
ਕਿਹਾ : ਮੈਂ 8 ਯੁੱਧ ਰੁਕਵਾਏ ਅਤੇ ਦੁਨੀਆ ਤਬਾਹ ਹੋਣ ਤੋਂ ਰੋਕੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਸ਼ਾਂਤੀ ਨੋਬਲ ਪੁਰਸਕਾਰ ’ਤੇ ਆਪਣੀ ਦਾਅਵੇਦਾਰੀ ਜਤਾਈ ਹੈ। ਜ਼ਿਕਰਯੋਗ ਹੈ ਕਿ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਭਲਕੇ 9 ਅਕਤੂਬਰ ਨੂੰ ਹੋਣਾ ਹੈ। ਇਸ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਕਿਹਾ ਹੈ ਕਿ ਇਹ ਪੁਰਸਕਾਰ ਮੈਨੂੰ ਮਿਲਣਾ ਚਾਹੀਦਾ ਹੈ। ਜੇਕਰ ਨੋਬਲ ਕਮੇਟੀ ਉਨ੍ਹਾਂ ਨੂੰ ਇਹ ਪੁਰਸਕਾਰ ਨਹੀਂ ਦਿੰਦੀ ਤਾਂ ਇਸ ਨਾਲ ਨੋਬਲ ਕਮੇਟੀ ਦੀ ਬਹੁਤ ਜ਼ਿਆਦਾ ਬਦਨਾਮੀ ਹੋਵੇਗੀ। ਟਰੰਪ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਤਾਰੀਫ ਨਹੀਂ ਕਰ ਰਿਹਾ ਹਾਂ ਅਤੇ ਸਿਰਫ ਤੱਥ ਦੱਸ ਰਿਹਾ ਹੈ। ਟਰੰਪ ਨੇ ਕਿਹਾ ਕਿ ਮੈਂ 8 ਯੁੱਧ ਰੁਕਵਾਏ ਹਨ ਅਤੇ ਦੁਨੀਆ ਤਬਾਹ ਹੋਣ ਤੋਂ ਬਚਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਸ਼ਟਰਪਤੀ ਨੇ ਇੰਨੇ ਮਸਲੇ ਨਹੀਂ ਸੁਲਝਾਏ। ਅਮਰੀਕੀ ਰਾਸ਼ਟਰਪਤੀ ਟਰੰਪ ਨੇ 2009 ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲੇ ਨੋਬਲ ਸ਼ਾਂਤੀ ਪੁਰਸਕਾਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਓਬਾਮਾ ਨੂੰ ਇਹ ਪੁਰਸਕਾਰ ਮਿਲਣ ਦਾ ਕਾਰਨ ਉਨ੍ਹਾਂ ਨੂੰ ਖੁਦ ਵੀ ਪਤਾ ਨਹੀਂ ਸੀ। ਜ਼ਿਕਰਯੋਗ ਹੈ ਕਿ ਟਰੰਪ 2018 ਤੋਂ ਨੋਬਲ ਪੁਰਸਕਾਰ ਦੀ ਮੰਗ ਕਰ ਰਹੇ ਹਨ।

