1.6 C
Toronto
Tuesday, December 23, 2025
spot_img
Homeਦੁਨੀਆਟਰੰਪ ਨੇ ਦਹਿਸ਼ਤਗਰਦਾਂ ਨੂੰ ਸ਼ਹਿ ਦੇਣ ਲਈ ਪਾਕਿਸਤਾਨ ਨੂੰ ਦਿੱਤੀ ਸਖਤ ਚਿਤਾਵਨੀ

ਟਰੰਪ ਨੇ ਦਹਿਸ਼ਤਗਰਦਾਂ ਨੂੰ ਸ਼ਹਿ ਦੇਣ ਲਈ ਪਾਕਿਸਤਾਨ ਨੂੰ ਦਿੱਤੀ ਸਖਤ ਚਿਤਾਵਨੀ

ਭਾਰਤ ਨੂੰ ਦੱਸਿਆ ਅਮਰੀਕਾ ਦਾ ਅਹਿਮ ਮਾਲੀ ਤੇ ਸਲਾਮਤੀ ਭਾਈਵਾਲ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਫ਼ੌਜਾਂ ਨੂੰ ਜਲਦਬਾਜ਼ੀ ਵਿੱਚ ਕੱਢੇ ਜਾਣ ਦੀ ਸੰਭਾਵਨਾ ਨੂੰ ਨਕਾਰਦਿਆਂ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਖ਼ਿਲਾਫ਼ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਜੰਗ ਮਾਰੇ ਮੁਲਕ ਅਫ਼ਗਾਨਿਸਤਾਨ ਵਿੱਚ ਭਾਰਤ ਦੇ ਵਡੇਰੇ ਰੋਲ ਦੀ ਵੀ ਉਮੀਦ ਜ਼ਾਹਰ ਕੀਤੀ। ਮੁਲਕ ਦੀਆਂ ਫ਼ੌਜਾਂ ਦੇ ਕਮਾਂਡਰ-ਇਨ-ਚੀਫ਼ ਵਜੋਂ ਟੈਲੀਵਿਜ਼ਨ ਉਤੇ ਕੌਮ ਦੇ ਨਾਂ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਅਫ਼ਗਾਨਿਸਤਾਨ ਤੇ ਦੱਖਣੀ ਏਸ਼ੀਆ ਵਿੱਚ ਅਮਰੀਕੀ ਰਣਨੀਤੀ ਦੀ ‘ਵਿਆਪਕ ਨਜ਼ਰਸਾਨੀ’ ਕੀਤੀ ਹੈ।
ਹੁਣ ਅਮਰੀਕੀ ਫ਼ੌਜਾਂ ਖ਼ਿੱਤੇ ਵਿੱਚੋਂ ਜਲਦਬਾਜ਼ੀ ਵਿਚ ਨਿਕਲਣ ਦੀ ਥਾਂ 16 ਸਾਲਾਂ ਤੋਂ ਜਾਰੀ ਇਸ ਜੰਗ ਨੂੰ ‘ਜਿੱਤਣ ਲਈ’ ਡਟੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਨੀਤੀ ਤਹਿਤ ਅਮਰੀਕਾ ਨੇ ‘ਆਪਣੇ ਸਾਰੇ ਦੁਸ਼ਮਣਾਂ’ ਆਈਐਸ, ਅਲ-ਕਾਇਦਾ ਤੇ ਤਾਲਿਬਾਨ ਨੂੰ ਜੜ੍ਹੋਂ ਪੁੱਟ ਸੁੱਟਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਅਫ਼ਗਾਨਿਸਤਾਨ ਵਿੱਚੋਂ ਫ਼ੌਜਾਂ ਕੱਢੇ ਜਾਣ ਦੇ ਹਾਮੀ ਸਨ, ਪਰ ਭਾਰੀ ਵਿਚਾਰ-ਵਟਾਂਦਰੇ ਤੋਂ ਬਾਅਦ ਉਨ੍ਹਾਂ ਸਿੱਟਾ ਕੱਢਿਆ ਕਿ ‘ਕਾਹਲੀ ਨਾਲ ਵਾਪਸੀ ਦੇ ਸਿੱਟੇ’ ਭਿਆਨਕ ਹੋਣਗੇ ਅਤੇ ਇਸ ਦਾ ਆਈਐਸ ਤੇ ਅਲ-ਕਾਇਦਾ ਨੂੰ ਫ਼ਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਨੀਤੀ ਦਾ ਇਕ ‘ਅਹਿਮ ਹਿੱਸਾ’ ਭਾਰਤ ਨਾਲ ਅਮਰੀਕਾ ਦੀ ਰਣਨੀਤਕ ਭਾਈਵਾਲੀ ਨੂੰ ‘ਹੋਰ ਵਿਕਸਤ’ ਕਰਨਾ ਵੀ ਹੈ। ਉਨ੍ਹਾਂ ਅਫ਼ਗਾਨਿਸਤਾਨ ਵਿੱਚ ਭਾਰਤ ਦੀ ਖ਼ਾਸਕਰ ਆਰਥਿਕ ਖੇਤਰ ਵਿੱਚ ਵਧੇਰੇ ਭੂਮਿਕਾ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਜੋ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਅਮਰੀਕਾ ਦਾ ਮੁੱਖ ਸੁਰੱਖਿਆ ਤੇ ਆਰਥਿਕ ਭਾਈਵਾਲ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਦੀ ਨਵੀਂ ਨੀਤੀ ਤਹਿਤ ਇਸ ਦੀ ਪਾਕਿਸਤਾਨ ਪ੍ਰਤੀ ਪਹੁੰਚ ਬਦਲੀ ਕੀਤੀ ਗਈ ਹੈ। ਉਨ੍ਹਾਂ ਕਿਹਾ, ”ਪਾਕਿਸਤਾਨ ਅਕਸਰ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਟਿਕਾਣੇ ਮੁਹੱਈਆ ਕਰਾਉਂਦਾ ਹੈ। ਇਹ ਇਕ ਬੜਾ ਵੱਡਾ ਖ਼ਤਰਾ ਹੈ।”
ਅਫ਼ਗਾਨਿਸਤਾਨ ਦੇ ਸਦਰ ਅਸ਼ਰਫ਼ ਗ਼ਨੀ ਨੇ ਆਪਣੇ ਜੰਗ-ਮਾਰੇ ਮੁਲਕ ਵਿੱਚ ਅਮਰੀਕਾ ਦੀ ਵੱਧ ਦਿਲਚਸਪੀ ਅਤੇ ਫ਼ੌਜਾਂ ਦੀ ਨਫ਼ਰੀ ਵਧਾਉਣ ਦੇ ਟਰੰਪ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।
ਦੂਜੇ ਪਾਸੇ ਤਾਲਿਬਾਨ ਨੇ ਟਰੰਪ ਦੀ ਇਸ ਰਣਨੀਤੀ ਨੂੰ ਇਹ ਕਹਿੰਦਿਆਂ ਖ਼ਾਰਜ ਕਰ ਦਿੱਤਾ ਕਿ ਇਸ ਵਿੱਚ ‘ਕੁਝ ਵੀ ਨਵਾਂ ਨਹੀਂ’ ਹੈ। ਭਾਰਤ ਨੇ ਵੀ ਅਫ਼ਗਾਨਿਸਤਾਨ ਵਿਚਲੀਆਂ ਵੰਗਾਰਾਂ ਦੇ ਟਾਕਰੇ ਲਈ ਟਰੰਪ ਦੀ ਦ੍ਰਿੜ੍ਹਤਾ ਅਤੇ ਉਨ੍ਹਾਂ ਵੱਲੋਂ ਸਰਹੱਦ ਪਾਰੋਂ ਦਹਿਸ਼ਤਗਰਦਾਂ ਨੂੰ ਮਿਲ ਰਹੇ ਸਹਿਯੋਗ ਖ਼ਿਲਾਫ਼ ਸਖ਼ਤ ਸਟੈਂਡ ਲਏ ਜਾਣ ਦੀ ਸ਼ਲਾਘਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ, ”ਭਾਰਤ ਇਨ੍ਹਾਂ ਵਿਚਾਰਾਂ ਦਾ ਹਾਮੀ ਹੈ।”

 

RELATED ARTICLES
POPULAR POSTS