ਯੂਕਰੇਨ ਦੀ ਮਦਦ ਕਰਨ ਦੇ ਏਵਜ ਵਿੱਚ ਰੂਸ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਵਿਦੇਸ਼ ਮੰਤਰੀ ਮਿਲੇਨੀ ਜੋਲੀ ‘ਤੇ ਰੱਖਿਆ ਮੰਤਰੀ ਅਨੀਤਾ ਆਨੰਦ ਦੇ ਨਾਲ ਨਾਲ ਸੈਂਕੜੇ ਹੋਰਨਾਂ ਕੈਨੇਡੀਅਨਜ਼ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।
ਰੂਸ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਉੱਤੇ ਪੋਸਟ ਕੀਤੇ ਬਿਆਨ ਵਿੱਚ ਆਖਿਆ ਗਿਆ ਕਿ ਕੈਨੇਡੀਅਨ ਪਾਰਲੀਆਮੈਂਟ ਦੇ ਕਈ ਮੈਂਬਰਾਂ ਤੇ ਅਹਿਮ ਅਹੁਦਿਆਂ ਉੱਤੇ ਤਾਇਨਾਤ ਹੋਰਨਾਂ ਕੈਨੇਡੀਅਨਜ਼ ਨੂੰ ਰਸ਼ੀਅਨ ਫੈਡਰੇਸ਼ਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।
ਰੂਸ ਵੱਲੋਂ ਅਜਿਹਾ ਕੈਨੇਡਾ ਨਾਲ ਬਦਲਾ-ਲਊ ਕਾਰਵਾਈ ਤਹਿਤ ਕੀਤਾ ਗਿਆ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਕੁੱਲ 313 ਕੈਨੇਡੀਅਨਜ਼ ਦੇ ਰੂਸ ਆਉਣ ਉੱਤੇ ਪਾਬੰਦੀ ਲਾਈ ਹੈ ਤੇ ਇਨ੍ਹਾਂ ਵਿੱਚ ਚੀਫ ਆਫ ਦ ਡਿਫੈਂਸ ਸਟਾਫ ਜਨਰਲ ਵੇਅਨ ਆਇਰ ਵੀ ਸ਼ਾਮਲ ਹਨ। ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਉੱਤੇ ਰੂਸ ਵੱਲੋਂ ਪਹਿਲਾਂ ਹੀ ਪਾਬੰਦੀ ਲਾਈ ਗਈ ਹੈ।
ਯੂਕਰੇਨ ਉੱਤੇ ਰੂਸ ਵੱਲੋਂ ਕੀਤੇ ਗਏ ਹਮਲੇ ਦੇ ਸਬੰਧ ਵਿੱਚ ਇਸ ਮਹੀਨੇ ਦੇ ਅੰਤ ਵਿੱਚ ਹੋਣ ਜਾ ਰਹੀ ਨਾਟੋ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਰੱਸਲਜ਼ ਜਾਣਗੇ। ਇਹ ਮੀਟਿੰਗ ਬੈਅਜੀਅਮ ਦੀ ਰਾਜਧਾਨੀ ਬਰੱਸਲਜ਼ ਵਿੱਚ 24 ਮਾਰਚ ਨੂੰ ਹੋਵੇਗੀ।