ਭਾਰਤ ਜੋੜੋ ਯਾਤਰਾ ਨੂੰ ਅੱਜ ਲੱਗੀ ਬਰੇਕ
ਸ੍ਰੀਨਗਰ/ਬਿਊਰੋ ਨਿਊਜ਼
ਕਾਂਗਰਸ ਨੇ ਜੰਮੂ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਵਿਚ ਹੋਈ ਵੱਡੀ ਅਣਗਹਿਲੀ ਦਾ ਆਰੋਪ ਲਗਾਇਆ ਹੈ। ਕਾਂਗਰਸ ਆਗੂ ਰਜਨੀ ਪਾਟਿਲ ਨੇ ਕਿਹਾ ਕਿ ਜੰਮੂ-ਕਸ਼ਮੀਰ ਯੂ.ਟੀ. ਪ੍ਰਸ਼ਾਸਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਅਸਫਲ ਰਿਹਾ ਹੈ। ਸੁਰੱਖਿਆ ਵਿਚ ਇਹ ਕਮੀਆਂ ਯੂ.ਟੀ. ਪ੍ਰਸ਼ਾਸਨ ਦੇ ਅਣਉਚਿਤ ਰਵੱਈਏ ਨੂੰ ਦਰਸਾਉਂਦੀਆਂ ਹਨ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਜੰਮੂ ਕਸ਼ਮੀਰ ਦੇ ਕਾਜੀਗੁੰਡ ਵਿਚ ਐਂਟਰੀ ਤੋਂ ਸਿਰਫ ਇਕ ਕਿਲੋਮੀਟਰ ਬਾਅਦ ਹੀ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਰੋਕ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਦੇ ਸੁਰੱਖਿਆ ਘੇਰੇ ਵਿਚ ਕਈ ਵਿਅਕਤੀ ਦਾਖਲ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਰਾਹੁਲ ਗਾਂਧੀ ਅਤੇ ਉਮਰ ਅਬਦੁੱਲਾ ਨੂੰ ਗੱਡੀ ਵਿਚ ਬਿਠਾ ਕੇ ਅਨੰਤਨਾਗ ਲੈ ਗਈ। ਉਧਰ ਦੂਜੇ ਪਾਸੇ ਸੀਨੀਅਰ ਕਾਂਗਰਸੀ ਆਗੂ ਕੇ.ਸੀ. ਵੇਣੂਗੋਪਾਲ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਹੋਈ ਅਣਗਹਿਲੀ ਨੂੰ ਲੈ ਕੇ ਨਰਾਜ਼ਗੀ ਜ਼ਾਹਰ ਕੀਤੀ ਹੈ। ਵੇਣੂਗੋਪਾਲ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ’ਤੇ ਸਿਆਸੀ ਨਿਸ਼ਾਨਾ ਸਾਧਿਆ। ਵੇਣੂਗੋਪਾਲ ਨੇ ਰਾਹੁਲ ਦੀ ਸੁਰੱਖਿਆ ਵਿਚ ਹੋਈ ਅਣਗਹਿਲੀ ਲਈ ਪੁਲਿਸ ਦੇ ਅਧਿਕਾਰੀਆਂ ਅਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਧਿਆਨ ਰਹੇ ਕਿ ਰਾਹੁਲ ਗਾਂਧੀ ਦੀ ਅਗਵਾਈ ਵਿਚ ਚੱਲ ਰਹੀ ਕਾਂਗਰਸ ਪਾਰਟੀ ਦੀ ਭਾਰਤ ਜੋੜੋ ਯਾਤਰਾ 30 ਜਨਵਰੀ ਨੂੰ ਸ੍ਰੀਨਗਰ ਵਿਚ ਸਮਾਪਤ ਹੋਣੀ ਹੈ।