2 ਫਰਵਰੀ ਤੋਂ ‘ਆਪ’ ਦੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
ਜਲੰਧਰ/ਬਿਊਰੋ ਨਿਊਜ਼
ਜਲੰਧਰ ਦੇ ਲਤੀਫਪੁਰਾ ਵਿਚ ਪ੍ਰਸ਼ਾਸਨ ਵਲੋਂ ਘਰ ਢਾਹੇ ਜਾਣ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਸਾਨ ਜਥੇਬੰਦੀਆਂ ਨੇ ਲੰਘੇ ਕੱਲ੍ਹ 26 ਜਨਵਰੀ ਨੂੰ ਪੁਲਿਸ ਨਾਲ ਹੋਈ ਖਿੱਚ ਧੂਹ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ 2 ਫਰਵਰੀ ਤੋਂ ਜਲੰਧਰ ਦੇ ‘ਆਪ’ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨਗੇ ਅਤੇ ਘਰਾਂ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ ਉਹ 26 ਜਨਵਰੀ ਨੂੰ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਨੂੰ ਮੰਗ ਪੱਤਰ ਸੌਂਪਣਗੇ, ਪਰ ਪੁਲਿਸ ਨੇ ਕਿਸਾਨਾਂ ਅਤੇ ਲਤੀਫਪੁਰਾ ਦੇ ਪੀੜਤਾਂ ਦਾ ਰਸਤਾ ਰੋਕ ਲਿਆ। ਏਨਾ ਹੀ ਨਹੀਂ ਪੁਲਿਸ ਨੇ ਮਹਿਲਾਵਾਂ ਅਤੇ ਬਜ਼ੁਰਗਾਂ ਨਾਲ ਧੱਕਾਮੁੱਕੀ ਵੀ ਕੀਤੀ। ਇਸ ਮੌਕੇ ਮਾਹੌਲ ਵੀ ਤਣਾਅਪੂੁਰਨ ਹੋ ਗਿਆ ਸੀ। ਦੱਸਣਯੋਗ ਹੈ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਵੱਲੋਂ ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੀ 14 ਮੈਂਬਰੀ ਕਮੇਟੀ ਨਾਲ ਸਰਕਟ ਹਾਊਸ ਜਲੰਧਰ ਵਿੱਚ ਮੀਟਿੰਗ ਕੀਤੀ ਗਈ ਸੀ। ਦੋ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵਸੇਬੇ ਲਈ ਬਦਲਵੀਂ ਥਾਂ ਦੇਣ ਦੀ ਪੇਸ਼ਕਸ਼ ਰੱਖੀ ਗਈ, ਜਦਕਿ ਕਮੇਟੀ ਮੈਂਬਰਾਂ ਨੇ ਮੁੜ ਉਸੇ ਥਾਂ ਵਸਾਏ ਜਾਣ ਦੀ ਮੰਗ ਰੱਖੀ, ਜਿਥੋਂ ਉਨ੍ਹਾਂ ਨੂੰ ਉਜਾੜਿਆ ਗਿਆ ਹੈ। ਇਸ ਮੁੱਦੇ ’ਤੇ ਦੋਵੇਂ ਧਿਰਾਂ ਵਿਚਾਲੇ ਕੋਈ ਸਹਿਮਤੀ ਨਾ ਬਣਨ ਕਾਰਨ ਗੱਲਬਾਤ ਵਿੱਚ ਹੀ ਰਹਿ ਗਈ ਸੀ। ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੇ ਆਗੂਆਂ ਨੇ ਜ਼ੋਰ ਦਿੱਤਾ ਕਿ ਉਜਾੜੇ ਗਏ ਲੋਕਾਂ ਨੂੰ ਮੁੜ ਲਤੀਫਪੁਰਾ ਵਿੱਚ ਹੀ ਵਸਾਇਆ ਜਾਵੇ।