ਨਵੰਬਰ 2024 ’ਚ ਹੋਵੇਗੀ ਅਮਰੀਕੀ ਰਾਸ਼ਟਰਪਤੀ ਦੀ ਚੋਣ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਲਈ ਨਵੰਬਰ 2024 ’ਚ ਹੋਣ ਵਾਲੀ ਚੋਣ ਲਈ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਤੋਂ ਆਹਮੋ-ਸਾਹਮਣੇ ਆ ਗਏ ਹਨ। ਦੋਵੇਂ ਆਗੂ ਆਪਣੀ-ਆਪਣੀ ਪਾਰਟੀ ਤੋਂ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਚੁਣੇ ਗਏ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਾਈਡਨ ਅਤੇ ਟਰੰਪ ਨੂੰ ਪਾਰਟੀ ਡੈਲੀਗੇਸ਼ਨ ਦਾ ਸਮਰਥਨ ਮਿਲ ਗਿਆ ਹੈ। ਰਿਪਬਲੀਕਨ ਪਾਰਟੀ ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣਨ ਦੇ ਲਈ ਟਰੰਪ ਨੂੰ 1215 ਡੈਲੀਗੇਟਸ ਦਾ ਸਮਰਥਨ ਚਾਹੀਦਾ ਸੀ ਜਦਕਿ ਉਨ੍ਹਾਂ ਨੂੰ 1218 ਡੈਲੀਗੇਟਸ ਸਮਰਥਨ ਮਿਲਿਆ ਹੈ। ਉਧਰ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੂੰ ਡੈਮੋਕਰੇਟਿਕ ਪਾਰਟੀ ਦਾ ਉਮੀਦਵਾਰ ਬਣਨ ਲਈ 1969 ਡੈਲੀਗੇਟਸ ਦਾ ਸਮਰਥਨ ਚਾਹੀਦਾ ਸੀ ਪ੍ਰੰਤੂ ਬਾਈਡਨ ਨੂੰ 2107 ਡੈਲੀਗੇਟਸ ਦਾ ਸਮਰਥਨ ਪ੍ਰਾਪਤ ਹੋਇਆ। ਜਿਸ ਤੋਂ ਬਾਅਦ ਬਾਈਡਨ ਨੇ ਕਿਹਾ ਕਿ ਹੁਣ ਵੋਟਰਾਂ ਦੇ ਕੋਲ ਦੇਸ਼ ਦੇ ਭਵਿੱਖ ਲਈ ਫੈਸਲਾ ਲੈਣ ਦਾ ਸਮਾਂ ਹੈ। ਅਸੀਂ ਲੋਕਤੰਤਰ ਦੀ ਰੱਖਿਆ ਕਰਾਂਗੇ ਅਤੇ ਇਸ ਨੂੰ ਟੁੱਟਣ ਨਹੀਂ ਦਿਆਂਗੇ। ਉਧਰ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਮੈਂ ਚੋਣ ਜਿੱਤਦਾ ਹਾਂ ਸੰਸਦ ’ਤੇ ਹਮਲੇ ਦੇ ਆਰੋਪੀ ਆਪਣੇ ਸਾਰੇ ਸਮਰਥਕਾਂ ਨੂੰ ਰਿਹਾਅ ਕਰਾਂਗਾ।