Breaking News
Home / ਦੁਨੀਆ / ਕਰਤਾਰਪੁਰ ਲਾਂਘੇ ਲਈ ਭਾਰਤ ਵਾਲੇ ਪਾਸੇ ਕੰਮ ਹੋਇਆ ਸ਼ੁਰੂ

ਕਰਤਾਰਪੁਰ ਲਾਂਘੇ ਲਈ ਭਾਰਤ ਵਾਲੇ ਪਾਸੇ ਕੰਮ ਹੋਇਆ ਸ਼ੁਰੂ

ਲਾਂਘੇ ਲਈ ਕਿਸਾਨ ਲੱਖਾ ਸਿੰਘ ਨੇ 16 ਏਕੜ ਜ਼ਮੀਨ ਦਿੱਤੀ
ਬਟਾਲਾ : ਭਾਰਤ-ਪਾਕਿ ਸਰਹੱਦ ‘ਤੇ ਕਿਸਾਨ ਲੱਖਾ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਸਾਢੇ 16 ਏਕੜ ਜ਼ਮੀਨ ਬਿਨਾ ਸ਼ਰਤ ਦੇਣ ਦੇ ਨਾਲ ਹੀ ਆਈਸੀਪੀ (ਇੰਟੇਗ੍ਰੇਟਿਡ ਚੈੱਕ ਪੋਸਟ) ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਾਜ਼ਰ ਸਨ। ਉਨ੍ਹਾਂ ਕਿਸਾਨ ਵੱਲੋਂ ਕੀਤੀ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਅਜਿਹਾ ਉੱਦਮ ਕਰਨਾ ਚਾਹੀਦਾ ਹੈ।ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਜ਼ਮੀਨ ਦਾ ਬਣਦਾ ਹੱਕ ਲਾਜ਼ਮੀ ਅਦਾ ਕਰੇਗੀ। ਪਿੰਡ ਪੱਖੋਕੇ ਟਾਹਲੀ ਸਾਹਿਬ (ਨੇੜੇ ਡੇਰਾ ਬਾਬਾ ਨਾਨਕ) ਦੇ ਕਿਸਾਨ ਲੱਖਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਬਿਨਾ ਕਿਸੇ ਲਾਲਚ ਤੋਂ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸੰਗਤ ਦੀ ਆਸ ਨੂੰ ਬੂਰ ਪਏਗਾ ਤੇ ਇਸ ਨਾਲ ਉਨ੍ਹਾਂ ਨੂੰ ਖੁਸ਼ੀ ਹੈ। ਕਿਸਾਨ ਦੇ ਪੁੱਤਰ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 15 ਏਕੜ ਜ਼ਮੀਨ ਵੀ ਇਸ ਬਣ ਰਹੇ ਲਾਂਘੇ ਦੇ ਦਾਇਰੇ ਵਿਚ ਆਉਂਦੀ ਹੈ। ਪੰਜਾਬ ਸਰਕਾਰ ਤੇ ਲੈਂਡ ਪੋਰਟ ਅਥਾਰਿਟੀ ਨੇ ਇਸ ਜ਼ਮੀਨ ‘ਤੇ ਆਈਸੀਪੀ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੈਬਨਿਟ ਮੰਤਰੀ ਰੰਧਾਵਾ ਨੇ ਅਪੀਲ ਕੀਤੀ ਕਿ ਹੋਰ ਕਿਸਾਨ, ਜਿਹੜੇ ਲੰਘੇ ਕਈ ਮਹੀਨਿਆਂ ਤੋਂ ਸ਼ਰਤਾਂ ਤਹਿਤ ਜ਼ਮੀਨ ਦੇਣ ਬਾਰੇ ਕਹਿ ਰਹੇ ਹਨ, ਉਹ ਵੀ ਦਰਿਆਦਿਲੀ ਦਿਖਾਉਣ। ਮੰਤਰੀ ਨੇ ਕਿਹਾ ਕਿ ਬਣਦਾ ਹੱਕ ਅਦਾ ਕੀਤਾ ਜਾਵੇਗਾ। ਐੱਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਆਈਸੀਪੀ ਦਾ ਕੰਮ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ ਹੈ।
