ਸਿੱਖ ਆਗੂਆਂ ਨੇ ਸੰਸਦ ਮੈਂਬਰਾਂ ਨਾਲ ਕੀਤੀਆਂ ਮੀਟਿੰਗਾਂ
ਰੋਮ/ਬਿਊਰੋ ਨਿਊਜ਼ : ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਇਟਲੀ ਵਸਦੀਆਂ ਸਿੱਖ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਸਰਕਾਰ ਨਾਲ ਵੀ ਰਾਬਤਾ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਮੀਟਿੰਗ ਵਰੇਜੇ ਵਿਚ ਹੋਈ ਜਿਥੇ ਇਟਲੀ ਦੀ ਲੇਗਾ ਨਾਰਦ ਪਾਰਟੀ ਦੇ ਦੋ ਸੰਸਦ ਮੈਂਬਰ ਅਤੇ ਯੂਰਪੀਅਨ ਮੈਂਬਰ ਪਾਰਲੀਮੈਂਟ ਮੌਜੂਦ ਸਨ।
ਇਨ੍ਹਾਂ ਤੋਂ ਇਲਾਵਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਵਿੰਦਰਜੀਤ ਸਿੰਘ ਬੱਸੀ, ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫਲ਼ੈਰੋ ਗੁਰੂ ਘਰ ਅਤੇ ਉਪ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਰਿੰਦਰਜੀਤ ਸਿੰਘ ਪੰਡੋਰੀ, ਗੁਰਦੁਆਰਾ ਸਿੰਘ ਸਭਾ ਸੋਮਾਲੰਬਾਰਦੋ ਦੇ ਪ੍ਰਧਾਨ ਮਸਤਾਨ ਸਿੰਘ, ਹਰਕੀਤ ਸਿੰਘ ਮਾਧੋਝੰਡਾ, ਗੁਰਦੁਆਰਾ ਸਿੰਘ ਸਭਾ ਫਲ਼ੈਰੋ ਦੇ ਮੀਤ ਪ੍ਰਧਾਨ ਬਲਕਾਰ ਸਿੰਘ, ਲਵਪ੍ਰੀਤ ਲੋਧੀ, ਦਲਜੀਤ ਸਿੰਘ ਸ਼ਾਮਲ ਸਨ। ਰਾਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਸਬੰਧੀ ਵਿਚਾਰ ਚਰਚਾ ਹੋਈ। ਆਗੂਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਿੱਖਾਂ ਦੇ ਮਸਲੇ ਹੱਲ ਕੀਤੇ ਜਾਣਗੇ।