5.9 C
Toronto
Saturday, November 8, 2025
spot_img
Homeਦੁਨੀਆਪਾਕਿ ਦੀ ਇਹਤਸਾਬ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 37...

ਪਾਕਿ ਦੀ ਇਹਤਸਾਬ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 37 ਸਾਲ ਪੁਰਾਣੇ ‘ਵੱਢੀ’ ਕੇਸ ‘ਚ ਬਰੀ ਕੀਤਾ

ਆਮ ਚੋਣਾਂ ਲੜਨ ਲਈ ਰਾਹ ਪੱਧਰਾ ਹੋਇਆ
ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਇਹਤਸਾਬ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 37 ਸਾਲ ਪੁਰਾਣੇ ‘ਵੱਢੀ ਮਾਮਲੇ’ ਵਿੱਚ ਬਰੀ ਕਰ ਦਿੱਤਾ ਹੈ।
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ‘ਤੇ ਆਰੋਪ ਸੀ ਕਿ ਉਨ੍ਹਾਂ ਇਕ ਉੱਘੇ ਮੀਡੀਆ ਅਦਾਰੇ ਨੂੰ ‘ਰਿਸ਼ਵਤ’ ਵਜੋਂ ਪੰਜਾਬ ਸੂਬੇ ਦੀ ਰਾਜਧਾਨੀ ਵਿੱਚ ‘ਬਹੁਮੁੱਲੀ ਸਰਕਾਰੀ ਜ਼ਮੀਨ’ ਤਬਦੀਲ ਕੀਤੀ ਸੀ।
ਕੋਰਟ ਨੇ ਇਹ ਫੈਸਲਾ ਅਜਿਹੇ ਮੌਕੇ ਸੁਣਾਇਆ ਹੈ ਜਦੋਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਜੋ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਸੁਪਰੀਮੋ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਹਨ, ਦੀ ਅਗਵਾਈ ਵਾਲੀ ਸੰਘੀ ਸਰਕਾਰ ਨੇ ਸਿਆਸਤਦਾਨਾਂ ‘ਤੇ ਲੱਗੀ ਉਮਰ ਭਰ ਦੀ ਪਾਬੰਦੀ ਹਟਾਉਣ ਲਈ ਕਾਨੂੰਨਾਂ ਵਿੱਚ ਕੁਝ ਅਹਿਮ ਸੋਧਾਂ ਕੀਤੀਆਂ ਹਨ। ਕੋਰਟ ਤੋਂ ਮਿਲੀ ਰਾਹਤ ਨਾਲ ਤਿੰਨ ਵਾਰ ਮੁਲਕ ਦੇ ਵਜ਼ੀਰੇ ਆਜ਼ਮ ਰਹੇ ਨਵਾਜ਼ ਸ਼ਰੀਫ (73) ਲਈ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਆਮ ਚੋਣਾਂ ਲੜਨ ਦਾ ਰਾਹ ਪੱਧਰਾ ਹੋ ਜਾਵੇਗਾ।
ਨਵਾਜ਼ ਸ਼ਰੀਫ਼ ਮੁੜ ਬਣ ਸਕਣਗੇ ਪਾਕਿ ਦੇ ਪ੍ਰਧਾਨ ਮੰਤਰੀ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਲੰਡਨ ਤੋਂ ਪਾਕਿ ਪਰਤਣ ਤੋਂ ਬਾਅਦ ਨਾ ਸਿਰਫ਼ ਚੋਣ ਲੜ ਸਕਣਗੇ, ਬਲਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਦੁਬਾਰਾ ਪ੍ਰਧਾਨ ਮੰਤਰੀ ਵੀ ਬਣ ਸਕਣਗੇ। ਪਾਕਿ ਦੀ ਸੰਸਦ ਨੇ ਉਮਰ ਭਰ ਲਈ ਅਯੋਗਤਾ ਨੂੰ ਰੱਦ ਕਰ ਦਿੱਤਾ ਹੈ ਅਤੇ ਨਵੇਂ ਕਾਨੂੰਨ ਤਹਿਤ ਕਿਸੇ ਵੀ ਸੰਸਦ ਮੈਂਬਰ ਜਾਂ ਵਿਧਾਇਕ ਨੂੰ 5 ਸਾਲ ਤੋਂ ਵੱਧ ਸਮੇਂ ਲਈ ਅਯੋਗ ਨਹੀਂ ਠਹਿਰਾਇਆ ਜਾ ਸਕੇਗਾ। ਅਯੋਗਤਾ ਕਾਨੂੰਨ ਨੂੰ ਬਦਲਣ ਲਈ ਨਵਾਂ ਬਿੱਲ ਇਸ ਮਹੀਨੇ ਦੇ ਸ਼ੁਰੂ ‘ਚ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਪਾਸ ਕਰ ਦਿੱਤਾ ਸੀ। ਇਸ ਤੋਂ ਬਾਅਦ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਨੇ ਵੀ ਇਸ ਨੂੰ ਪਾਸ ਕਰ ਦਿੱਤਾ। ਦੱਸਣਯੋਗ ਹੈ ਕਿ ਨਵਾਜ਼ ਸ਼ਰੀਫ਼ 3 ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਸਾਲ 2017 ‘ਚ ਪਾਕਿ ਦੀ ਸੁਪਰੀਮ ਕੋਰਟ ਨੇ ਪਨਾਮਾ ਪੇਪਰਜ਼ ਮਾਮਲੇ ‘ਚ ਨਵਾਜ਼ ਸ਼ਰੀਫ਼ ‘ਤੇ ਉਮਰ ਭਰ ਲਈ ਚੋਣ ਲੜਨ ‘ਤੇ ਪਾਬੰਦੀ ਲਗਾ ਦਿੱਤੀ ਸੀ।

RELATED ARTICLES
POPULAR POSTS