ਸੂਬਾ ਸਰਕਾਰ ਨੇ ਚਾਰਟਰਡ ਫਲਾਈਟ ਕਰਵਾਈ ਬੁੱਕ
ਚੰਡੀਗੜ੍ਹ/ਬਿਊਰੋ ਨਿਊਜ਼
ਭਗਵੰਤ ਮਾਨ ਸਰਕਾਰ ਹੁਣ ਸੂਬੇ ਦੇ ਬਜ਼ੁਰਗਾਂ ਨੂੰ ਹਵਾਈ ਜਹਾਜ਼ ਰਾਹੀਂ ਤੀਰਥ ਯਾਤਰਾ ਕਰਵਾਉਣ ਦੀ ਤਿਆਰੀ ਵਿਚ ਹੈ। ਕੇਂਦਰ ਸਰਕਾਰ ਵਲੋਂ ਰੇਲ ਗੱਡੀਆਂ ਮੁਹੱਈਆ ਨਾ ਕਰਵਾਏ ਜਾਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ, ਇਸ ਫੈਸਲੇ ਤਹਿਤ ਹੁਣ ਸੂਬਾ ਸਰਕਾਰ ਬਜ਼ੁਰਗਾਂ ਨੂੰ ਹਵਾਈ ਜਹਾਜ਼ ਰਾਹੀਂ ਤੀਰਥ ਯਾਤਰਾ ਕਰਵਾਏਗੀ। ਇਸਦੇ ਲਈ ਸਰਕਾਰ ਨੇ ਚਾਰਟਰਡ ਫਲਾਈਟ ਵੀ ਬੁੱਕ ਕਰਵਾ ਲਈ ਹੈ। ਪੰਜਾਬ ਸਰਕਾਰ ਵੱਲੋਂ 27 ਨਵੰਬਰ 2023 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਸੀ। ਉਦੋਂ ਤੋਂ ਹੁਣ ਤੱਕ ਸਿਰਫ਼ ਇੱਕ ਰੇਲਗੱਡੀ ਹੀ ਸ਼ਰਧਾਲੂਆਂ ਨੂੰ ਲਿਜਾ ਸਕੀ ਹੈ ਅਤੇ ਜਲੰਧਰ ਤੋਂ ਵਾਰਾਣਸੀ ਜਾਣ ਵਾਲੀ ਰੇਲਗੱਡੀ ਨੂੰ ਕੇਂਦਰ ਸਰਕਾਰ ਵਲੋਂ ਰੱਦ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।