ਦੋਹਾਂ ਮੁਲਕਾਂ ਵਿਚਕਾਰ ਹੋਏ ਪੰਜ ਸਮਝੌਤੇ, ਮੋਦੀ ਨੂੂੰ ਸਾਊਦੀ ਅਰਬ ਦੇ ਸਰਵਉਚ ਸਨਮਾਨ ਨਾਲ ਨਿਵਾਜਿਆ
ਰਿਆਧ/ਬਿਊਰੋ ਨਿਊਜ਼
ਭਾਰਤ ਅਤੇ ਸਾਊਦੀ ਅਰਬ ਨੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਵਧਾਉਣ ਦਾ ਅਹਿਦ ਲੈਂਦਿਆਂ ਸਾਰੇ ਮੁਲਕਾਂ ਨੂੰ ਆਖਿਆ ਹੈ ਕਿ ਉਹ ਦਹਿਸ਼ਤੀ ਢਾਂਚੇ ਨੂੰ ਖ਼ਤਮ ਕਰਨ ਅਤੇ ਹੋਰ ਮੁਲਕਾਂ ਖ਼ਿਲਾਫ਼ ਅੱਤਵਾਦ ਦੀ ਕੀਤੀ ਜਾ ਰਹੀ ਵਰਤੋਂ ਨੂੰ ਨਕਾਰਨ। ਇਸ ਐਲਾਨ ਨੂੰ ਪਾਕਿਸਤਾਨ ਖ਼ਿਲਾਫ਼ ਦੇਖਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਊਦੀ ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ਼ ਤੇ ਵਫ਼ਦ ਪੱਧਰ ਦੀ ਗੱਲਬਾਤ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਜਿਸ ਦੌਰਾਨ ਦੋਹਾਂ ਮੁਲਕਾਂ ਵਿਚਕਾਰ ਪੰਜ ਸਮਝੌਤਿਆਂ ‘ਤੇ ਦਸਤਖ਼ਤ ਵੀ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਸਾਊਦੀ ਅਰਬ ਦੇ ਸਰਵਉੱਚ ਸਨਮਾਨ ਸ਼ਾਹ ਅਬਦੁਲ ਅਜ਼ੀਜ਼ ਸੈਸ਼ ਨਾਲ ਨਿਵਾਜਿਆ ਗਿਆ। ઠ
ਦੋਵੇਂ ਮੁਲਕਾਂ ਨੇ ਕਿਹਾ ਹੈ ਕਿ ਜਿਨ੍ਹਾਂ ਦੀ ਧਰਤੀ ਤੋਂ ਦਹਿਸ਼ਤਗਰਦਾਂ ਨੂੰ ਸ਼ਹਿ ਮਿਲ ਰਹੀ ਹੈ, ਉਨ੍ਹਾਂ ਨੂੰ ਵਿੱਤੀ ਅਤੇ ਹੋਰ ਹਮਾਇਤ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ।ਦੋਵੇਂ ਮੁਲਕਾਂ ਵਿਚਕਾਰ ਹੋਏ ਸਮਝੌਤਿਆਂ ਵਿਚ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਖੇਤਰ ਵਿਚ ਆਪਸੀ ਸਹਿਯੋਗ ਵਧਾਉਂਦਿਆਂ ਖ਼ੁਫ਼ੀਆ ਸੂਚਨਾਵਾਂ ਦੇ ਆਦਾਨ-ਪ੍ਰਦਾਨ, ਦਹਿਸ਼ਤੀਆਂ ਨੂੰ ਧਨ ਮੁਹੱਈਆ ਕਰਾਉਣ ਅਤੇ ਉਸ ਨਾਲ ਸਬੰਧਿਤ ਅਪਰਾਧਾਂ, ਭਾਰਤ ਤੇ ਸਾਊਦੀ ਅਰਬ ਵਿਚਕਾਰ ਮਜ਼ਦੂਰਾਂ ਨੂੰ ਲੈ ਕੇ ਆਪਸੀ ਸਹਿਯੋਗ, ઠਨਿਵੇਸ਼ ਨੂੰ ਹੁਲਾਰਾ ਦੇਣ ਅਤੇ ਹੋਰ ਖੇਤਰਾਂ ਵਿਚ ਤਾਲਮੇਲ ਵਧਾਉਣਾ ਸ਼ਾਮਲ ਹੈ। ਸਾਊਦੀ ਅਰਬ ਅਤੇ ਪਾਕਿਸਤਾਨ ਦੇ ਮਜ਼ਬੂਤ ਸਬੰਧ ਹਨ ਅਤੇ ਸਾਊਦੀ ਅਰਬ ਦੇ ਦਹਿਸ਼ਤਗਰਦੀ ਖ਼ਿਲਾਫ਼ ਤਿੱਖੇ ਸੁਰ ਅਹਿਮ ਹਨ। ਇਕ ਅਧਿਕਾਰੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਹਵਾਲੇ ਨਾਲ ਕਿਹਾ ਕਿ ਗੱਲਬਾਤ ਤੋਂ ਬਾਅਦ ਦੁਵੱਲੇ ਰਿਸ਼ਤਿਆਂ ਵਿਚ ਨਵੀਂ ਤਾਜ਼ਗੀ ਆਈ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹ ਸਲਮਾਨ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਦੋਹਾਂ ਨੇ ਕਿਸੇ ਖ਼ਾਸ ਨਸਲ, ਧਰਮ ਜਾਂ ਸਭਿਆਚਾਰ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਕੋਸ਼ਿਸ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਦੋਹਾਂ ਆਗੂਆਂ ਨੇ ਹੋਰ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਦਹਿਸ਼ਤਗਰਦ ਜਥੇਬੰਦੀਆਂ ਨੂੰ ਹਮਾਇਤ ਦੇਣ ਵਾਲੇ ਮੁਲਕਾਂ ਖ਼ਿਲਾਫ਼ ਕਾਰਵਾਈ ਕਰਨ ਤਾਂ ਜੋ ਦੁਨੀਆ ਵਿਚੋਂ ਦਹਿਸ਼ਤਗਰਦੀ ਦਾ ਮਾਹੌਲ ਖ਼ਤਮ ਕੀਤਾ ਜਾ ਸਕੇ।
ਮੋਦੀ ਵੱਲੋਂ ਸ਼ਾਹ ਨੂੰ ਕੇਰਲਾ ਮਸਜਿਦ ਦੀ ਨਕਲ ਦਾ ਤੋਹਫ਼ਾ
ਰਿਆਧ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ਼ ਨੂੰ ਸੋਨੇ ਦੇ ਪੱਤਰੇ ਵਾਲੀ ਕੇਰਲਾ ਦੀ ਮਸਜਿਦ ਦੀ ਨਕਲ ਤੋਹਫ਼ੇ ਵਜੋਂ ਭੇਟ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਟਵੀਟ ਕਰ ਕੇ ਦੱਸਿਆ ਗਿਆ ਕਿ ਤ੍ਰਿਚੂਰ ਜ਼ਿਲ੍ਹੇ ‘ਚ ਪੈਂਦੀ ਇਹ ਪਹਿਲੀ ਮਸਜਿਦ ਸੀ ਜੋ ਅਰਬ ਵਪਾਰੀਆਂ ਵੱਲੋਂ 629 ਏਡੀ ਵਿਚ ਭਾਰਤ ‘ਚ ਬਣਾਈ ਗਈ ਸੀ।
ਪ੍ਰਮਾਣੂ ਅੱਤਵਾਦ ਨਾਲ ਨਜਿੱਠਣ ਲਈ ਭਾਰਤ ਵਚਨਬੱਧ : ਮੋਦੀ
ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ‘ਪ੍ਰਮਾਣੂ ਅੱਤਵਾਦ’ ਦੇ ਖਤਰੇ ਨਾਲ ਨਜਿੱਠਣ ਲਈ ਵਚਨਬੱਧ ਹੈ। ਮੋਦੀ ਨੇ ਇਥੇ ਪ੍ਰਮਾਣੂ ਸੁਰੱਖਿਆ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਮਾਣੂ ਹਥਿਆਰਾਂ ਨੂੰ ਅੱਤਵਾਦੀਆਂ ਦੇ ਹੱਥਾਂ ਵਿਚ ਜਾਣ ਤੋਂ ਰੋਕਣ ਲਈ ਭਾਰਤ ਉੱਚ ਪੱਧਰੀ ਤਕਨੀਕ ਵਿਕਸਿਤ ਕਰ ਰਿਹਾ ਹੈ। ਪ੍ਰੰਪਰਾਗਤ ਸੁਰੱਖਿਆ ਤੋਂ ਇਲਾਵਾ ਸਾਈਬਰ ਤੇ ਤਕਨੀਕੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ। ਰੇਡੀਓਧਰਮੀ ਪਦਾਰਥਾਂ ਨੂੰ ਟਿਕਾਣੇ ਲਗਾਉਣ ਦੀ ਵਿਵਸਥਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਪ੍ਰਮਾਣੂ ਸੁਰੱਖਿਆ ਨੂੰ ਪਹਿਲ ਦਿੰਦਾ ਹੈ।
Check Also
ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਆਸਟਰੇਲੀਆ ’ਚ ਲੱਗੇਗੀ ਪਾਬੰਦੀ
ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਾਨੂੰਨ ਬਣਾਉਣ ਦੀ ਕੀਤੀ ਤਿਆਰੀ …