ਪਾਕਿ ਨੂੰ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਦੀ ਬੇਨਤੀ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਥੇ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਲੈਂਡ ਪੋਰਟ ਅਥਾਰਿਟੀ ਨੂੰ 50 ਏਕੜ ਜ਼ਮੀਨ ਸੌਂਪ ਦਿੱਤੀ ਗਈ ਹੈ। ਇੱਥੇ ਆਈਸੀਪੀ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਕਿਸਤਾਨ ਨੂੰ ਅਪੀਲ ਕੀਤੀ ਗਈ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਕਰਕੇ ਇਸ ਦੀ ਥਾਂ ਹੋਰ ਦਸਤਾਵੇਜ਼ ਲਏ ਜਾਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਥੇ ‘ਲਾਈਟ ਐਂਡ ਸਾਊਂਡ ਸ਼ੋਅ’ ਲਈ 50 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।
ਕਰਤਾਰਪੁਰ ਲਾਂਘੇ ਦੀ ਉਸਾਰੀ ਦੀ ਵੀਡੀਓ ਪਾਕਿ ਨੇ ਜਾਰੀ ਕੀਤੀ
ਅੰਮ੍ਰਿਤਸਰ : ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀ ਇਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਉਸਾਰੀ ਦੇ ਸਾਰੇ ਕੰਮ 31 ਅਗਸਤ ਤੱਕ ਮੁਕੰਮਲ ਕਰ ਲਏ ਜਾਣਗੇ ਤਾਂ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖ ਸੰਗਤ ਬਿਨਾ ਕਿਸੇ ਰੁਕਾਵਟ ਜਾਂ ਸਮੱਸਿਆ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੇ। ਲਾਂਘੇ ਦੀ ਉਸਾਰੀ ਕਰਵਾ ਰਹੀ ਕੰਪਨੀ ਦੇ ਸੀਨੀਅਰ ਇੰਜੀਨੀਅਰ ਖ਼ਾਸ਼ਿਫ਼ ਅਲੀ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਚੱਲ ਰਹੀ ਉਸਾਰੀ ਬਾਰੇ ਦੱਸਿਆ ਕਿ ‘ਡਿਵੈਲਪਮੈਂਟ ਆਫ਼ ਕਰਤਾਰਪੁਰ ਕੋਰੀਡੋਰ’ ਪ੍ਰਾਜੈਕਟ ਅਧੀਨ 28 ਦਸੰਬਰ ਨੂੰ ਸ਼ੁਰੂ ਕੀਤੀ ਲਾਂਘੇ ਦੀ ਉਸਾਰੀ ਨਿਰਵਿਘਨ ਜਾਰੀ ਹੈ। ਉਸਾਰੀ ਦੇ ਚਲਦਿਆਂ ਫਾਊਂਡੇਸ਼ਨ ਦੇ ਸਾਰੇ ਕੰਮ ਲਗਪਗ 90 ਫ਼ੀਸਦੀ ਅਤੇ ਦਰਿਆ ਰਾਵੀ ‘ਤੇ ਪੁਲ ਬਣਾਏ ਜਾਣ ਦਾ ਕੰਮ 35 ਤੋਂ 40 ਫ਼ੀਸਦੀ ਤੱਕ ਮੁਕੰਮਲ ਕਰ ਲਿਆ ਗਿਆ ਹੈ। ਇਸ ਦੇ ਇਲਾਵਾ ਦਰਿਆ ਰਾਵੀ ਵਿਚ ਆਉਣ ਵਾਲੇ ਹੜ੍ਹਾਂ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਲਾਂਘੇ ਦੀ ਪਾਣੀ ਤੋਂ ਸੁਰੱਖਿਆ ਲਈ ਦਰਿਆ ‘ਤੇ ਬੰਨ੍ਹ ਬਣਾਏ ਜਾਣ ਦਾ ਕੰਮ ਵੀ ਲਗਪਗ ਮੁਕੰਮਲ ਹੋ ਚੁੱਕਿਆ ਹੈ। ਖ਼ਾਸ਼ਿਫ਼ ਅਲੀ ਮੁਤਾਬਿਕ ਇੰਜੀਨੀਅਰਾਂ ਅਤੇ ਮਾਹਿਰਾਂ ਨੇ ਪਿਛਲੇ 100 ਵਰ੍ਹਿਆਂ ਦੇ ਰਿਕਾਰਡ ਦੀ ਜਾਂਚ ਕਰਕੇ ਇਹ ਪਤਾ ਲਗਾਇਆ ਹੈ ਕਿ ਹੜ੍ਹਾਂ ਜਾਂ ਬਰਸਾਤੀ ਪਾਣੀ ਨਾਲ ਦਰਿਆ ਦੇ ਪਾਣੀ ਦਾ ਪੱਧਰ ਜ਼ਿਆਦਾ ਤੋਂ ਜ਼ਿਆਦਾ ਕਿੱਥੋਂ ਤੱਕ ਵਧਦਾ ਰਿਹਾ ਹੈ; ਉਸ ਨੂੰ ਵਿਚਾਰਦਿਆਂ ਹੀ ਰਾਵੀ ‘ਤੇ ਪੁੱਲ ਦਾ ਨਿਰਮਾਣ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਤੋਂ ਭਾਰਤੀ ਸਰਹੱਦ ਤੱਕ ਲਗਪਗ ਇਕ ਕਿੱਲੋਮੀਟਰ ਲੰਬੀ ਸੜਕ ਬਣਾਉਣ ਹਿੱਤ ਰਾਹ ਪੂਰੀ ਤਰ੍ਹਾਂ ਨਾਲ ਪੱਧਰਾ ਕਰ ਲਿਆ ਗਿਆ ਹੈ। ਉਕਤ ਇੰਜੀਨੀਅਰ ਅਨੁਸਾਰ ਸ੍ਰੀ ਕਰਤਾਰਪੁਰ ਲਾਂਘੇ ਲਈ ਗੁਰਦੁਆਰਾ ਸਾਹਿਬ ਤੋਂ ਭਾਰਤੀ ਬਾਰਡਰ ਟਰਮੀਨਲ ਤਕ ਬਣਾਈ ਜਾਣ ਵਾਲੀ ਸੜਕ ਦੀ ਉਸਾਰੀ ਦਾ ਕੰਮ 31 ਅਗਸਤ ਤੱਕ ਮੁਕੰਮਲ ਕੀਤਾ ਜਾਣਾ ਹੈ, ਜਦ ਕਿ ਬਾਰਡਰ ਟਰਮੀਨਲ ਦੀ ਉਸਾਰੀ 31 ਜੁਲਾਈ ਤੱਕ ਮੁਕੰਮਲ ਕਰ ਲਈ ਜਾਵੇਗੀ। ਉੱਧਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ) ਦੇ ਆਸ-ਪਾਸ ਨਵੇਂ ਸਮਾਰਕਾਂ ਦੀ ਚੱਲ ਰਹੀ ਉਸਾਰੀ ਦੇ ਚਲਦਿਆਂ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਨਾਲ ਛੇੜ-ਛਾੜ ਕਿਤੇ ਜਾਣ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਮੂਲ ਢਾਂਚੇ ਵਿਚ ਕਿਸੇ ਪ੍ਰਕਾਰ ਦਾ ਕੋਈ ਪਰਿਵਰਤਨ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਤੱਕ ਪਹੁੰਚਣ ਲਈ ਦੋ ਰਸਤੇ ਬਣਾਏ ਗਏ ਹਨ, ਜਿਨ੍ਹਾਂ ਵਿਚੋਂ ਇਕ ਵਲੋਂ ਭਾਰਤੀ ਸਿੱਖ ਯਾਤਰੂ ਤੇ ਦੂਜੇ ਪਾਸਿਉਂ ਵੀਜ਼ਾ ਲੈ ਕੇ ਪਹੁੰਚੇ ਵਿਦੇਸ਼ੀ ਸਿੱਖ ਤੇ ਪਾਕਿਸਤਾਨੀ ਸੰਗਤ ਪਹੁੰਚ ਸਕੇਗੀ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …