਾਂ ਵਿਚ ਰੁਲ ਜਾਵੇ ਜਾਂ ਸਿਰ ਤੋਂ ਲੱਥ ਜਾਵੇ ਤਾਂ ਇਹ ਸਭ ਤੋਂ ਵੱਡੀ ਬੇਇੱਜ਼ਤੀ ਸਮਝੀ ਜਾਂਦੀ ਹੈ।
ਭਾਗੋ ਦੇ ਬਾਪੂ ਨੇ ਪੱਗ ਲਾਹ ਕੇ, ਸਭਾ ਵਿਚ ਮਾਰੀ …
ਕਿਸੇ ਰੁੱਸੇ ਹੋਏ ਸਾਕ-ਸਬੰਧੀ ਜਾਂ ਮਿੱਤਰ ਪਿਆਰੇ ਨੂੰ ਮਨਾਉਣ ਲਈ ਪੈਰੀਂ ਪੱਗ ਰੱਖਣਾ ਅੰਤਿਮ ਵਸੀਲਾ ਹੁੰਦਾ ਹੈ ਤੇ ਇਸ ਜਿੰਨੀ ਕੋਈ ਹੋਰ ਨਰਮਾਈ ਨਹੀਂ ਮੰਨੀ ਜਾਂਦੀ। ਪੁਰਾਣੇ ਸਮਿਆਂ ਵਿਚ ਕਈ ਜਿਗਰੀ ਯਾਰ ਇਕ ਦੂਜੇ ਦਾ ਜੂਠਾ ਦੁੱਧ ਪੀ ਕੇ ਤੇ ਇਕੋ ਥਾਲੀ ਵਿਚ ਰੋਟੀ ਖਾ ਕੇ ਆਪਸ ਵਿਚ ਪੱਗਾਂ ਵਟਾ ਕੇ ਧਰਮ ਦੇ ਭਰਾ ਬਣ ਜਾਂਦੇ। ਉਹ ਇਸ ਰਿਸ਼ਤੇ ਨੂੰ ਆਖਰੀ ਸਾਹ ਤੱਕ ਸੱਚੇ ਦਿਲੋਂ ਨਿਭਾਉਂਦੇ ਤੇ ਇਕ ਦੂਜੇ ਦੀ ਇੱਜ਼ਤ ਦੇ ਸਾਂਝੀ ਬਣ ਜਾਂਦੇ।
ਸਿੱਖ ਧਰਮ ਵਿਚ ਹਰ ਕੇਸਧਾਰੀ ਸਿੱਖ ਕੇਸਕੀ ਜਾਂ ਦਸਤਾਰ ਸਜਾਉਂਦਾ ਹੈ। ਨੰਗੇ ਸਿਰ ਰਹਿਣ ਨਾਲ ਕੇਸਾਂ (ਗੁਰੂ ਦੀ ਮੋਹਰ) ਦੀ ਬੇਅਦਬੀ ਸਮਝੀ ਜਾਂਦੀ ਹੈ। ਭਾਈ ਨੰਦ ਲਾਲ ਜੀ ਲਿਖਦੇ ਹਨ :
”ਪਾਗ ਉਤਾਰ ਪ੍ਰਸਾਦਿ ਜੋ ਖਾਵੇ। ਸੋ ਸਿੱਖ ਕੁੰਭੀ ਨਰਕ ਸਿਧਾਵੇ।”
ਕਿਸੇ ਵਿਅਕਤੀ ਨੂੰ ਚੌਧਰ, ਲੰਬੜਦਾਰੀ, ਡੇਰੇ ਦੀ ਮਹੰਤੀ ਆਦਿ ਦੀ ਜ਼ਿੰਮੇਵਾਰੀ ਸੌਂਪਣ ਵੇਲੇ ਉਸ ਨੂੰ ਪੱਗ ਬੰਨ੍ਹੀਂ ਜਾਂਦੀ ਹੈ। ਮੌਤ ਸਮੇਂ ਵੀ ਪੱਗ ਬੰਨ੍ਹਣ ਦੀ ਰਸਮ ਨਿਭਾਈ ਜਾਂਦੀ ਹੈ। ਇਸੇ ਤਰ੍ਹਾਂ ਹੀ ਬੱਚੇ ਦੇ ਜਨਮ ਸਮੇਂ ਦਸਤਾਰਬੰਦੀ ਦੀ ਰਸਮ ਅਦਾ ਕੀਤੀ ਜਾਂਦੀ ਹੈ।
ੲੲੲ

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …