ਫ਼ਰੀਜ਼ਨੋ, ਕੈਲੀਫ਼ੋਰਨੀਆ/ ਬਿਊਰੋ ਨਿਊਜ਼
ਇਕ ਸਿੱਖ ਬਜ਼ੁਰਗ ਅਮਰੀਕ ਸਿੰਘ ਬੱਲ ‘ਤੇ ਹਮਲੇ ਦੇ ਮਾਮਲੇ ‘ਚ ਦੋ ਮੁੰਡਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। 68 ਸਾਲ ਦੇ ਬੱਲ ‘ਤੇ 17 ਅਤੇ 22 ਸਾਲ ਦੇ ਦੋ ਮੁੰਡਿਆਂ ਨੇ ਹਮਲਾ ਕੀਤਾ ਸੀ, ਜਿਨ੍ਹਾਂ ਵਿਚੋਂ ਇਕ ਦਾ ਨਾਮ ਡੇਨੀਅਲ ਵਿਲਸਨ ਜੂਨੀਅਰ ਅਤੇ ਦੂਜਾ ਇਲੇਕਿਸਸ ਮੇਂਡੋਜਾ ਦੱਸਿਆ ਗਿਆ ਹੈ। ਪੁਲਿਸ ਨੇ ਇਸ ਨੂੰ ਨਸਲੀ ਹਮਲਾ ਮੰਨਦਿਆਂ ਕਾਰਵਾਈ ਕੀਤੀ ਹੈ ਅਤੇ ਇਸ ਘਟਨਾ ਦੀ ਵੀਡੀਓ ਮਿਲਣ ਤੋਂ ਬਾਅਦ ਪੁਲਿਸ ਨੇ ਦੋਵਾਂ ਮੁੰਡਿਆਂ ਦੀ ਪਛਾਣ ਕਰ ਲਈ। ਫ਼ਰੀਜ਼ਨੋ ਪੁਲਿਸ ਚੀਫ਼ ਜੈਰੀ ਡਾਇਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਇਨ੍ਹਾਂ ਦੀ ਪਛਾਣ ਕੀਤੀ ਗਈ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਚੀਫ਼ ਜੇਰੀ ਡਾਇਰ ਨੇ ਦੱਸਿਆ ਕਿ ਕਾਰ ਨਾਲ ਹਿੱਟ ਹੋਣ ਤੋਂ ਬਾਅਦ ਉਹ ਹਵਾ ਵਿਚ ਉਛਲਿਆ ਅਤੇ ਸੜਕ ਦੇ ਕਿਨਾਰੇ ਨਾਲ ਵੀ ਟਕਰਾਇਆ। ਇਸ ਦੇ ਨਾਲ ਹੀ ਬੱਲ ਨੂੰ ਕੁੱਟਿਆ ਵੀ ਗਿਆ। 26 ਦਸੰਬਰ ਦੀ ਸਵੇਰੇ ਜਦੋਂ ਉਹ ਆਪਣੇ ਕੰਮ ‘ਤੇ ਜਾ ਰਹੇ ਸਨ, ਦੋ ਜਣਿਆਂ ਨੇ ਉਨ੍ਹਾਂ ‘ਤੇ ਕਾਲੀ ਕਾਰ ਨਾਲ ਹਮਲਾ ਕਰ ਦਿੱਤਾ। ਬੱਲ ‘ਤੇ ਹਮਲਾ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਹੁਣ ਦੋਵਾਂ ਹਮਲਾਵਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਘਟਨਾ ਦੀ ਵੀਡੀਓ ਅਨੁਸਾਰ ਬੱਲ ਉਸ ਸਮੇਂ ਸੜਕ ਪਾਰ ਕਰ ਰਿਹਾ ਸੀ ਕਿ ਉਸ ਨੂੰ ਇਕ ਕਾਰ ਨੇ ਹਿੱਟ ਕਰ ਦਿੱਤਾ। ਉਹ ਕਰੀਬ ਛੇ ਮਿੰਟ ਤੱਕ ਸੜਕ ‘ਤੇ ਹੀ ਬੇਹੋਸ਼ ਪਿਆ ਰਿਹਾ। ਇਹ ਵੀ ਸਪੱਸ਼ਟ ਦਿਖਾਈ ਦੇ ਰਿਹਾ ਸੀ ਕਿ ਕਾਰ ਸਵਾਰਾਂ ਨੇ ਉਨ੍ਹਾਂ ਨੂੰ ਜਾਣ-ਬੁੱਝ ਕੇ ਹਿੱਟ ਕੀਤਾ।
ਫ਼ਰੀਜ਼ਨੋ ਪੁਲਿਸ ਦਾ ਮੰਨਣਾ ਹੈ ਕਿ ਸਿੰਘ ਨੂੰ ਨਸਲੀ ਟਿੱਪਣੀਆਂ ਅਤੇ ਹਮਲਿਆਂ ਦਾ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਉਹ ਦਸਤਾਰ ਬੰਨ੍ਹਦੇ ਹਨ ਅਤੇ ਈਸਟ ਇੰਡੀਅਨ ਕੱਪੜੇ ਪਹਿਨਦਾ ਸੀ। ਪੁਲਿਸ ਨੇ ਐਫ਼.ਬੀ.ਆਈ. ਦੇ ਨਾਲ ਕੰਮ ਕਰਕੇ ਇਲੈਕਟ੍ਰਾਨਿਕ ਪ੍ਰਮਾਣ ਹਾਸਲ ਕੀਤੇ ਅਤੇ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ। ਅਸੀਂ ਇਸ ਤਰ੍ਹਾਂ ਦੇ ਕਿਸੇ ਹਮਲੇ ਨੂੰ ਸਹਿਣ ਨਹੀਂ ਕਰ ਸਕਦੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਪੁਲਿਸ ਦੀ ਕਾਰਵਾਈ ‘ਤੇ ਬੱਲ ਨੇ ਵੀ ਖੁਸ਼ੀ ਜਤਾਈ ਹੈ ਅਤੇ ਕਿਹਾ ਹੈ ਕਿ ਪੁਲਿਸ ਨੇ ਲਗਾਤਾਰ ਮਿਹਨਤ ਕਰਕੇ ਦੋਸ਼ੀਆਂ ਦੀ ਪਛਾਣ ਕੀਤੀ। ਮਾਮਲੇ ਦੇ ਜਾਣਕਾਰ ਇਕਬਾਲ ਗਰੇਵਾਲ ਨੇ ਦੱਸਿਆ ਕਿ 9/11 ਤੋਂ ਬਾਅਦ ਸਿੱਖਾਂ ਨੂੰ ਅਰਬ ਸਮਝ ਕੇ ਲਗਾਤਾਰ ਹਿੰਸਾ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੇਂਡੋਜਾ ਇਕ ਨਾਬਾਲਗ ਹੈ ਅਤੇ ਉਹ ਖੁਦ ਹੀ ਕਾਰ ਡਰਾਈਵ ਕਰ ਰਿਹਾ ਸੀ। ਉਸ ਨੂੰ 115,000 ਲੱਖ ਡਾਲਰ ਦੀ ਜ਼ਮਾਨਤ ਮਿਲ ਸਕਦੀ ਹੈ ਅਤੇ ਜੇਲ੍ਹ ਵਿਚ ਉਸ ‘ਤੇ 13 ਦੋਸ਼ ਲਗਾਏ ਗਏ ਹਨ। ਉਧਰ ਵਿਲਸਨ ‘ਤੇ ਹਲਕੇ ਦੋਸ਼ ਹਨ ਅਤੇ ਉਹ 25 ਹਜ਼ਾਰ ਡਾਲਰ ਦੀ ਜ਼ਮਾਨਤ ਲੈ ਸਕਦਾ ਹੈ ਅਤੇ ਉਸ ਨੂੰ 8 ਸਾਲ ਦੀ ਜੇਲ੍ਹ ਹੋ ਸਕਦੀ ਹੈ।
ਸਿੱਖ ਕੌਂਸਲ ਵਲੋਂ ਪੁਲਿਸ ਕਾਰਵਾਈ ਦੀ ਸ਼ਲਾਘਾ
ਸਿੱਖ ਕੌਂਸਲ ਆਫ਼ ਸੈਂਟਰਲ ਕੈਲੀਫ਼ੋਰਨੀਆ ਦੇ ਮੈਂਬਰ ਇਕਬਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਤਸੱਲੀਬਖ਼ਸ਼ ਕਾਰਵਾਈ ਕੀਤੀ ਹੈ। ਪੁਲਿਸ ਵਿਭਾਗ ਦੋਵਾਂ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਕਰੇਗਾ ਅਤੇ ਉਨ੍ਹਾਂ ਨੂੰ ਪੁਲਿਸ ‘ਤੇ ਪੂਰਾ ਭਰੋਸਾ ਹੈ। ਬੱਲ ‘ਤੇ ਹਮਲੇ ਦੇ ਇਕ ਹਫ਼ਤੇ ਬਾਅਦ 68 ਸਾਲ ਦੇ ਸਿੱਖ ਅਮਰੀਕੀ ਸਟੋਰ ਕਲਰਕ ਗੁਰਚਰਨ ਸਿੰਘ ਗਿੱਲ ਨੂੰ ਸ਼ੀਲਡਸ ਐਕਸਪ੍ਰੈਸ ਮਾਰਕੀਟ, ਫ਼ਰੀਜ਼ਨੋ ਵਿਚ ਹੀ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਇਕ ਜਨਵਰੀ ਦੀ ਸੀ। ਇਨ੍ਹਾਂ ਦੋਵਾਂ ਘਟਨਾਵਾਂ ਨੇ ਖੇਤਰ ਵਿਚ ਸਿੱਖਾਂ ਵਿਚ ਡਰ ਦੀ ਭਾਵਨਾ ਨੂੰ ਵਧਾਇਆ ਸੀ। ਇਕਬਾਲ ਸਿੰਘ ਨੇ ਕਿਹਾ ਕਿ ਡਰ ਅਜੇ ਵੀ ਘੱਟ ਨਹੀਂ ਹੋਇਆ ਅਤੇ ਅਜੇ ਇਹ ਕੋਈ ਨਹੀਂ ਜਾਣਦਾ ਕਿ ਕਦੋਂ ਕੀ ਹੋ ਜਾਵੇ। ਗੈਸ ਸਟੇਸ਼ਨਾਂ ਅਤੇ ਸਟੋਰਾਂ ‘ਤੇ ਕਾਫ਼ੀ ਸਿੱਖ ਕੰਮ ਕਰਦੇ ਹਨ ਅਤੇ ਉਹ ਲਗਾਤਾਰ ਜੋਖ਼ਮ ਵਿਚ ਹਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …