
ਯੁੱਧ ਦੇ ਦੌਰਾਨ ਬਚਾਅ ਦੇ ਦੱਸੇ ਜਾਣਗੇ ਤਰੀਕੇ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਚੱਲਦਿਆਂ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਪ੍ਰਭਾਵਸ਼ਾਲੀ ਨਾਗਰਿਕ ਰੱਖਿਆ ਦਾ ਮੁਲਾਂਕਣ ਕਰਨ ਲਈ ਭਲਕੇ 7 ਮਈ ਨੂੰ ਦੇਸ਼ ਭਰ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕਰਨ ਦੇ ਆਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਨੇ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਓਡੀਸ਼ਾ ਅਤੇ ਪੱਛਮੀ ਬੰਗਾਲ ਸਣੇ 244 ਜ਼ਿਲ੍ਹਿਆਂ ਵਿਚ ਭਲਕੇ ਬੁੱਧਵਾਰ ਨੂੰ ਇਕ ਦੇਸ਼ ਵਿਆਪੀ ਨਾਗਰਿਕ ਰੱਖਿਆ ਮੌਕ ਡਰਿੱਲ ਦਾ ਐਲਾਨ ਕੀਤਾ। ਚੰਡੀਗੜ੍ਹ ਅਤੇ ਸ਼ਿਮਲਾ ਵੀ ਇਸ ਡਰਿੱਲ ਦਾ ਹਿੱਸਾ ਹੋਣਗੇ। ਇਸ ਮੌਕ ਡਰਿੱਲ ਦੌਰਾਨ ਯੁੱਧ ਦੇ ਮੌਕੇ ’ਤੇ ਬਚਾਅ ਦੇ ਤਰੀਕੇ ਦੱਸੇ ਜਾਣਗੇ। ਜ਼ਿਕਰਯੋਗ ਹੈ ਕਿ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਵਿੱਚ 26 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਸ ਤੋਂ ਬਾਅਦ ਦੇਸ਼ ਭਰ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਪਹਿਲਗਾਮ ’ਚ ਹੋਏ ਹਮਲੇ ਤੋਂ ਤਿੰਨ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਟੈਲੀਜੈਂਸ ਦਾ ਇਨਪੁਟ ਸੀ। ਇਸ ਲਈ ਉਨ੍ਹਾਂ ਨੇ ਆਪਣਾ ਕਸ਼ਮੀਰ ਦੌਰਾ ਰੱਦ ਕਰ ਦਿੱਤਾ, ਪਰ ਆਮ ਲੋਕਾਂ ਦੀ ਸੁਰੱਖਿਆ ਲਈ ਵਿਵਸਥਾ ਨਹੀਂ ਕੀਤੀ।