ਲੰਡਨ/ਬਿਊਰੋ ਨਿਊਜ਼
ਬਿ੍ਰਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਸੱਤਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਕੈਬਨਿਟ ਮੀਟਿੰਗ ਕੀਤੀ। ਇਸ ਦੌਰਾਨ ਭਾਰਤ-ਬਿ੍ਰਟੇਨ ਵਿਚਕਾਰ ਪ੍ਰਸਤਾਵਿਤ ਟਰੇਡ ਡੀਲ ’ਤੇ ਵੀ ਚਰਚਾ ਹੋਈ। ਇਸ ਦੌਰਾਨ ਬਿ੍ਰਟੇਨ ਦੀ ਰਿਸ਼ੀ ਸੂਨਕ ਸਰਕਾਰ ਭਾਰਤ ਨਾਲ ਇਸ ਮੁੱਦੇ ’ਤੇ ਵੀ ਗੱਲਬਾਤ ਕਰ ਰਹੀ ਹੈ ਕਿ ਭਾਰਤੀਆਂ ਨੂੰ ਦਿੱਤੇ ਜਾਣ ਵਾਲੇ ਬਿਜਨਸ ਵੀਜ਼ਾ ਦੀ ਸੰਖਿਆ ਵਧਾਈ ਜਾਣੀ ਚਾਹੀਦੀ ਹੈ। ਇਹ ਕਦਮ ਵੀ ਭਾਰਤ ਅਤੇ ਬਿ੍ਰਟੇਨ ਦੇ ਵਿਚਕਾਰ ਪ੍ਰਸਤਾਵਿਤ ਟਰੇਡ ਡੀਲ ਦਾ ਹਿੱਸਾ ਹੈ। ਇਸੇ ਦੌਰਾਨ ਟਰੇਡ ਮਨਿਸਟਰ ਗ੍ਰੇਗ ਹੈਂਡਸ ਨੇ ਬਿ੍ਰਟਿਸ਼ ਸੰਸਦ ਵਿਚ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਨਾਲ ਜਾਰੀ ਗੱਲਬਾਤ ’ਚ ਬਿਜਨਸ ਵੀਜ਼ਾ ਦਾ ਮੁੱਦਾ ਵੀ ਅਹਿਮ ਰੂਪ ਨਾਲ ਸ਼ਾਮਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੀਲ ਦੇ ਬਹੁਮਤ ਨੂੰ ਲੈ ਕੇ ਗੱਲਬਾਤ ਪੂਰੀ ਹੋ ਚੁੱਕੀ ਹੈ। ਇਸਦੇ ਚੱਲਦਿਆਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਰਿਸ਼ੀ ਸੂਨਕ ਦਾ ਗ੍ਰਹਿ ਮੰਤਰੀ ਨਾਲ ਮਤਭੇਦ ਵੀ ਹੋ ਸਕਦਾ ਹੈ। ਕਿਉਂਕਿ ਗ੍ਰਹਿ ਮੰਤਰੀ ਪਹਿਲਾਂ ਵੀਜ਼ਾ ਮਾਮਲੇ ’ਤੇ ਚਿੰਤਾ ਜ਼ਾਹਰ ਕਰ ਚੁੱਕੇ ਹਨ।