Breaking News
Home / ਦੁਨੀਆ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਹੀਨਾਵਾਰ ਸਮਾਗਮ ਵਿਚ ਨਾਵਲ ‘ਮਾਂ ਦਾ ਘਰ’ ਉਪਰ ਹੋਈ ਗੋਸ਼ਟੀ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਹੀਨਾਵਾਰ ਸਮਾਗਮ ਵਿਚ ਨਾਵਲ ‘ਮਾਂ ਦਾ ਘਰ’ ਉਪਰ ਹੋਈ ਗੋਸ਼ਟੀ

ਪੁਸਤਕ ‘ਕੰਮ ਕੰਮ ਸਿਰਫ ਕੰਮ’ ਲੋਕ-ਅਰਪਿਤ ਕੀਤੀ ਗਈ
ਬਰੈਂਪਟਨ/ਝੰਡ ਤੇ ਮੰਡ : ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਆਪਣਾ ਮਹੀਨਾਵਾਰੀ ਸਮਾਗਮ ਇੱਥੋਂ ਦੇ ਐੱਫ਼.ਬੀ.ਆਈ.ਸਕੂਲ ਦੇ ਹਾਲ ਵਿਚ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਦੇ ਨਾਵਲਕਾਰ ਕੁਲਜੀਤ ਮਾਨ ਦੇ ਨਾਵਲ ‘ਮਾਂ ਦਾ ਘਰ’ ਉੱਪਰ ਗੋਸ਼ਟੀ ਕਰਵਾਈ ਗਈ ਜਿਸ ਉੱਪਰ ਭਖ਼ਵੀਂ ਬਹਿਸ ਹੋਈ। ਇਸ ਦੇ ਨਾਲ ਹੀ ਇਸ ਸਮਾਗ਼ਮ ਵਿਚ ਡਾ. ਅਨੂਪ ਸਿੰਘ ਹੋਰਾਂ ਦੀ ਲੇਖਾਂ ਦੀ ਪੁਸਤਕ ‘ਕੰਮ ਕੰਮ ਸਿਰਫ ਕੰਮ’ ਨੂੰ ਲੋਕ-ਅਰਪਿਤ ਕੀਤਾ ਗਿਆ। ਉਪਰੰਤ, ਸਮਾਗ਼ਮ ਦੇ ਦੂਸਰੇ ਭਾਗ ਵਿਚ ਕਵੀ-ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਨਾਮਧਾਰੀ ਸੰਪਰਦਾਇ ਦੇ ਮੁਖੀ ਬਾਬਾ ਠਾਕਰ ਦਲੀਪ ਸਿੰਘ,ਉੱਘੇ ਵਿਗਿਆਨੀ ਡਾ.ਅਮਰਜੀਤ ਸਿੰਘ ਬਨਵੈਤ, ਬਲਰਾਜ ਚੀਮਾ, ਜਸਵੀਰ ਕਾਲਰਵੀ ਅਤੇ ਕੁਲਜੀਤ ਮਾਨ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਸਮਾਗ਼ਮ ਵਿਚ ਆਏ ਸੱਜਣਾਂ ਨੂੰ ‘ਜੀ ਆਇਆਂ’ ਮਲੂਕ ਸਿੰਘ ਕਾਹਲੋਂ ਵੱਲੋਂ ਕਿਹਾ ਗਿਆ। ਸਮਾਗਮ ਦੇ ਪਹਿਲੇ ਸੈਸ਼ਨ ਵਿਚ ਨਾਵਲ ‘ਮਾਂ ਦਾ ਘਰ’ ਉੱਪਰ ਜਸਵੀਰ ਕਾਲਰਵੀ ਵੱਲੋਂ ਭਾਵਪੂਰਤ ਪਰਚਾ ਪੜ੍ਹਿਆ ਗਿਆ। ਆਪਣੇ ਪਰਚੇ ਵਿਚ ਉਨ੍ਹਾਂ ਕਿਹਾ ਕਿ ਨਾਵਲ ਅਨੁਸਾਰ ਗਲੋਬਲ-ਪਿੰਡ ਨੇ ਮਾਂ ਦੇ ਘਰ ਦੀ ਖਿੱਚ ਨੂੰ ਲੋਕਾਂ ਤੋਂ ਖੋਹ ਲਿਆ ਹੈ। ਬੇਸ਼ਕ, ਨਾਵਲ ਦੀ ਧਰਾਤਲ ਯੋਗੋਸਲਾਵੀਆ ਹੈ ਪਰ ਇਹ ਸੰਸਾਰ ਦੇ ਕਿਸੇ ਵੀ ਖਿੱਤੇ ਦੀ ਕਹਾਣੀ ਹੋ ਸਕਦੀ ਹੈ। ਇਸ ਸਬੰਧੀ ਚਰਚਾ ਨੂੰ ਅੱਗੇ ਤੋਰਦਿਆਂ ਨਾਹਰ ਔਜਲਾ ਨੇ ਨਾਵਲ ਦੀ ਅਹਿਮ ਨੁਕਤਾ-ਨਿਗ੍ਹਾ ਤੋਂ ਕੁਝ ਨੁਕਤਿਆਂ ਨੂੰ ਚੁੱਕਦਿਆਂ ਹੋਇਆਂ ਇਸ ਨਾਵਲ ਨੂੰ ਕੌਮਾਂਤਰੀ ਸਰਹੱਦਾਂ ਤੋ ਪਾਰ ਦਾ ‘ਗਲੋਬਲੀ ਨਾਵਲ’ ਕਿਹਾ ਗਿਆ ਜੋ ਸਾਮਰਾਜ ਦੀ ਮਾਰ ਝੱਲ ਰਹੇ ਦੇਸ਼ਾਂ ਦੇ ਲੋਕਾਂ ਦੀ ਦਾਸਤਾਨ ਬਾਖ਼ੂਬੀ ਬਿਆਨ ਕਰਦਾ ਹੈ। ਇਸ ਮੌਕੇ ਬਲਰਾਜ ਚੀਮਾ ਹੁਰਾਂ ਨੇ ਨਾਵਲ ਬਾਰੇ ਬੋਲਦਿਆਂ ਕਿਹਾ ਕਿ ਕੁਲਜੀਤ ਮਾਨ ਜਿਵੇਂ ਦਾ ਲਿਖਦਾ ਹੈ, ਉਵੇਂ ਦਾ ਜਿਊਂਦਾ ਵੀ ਹੈ।
ਉਪਰੰਤ, ਂਚਰਚਾ ਦੌਰਾਨ ਉਠਾਏ ਗਏ ਨੁਕਤਿਆਂ ਨੂੰ ਲੇਖਕ ਕੁਲਜੀਤ ਮਾਨ ਵੱਲੋਂ ਆਪਣੀ ਲਿਖਤ ਵਿੱਚ ਪੇਸ ਕੀਤੇ ਗਏ ਵਿਚਾਰਾਂ ਅਨੁਸਾਰ ਸਮਝਾਉਣ ਦਾ ਯਤਨ ਕੀਤਾ ਗਿਆ। ਇਸ ਸੈਸ਼ਨ ਵਿਚ ਹੀ ਡਾ.ਅਨੂਪ ਸਿੰਘ ਦੀ ਪੁਸਤਕ ‘ਕੰਮ ਕੰਮ ਸਿਰਫ ਕੰਮ’ ਵੀ ਲੋਕ ਅਰਪਿਤ ਕੀਤੀ ਗਈ, ਜਿਸ ਬਾਰੇ ਮੁੱਢਲੀ ਜਾਣਕਾਰੀ ਮਲੂਕ ਸਿੰਘ ਕਾਹਲੋਂ ਵੱਲੋਂ ਦਿੱਤੀ ਗਈ। ਅਗਲੇ ਸੈਸ਼ਨ ਵਿੱਚ ਕਵੀ-ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸਮਾਗਮ ਵਿੱਚ ਪਧਾਰ ਕਵੀ ਜਨਾਂ ਵੱਲੋਂ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ ਗਿਆ। ਇਨ੍ਹਾਂ ਵਿਚ ਗੁਰਦਾਸ ਮਿਨਹਾਸ, ਇਕਬਾਲ ਬਰਾੜ, ਸਨੀ ਸ਼ਿਵਰਾਜ, ਉਪਕਾਰ ਸਿੰਘ, ਰਿੰਟੂ ਭਾਟੀਆ, ਅਵਤਾਰ ਸਿੰਘ ਅਰਸ਼ੀ, ਮਕਸੂਦ ਚੌਧਰੀ, ਲਖਬੀਰ ਸਿੰਘ ਕਾਹਲੋਂ, ਹਰਦਿਆਲ ਝੀਤਾ ਅਤੇ ਕਈ ਹੋਰ ਕਵੀ ਤੇ ਗਾਇਕ ਸ਼ਾਮਲ ਸਨ।
ਆਪਣੇ ਪ੍ਰਧਾਨਗੀ-ਭਾਸ਼ਣ ਵਿਚ ਬਾਬਾ ਠਾਕਰ ਦਲੀਪ ਸਿੰਘ ਹੁਰਾਂ ਨੇ ਕਿਹਾ ਕਿਹਾ ਕਿ ਜੇਕਰ ਪੰਜਾਬੀ ਬੋਲੀ ਨੂੰ ਸੰਭਾਲਣ ਦੀ ਕੋਸ਼ਿਸ ਨਾ ਕੀਤੀ ਗਈ ਤਾਂ ਇਹ ਆਉਣ ਵਾਲੇ ਸਾਲਾਂ ਵਿੱਚ ਖ਼ਤਮ ਹੋਣ ਵੱਲ ਵਧ ਰਹੀ ਹੈ। ਇਸ ਦੌਰਾਨ ਧੰਨਵਾਦੀ ਸ਼ਬਦ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਕਹੇ ਗਏ। ਸਮਾਗਮ ਦੇ ਪਹਿਲੇ ਸੈਸ਼ਨ ਦੀ ਸਟੇਜ-ਸਕੱਤਰ ਦੀ ਜ਼ਿੰਮੇਵਾਰੀ ਤਲਵਿੰਦਰ ਮੰਡ ਵੱਲੋਂ ਅਤੇ ਦੂਸਰੇ ਸੈਸ਼ਨ ਲਈ ਇਹ ਜ਼ਿੰਮੇਵਾਰੀ ਪਰਮਜੀਤ ਢਿੱਲੋਂ ਵੱਲੋਂ ਨਿਭਾਈ ਗਈ।

Check Also

ਅਮਰੀਕੀ ਰਾਸ਼ਟਰਪਤੀ ਦੀ ਦੌੜ ’ਚ ਪਹਿਲੀ ਵਾਰ ਭਾਰਤਵੰਸ਼ੀ ਕਮਲਾ ਹੈਰਿਸ

ਬਾਈਡਨ ਪਿੱਛੇ ਹਟੇ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕਰਨਗੇ ਸਮਰਥਨ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ …