ਕਿਹਾ : ਧਾਰਮਿਕ ਅਜ਼ਾਦੀ ਦੀ ਆੜ ’ਚ ਮੁਸਲਮਾਨਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਇਸਲਾਮਾਬਾਦ/ਬਿਊਰੋ ਨਿਊਜ
ਭਾਰਤ ਦੇ ਅੰਦੂਰਨੀ ਮਾਮਲਿਆਂ ’ਚ ਹਮੇਸ਼ਾ ਲੱਤ ਫਸਾਉਣ ਵਾਲੀ ਆਦਤ ਤੋਂ ਪਾਕਿਸਤਾਨ ਬਾਜ਼ ਨਹੀਂ ਆ ਰਿਹਾ। ਹੁਣ ਪਾਕਿਸਤਾਨ ਨੇ ਲੰਘੇ ਕੱਲ੍ਹ ਕਰਨਾਟਕ ਹਾਈ ਕੋਰਟ ਵੱਲੋਂ ਵਿੱਦਿਅਕ ਅਦਾਰਿਆਂ ’ਚ ਹਿਜ਼ਾਬ ਪਹਿਨਣ ’ਤੇ ਪਾਬੰਦੀ ਲਗਾਉਣ ਵਾਲੇ ਫੈਸਲੇ ਨੂੰ ਮੰਦਭਾਗਾ ਦੱਸਿਆ ਹੈ। ਕਰਨਾਟਕ ਹਾਈ ਕੋਰਟ ਨੇ ਹਿਜ਼ਾਬ ਨੂੰ ਇਸਲਾਮ ਧਰਮ ਦਾ ਜ਼ਰੂਰੀ ਅੰਗ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਇਸ ਫੈਸਲੇ ਨੂੰ ਧਾਰਮਿਕ ਰੀਤੀ-ਰਿਵਾਜ਼ਾਂ ਦੀ ਅਜ਼ਾਦੀ ਦੇ ਖਿਲਾਫ਼ ਦੱਸਿਆ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਸਾਫ ਤੌਰ ’ਤੇ ਧਾਰਮਿਕ ਅਜ਼ਾਦੀ ਨੂੰ ਬਰਕਰਾਰ ਰੱਖਣ ’ਚ ਭਾਰਤ ਸਰਕਾਰ ਦੀ ਨਾਕਾਮੀ ਨੂੰ ਬਿਆਨ ਕਰਦਾ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਕਰਨਾਟਕ ਦੇ ਯਾਦਗਿਰ ਵਿਚ ਇਕ ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪ੍ਰੀਖਿਆ ਦਾ ਬਾਈਕਾਟ ਕਰ ਦਿੱਤਾ ਸੀ। ਉਧਰ ਦੂਜੇ ਕਰਨਾਟਕ ਹਾਈ ਕੋਰਟ ਦੇ ਫੈਸਲੇ ਖਿਲਾਫ਼ ਵਿਦਿਆਰਥਣਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਸੁਣਵਾਈ ਹੋਲੀ ਤੋਂ ਬਾਅਦ ਹੋਵੇਗੀ।