ਓਟਵਾ/ਬਿਊਰੋ ਨਿਊਜ਼ : ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਆਖਿਆ ਕਿ ਅਮਰੀਕਾ ਤੇ ਮੈਕਸਿਕੋ ਨਾਲ ਫੀਫਾ ਵਰਲਡ ਕੱਪ 2026 ਦੇ ਸਾਂਝੇ ਮੇਜ਼ਬਾਨ ਵਜੋਂ ਕੈਨੇਡੀਅਨਜ਼ ਨਾਲ ਰਲ ਕੇ ਜਸ਼ਨ ਮਨਾਉਣ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ। ਇਹ ਇੱਕ ਇਤਿਹਾਸਕ ਈਵੈਂਟ ਹੋਵੇਗਾ ਜਿਸ ਵਿੱਚ ਸਾਡੀ ਵੰਨ ਸੁਵੰਨਤਾ, ਮੇਜ਼ਬਾਨੀ ਤੇ ਲੀਡਰਸ਼ਿਪ ਦੀ ਝਲਕ ਨਜ਼ਰ ਆਵੇਗੀ। ਫੀਫਾ ਵਰਲਡ ਕੱਪ ਦੇ ਕੁੱਝ ਮੈਚ, ਜੋ ਕਿ 11 ਜੂਨ ਤੋਂ 19 ਜੁਲਾਈ, 2026 ਤੱਕ ਹੋਣੇ ਹਨ, ਕੈਨੇਡਾ ਵਿੱਚ ਟੋਰਾਂਟੋ ਤੇ ਵੈਨਕੂਵਰ ਵਿੱਚ ਖੇਡੇ ਜਾਣਗੇ। ਇਸ ਸਮੇਂ ਕੈਨੇਡਾ ਦੁਨੀਆਂ ਭਰ ਤੋਂ ਐਥਲੀਟਸ, ਕੋਚਿਜ਼, ਅਧਿਕਾਰੀਆਂ, ਵਾਲੰਟੀਅਰਜ਼ ਤੇ ਫੈਨਜ਼ ਦਾ ਸਵਾਗਤ ਕਰਨ ਲਈ ਤਿਆਰ ਹੈ। ਇਸ ਲਈ ਆਈਆਰਸੀਸੀ, ਫੀਫਾ ਤੇ ਫੈਡਰਲ ਭਾਈਵਾਲਾਂ ਨਾਲ ਰਲ ਕੇ ਸੱਭ ਦੀ ਇਮੀਗ੍ਰੇਸ਼ਨ ਸਕਰੀਨਿੰਗ ਸਮੇਂ ਸਿਰ ਕਰਵਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਵਿਜ਼ੀਟਰਜ਼ ਨੂੰ ਕਿਸੇ ਵੀ ਤਰ੍ਹਾਂ ਦੀ ਅਸਹੂਲਤ ਤੇ ਦੇਰ ਤੋਂ ਬਚਣ ਲਈ ਜਲਦ ਅਪਲਾਈ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਮੈਚਾਂ ਨੂੰ ਵੇਖਣ ਦੇ ਚਾਹਵਾਨਾਂ ਨੂੰ ਕੈਨੇਡਾ ਟਰੈਵਲ ਕਰਨ ਲਈ ਜਾਂ ਦੇਸ਼ ਵਿੱਚ ਸਫਰ ਕਰਨ ਲਈ ਵੀਜ਼ਾ ਜਾਂ ਇਲੈਕਟ੍ਰੌਨਿਕ ਟਰੈਵਲ ਆਥਰਾਈਜੇਸ਼ਨ ਦੀ ਲੋੜ ਹੋਵੇਗੀ।

