ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਹਨ। ਇਨ੍ਹਾਂ ਵਿਚ 6 ਉਮੀਦਵਾਰ ਅਜਿਹੇ ਹਨ, ਜਿਹੜੇ ਭਾਜਪਾ ਜਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਜਿਨ੍ਹਾਂ 11 ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ, ਉਨ੍ਹਾਂ ਵਿਚ ਬ੍ਰਹਮ ਸਿੰਘ ਤੰਵਰ, ਅਨਿਲ ਝਾਅ, ਦੀਪਕ ਸਿੰਗਲਾ, ਸਰਿਤਾ ਸਿੰਘ, ਬੀਬੀ ਤਿਆਗੀ, ਰਾਮ ਸਿੰਘ, ਜੁਬੈਰ ਚੌਧਰੀ, ਵੀਰ ਸਿੰਘ ਧੀਂਗਾਨ, ਗੌਰਵ ਸ਼ਰਮਾ, ਮਨੋਜ ਤਿਆਗੀ ਅਤੇ ਸੁਮੇਸ਼ ਸ਼ੌਕੀਨ ਸ਼ਾਮਲ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨੀਵਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਹੋਈ ਪਾਰਟੀ ਦੀ ਮੀਟਿੰਗ ਵਿਚ ਇਨ੍ਹਾਂ ਨਾਵਾਂ ’ਤੇ ਚਰਚਾ ਵੀ ਕੀਤੀ ਗਈ ਸੀ। ਧਿਆਨ ਰਹੇ ਕਿ ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ 2025 ਨੂੰ ਸਮਾਪਤ ਹੋ ਰਿਹਾ ਹੈ। ਇਲੈਕਸ਼ਨ ਕਮਿਸ਼ਨ ਮੌਜੂਦਾ ਸਦਨ ਦੇ 5 ਸਾਲ ਦੇ ਕਾਰਜਕਾਲ ਦੇ ਖਤਮ ਹੋਣ ਦੀ ਮਿਤੀ ਤੋਂ ਪਹਿਲਾਂ ਚੋਣਾਂ ਸਬੰਧੀ ਪ੍ਰਕਿਰਿਆ ਪੂਰੀ ਕਰਵਾਉਂਦਾ ਹੈ। ਇਸ ਨੂੰ ਦੇਖਦਿਆਂ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਜਲਦੀ ਹੋ ਸਕਦਾ ਹੈ।