Breaking News
Home / ਪੰਜਾਬ / ‘ਆਪ’ ਨੇ ਆਪਣੀ ਹਾਰ ਆਪ ਸਹੇੜੀ

‘ਆਪ’ ਨੇ ਆਪਣੀ ਹਾਰ ਆਪ ਸਹੇੜੀ

ਆਪੋ-ਧਾਪੀ ਦੀ ਰਣਨੀਤੀ ਕਾਰਨ ਪਾਰਟੀ ਪੰਜਾਬ ਵਿੱਚੋਂ ਜਿੱਤੀ ਬਾਜ਼ੀ ਹਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ (ਆਪ) ਆਪੋ-ਧਾਪੀ ਦੀ ਰਣਨੀਤੀ ਕਾਰਨ ਪੰਜਾਬ ਵਿੱਚੋਂ ਜਿੱਤੀ ਬਾਜ਼ੀ ਹਾਰ ਗਈ ਹੈ। ਕੁੱਝ ਆਗੂਆਂ ਵੱਲੋਂ ਖ਼ੁਦ ਨੂੰ ਮੁੱਖ ਮੰਤਰੀ ਦੀ ਦੌੜ ਵਿੱਚ ਬਰਕਰਾਰ ਰੱਖਣ ਲਈ ਵਿਆਪਕ ਆਧਾਰ ਵਾਲੇ ਲੀਡਰਾਂ ਲਈ ਪਾਰਟੀ ਦੇ ਬੂਹੇ ਬੰਦ ਕਰਨ ਅਤੇ ਦਿੱਲੀ ਦੀ ਟੀਮ ਵੱਲੋਂ ਸਮੁੱਚੀ ਖੇਡ ਆਪਣੀ ਮੁੱਠੀ ਵਿੱਚ ਬੰਦ ਰੱਖਣ ਦੀ ਸਿਆਸਤ ਕਾਰਨ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਦਾ ਮੂੰਹ ਦੇਖਣਾ ਪਿਆ।
ਪਾਰਟੀ ਦੀ ਅਣਕਿਆਸੀ ਹਾਰ ਕਾਰਨ ਹੇਠਲੇ ਪੱਧਰ ਦੇ ਆਗੂਆਂ ਤੇ ਵਾਲੰਟੀਅਰਾਂ ਵੱਲੋਂ ਸੂਬਾਈ ਤੇ ਕੌਮੀ ਲੀਡਰਸ਼ਿਪ ਨੂੰ ਕੋਸਣ ਦਾ ਦੌਰ ਜਾਰੀ ਰਿਹਾ। ਇਸ ਕਾਰਨ ਅਗਲੇ ਦਿਨੀਂ ਪਾਰਟੀ ਵਿੱਚ ਕਈ ਸਿਆਸੀ ਧਮਾਕੇ ਹੋਣ ਦੇ ਸੰਕੇਤ ਮਿਲੇ ਹਨ। ਪਾਰਟੀ ਨੇ ਆਪਣੀ ਸਹਿਯੋਗੀ ਲੋਕ ਇਨਸਾਫ਼ ਪਾਰਟੀ ਸਮੇਤ 22 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਦਾ ਸਥਾਨ ਤਾਂ ਹਾਸਲ ਕਰ ਲਿਆ ਪਰ ਲੀਡਰਸ਼ਿਪ ਬੁਰੀ ਤਰ੍ਹਾਂ ਨਿਰਾਸ਼ ਨਜ਼ਰ ਆ ਰਹੀ ਹੈ। ਕੋਈ ਵੀ ਵੱਡਾ-ਛੋਟਾ ਆਗੂ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ। ਪਾਰਟੀ ਲੀਡਰਸ਼ਿਪ ਵੱਲੋਂ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਜਗਮੀਤ ਬਰਾੜ ਤੇ ਓਲੰਪੀਅਨ ਪਰਗਟ ਸਿੰਘ ਵਰਗੇ ਸਿਆਸੀ ਲੀਡਰਾਂ ਨੂੰ ਸ਼ਾਮਲ ਨਾ ਕਰਨ ਕਰਕੇ ਇਹ ਪਾਰਟੀ ਮਹਿਜ਼ ਇਕ-ਦੋ ਲੀਡਰਾਂ ਦੀ ‘ਗੁਲਾਮ’ ਬਣ ਕੇ ਰਹਿ ਗਈ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੀ ਸਥਾਪਤ ਪਾਰਟੀ ਕਾਂਗਰਸ ਨੇ ਤਾਂ ਬਾਅਦ ਵਿੱਚ ਮਨਪ੍ਰੀਤ ਬਾਦਲ, ਨਵਜੋਤ ਸਿੱਧੂ ਤੇ ਪਰਗਟ ਸਿੰਘ ਨੂੰ ਆਪਣੇ ਨਾਲ ਰਲਾ ਲਿਆ ਪਰ ਪਹਿਲੀ ਵਾਰ ਸੂਬੇ ਦੇ ਸਿਆਸੀ ਅਖਾੜੇ ਵਿੱਚ ਆਈ ‘ਆਪ’ ਦੀ ਲੀਡਰਸ਼ਿਪ ਨੇ ਅਜਿਹੇ ਪਰਪੱਕ ਲੀਡਰਾਂ ਨੂੰ ਨੇੜੇ ਨਹੀਂ ਢੁੱਕਣ ਦਿੱਤਾ।
ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਕਈ ਮਹੀਨੇ ‘ਆਪ’ ਦੀ ਬਿਨਾ ਸ਼ਰਤ ਹਮਾਇਤ ਕਰਨ ਤੋਂ ਬਾਅਦ ਅਖੀਰ ਤ੍ਰਿਣਮੂਲ ਕਾਂਗਰਸ ਦਾ ਹੱਥ ਫੜਨ ਲਈ ਮਜਬੂਰ ਹੋ ਗਏ। ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਨਾਟਕੀ ਢੰਗ ਨਾਲ ਬਰਖ਼ਾਸਤ ਕਰਕੇ ਆਪਣੇ ਪੈਰ ‘ਤੇ ਆਪ ਕੁਹਾੜਾ ਮਾਰ ਲਿਆ। ਇਸ ਕਾਰਨ ਪਾਰਟੀ ਦੇ 13 ਵਿੱਚੋਂ 6 ਜ਼ੋਨਲ ਇੰਚਾਰਜ ਬਾਗ਼ੀ ਹੋ ਗਏ ਤੇ ਵਾਲੰਟੀਅਰ ਵੀ ઠਵਿਆਪਕ ਪੱਧਰ ‘ਤੇ ਨਾਰਾਜ਼ ਹੋ ਗਏ। ਪੰਜਾਬ ਦੀਆਂ ਦੋ ਹਾਕੀ ਸ਼ਖ਼ਸੀਅਤਾਂ ਰਾਜਬੀਰ ਕੌਰ ਤੇ ਸੁਰਿੰਦਰ ਸਿੰਘ ਸੋਢੀ ਵੀ ਪਾਰਟੀ ਛੱਡਣ ਲਈ ਮਜਬੂਰ ਹੋਏ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਆਪਣੇ ਦੋ ਸੰਸਦ ਮੈਂਬਰਾਂ ਡਾ. ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਸਮੇਤ ਡਾ. ਦਲਜੀਤ ਸਿੰਘ ਅੰਮ੍ਰਿਤਸਰ ਨੂੰ ਪਾਰਟੀ ਵਿੱਚੋਂ ਪਾਸੇ ਕਰਨ ਕਰ ਕੇ ‘ਆਪ’ ਕੋਲ ਮਹਿਜ਼ ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਹੀ ਦੋ ਮੁੱਖ ਆਗੂ ਬਚੇ ਸਨ ਕਿਉਂਕਿ ਐਚ.ਐਸ. ਫੂਲਕਾ, ਕੰਵਰ ਸੰਧੂ, ਸੁਖਪਾਲ ਸਿੰਘ ਖਹਿਰਾ ਵਰਗੇ ਸਮਰੱਥ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਨਹੀਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਪ੍ਰੋ. ਮਨਜੀਤ ਸਿੰਘ ਤੇ ਸੁਮੇਲ ਸਿੰਘ ਵਰਗੇ ਆਗੂ ਵੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।
ਪਾਰਟੀ ਵਿੱਚ ਪੈਦਾ ਹੋਈ ਅਜਿਹੀ ਸਥਿਤੀ ਕਾਰਨ ਪੰਜਾਬੀਆਂ ਦਾ ‘ਆਪ’ ਉਪਰ ਪੈਦਾ ਹੋਇਆ ਅਥਾਹ ਵਿਸ਼ਵਾਸ 4 ਫਰਵਰੀ ਨੂੰ ਵੋਟਾਂ ਪੈਣ ਤੱਕ ਖੁਰਦਾ ਗਿਆ। ਪਾਰਟੀ ਦੀ ਅਜਿਹੀ ਰਣਨੀਤੀ ਕਾਰਨ ਹੀ ਅਕਾਲੀ ਦਲ ਦਾ ਸਫ਼ਾਇਆ ਕਰਨ ਲਈ ਮੈਦਾਨ ਵਿੱਚ ਨਿੱਤਰੇ ਚਾਰ ਪ੍ਰਮੁੱਖ ਆਗੂ ਭਗਵੰਤ ਮਾਨ, ਹਿੰਮਤ ਸਿੰਘ ਸ਼ੇਰਗਿੱਲ, ਹਰਜੋਤ ਬੈਂਸ ਤੇ ਗੁਰਪ੍ਰੀਤ ਸਿੰਘ ਵੜੈਚ ਨੂੰ ਕ੍ਰਮਵਾਰ ਅਕਾਲੀ ਉਮੀਦਵਾਰਾਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ ਤੇ ਲਖਬੀਰ ਸਿੰਘ ਹੱਥੋਂ ਚਿੱਤ ਹੋਣਾ ਪਿਆ।
ਵਿਰੋਧੀ ਧਿਰ ਦਾ ਆਗੂ ਬਣਨ ਲਈ ਦੌੜ ਸ਼ੁਰੂ : ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਬਣਨ ਲਈ ‘ਆਪ’ ਵਿੱਚ ਦੌੜ ਸ਼ੁਰੂ ਹੋ ਗਈ ਹੈ। ਸੂਤਰਾਂ ਅਨੁਸਾਰ ਇਸ ਦੌੜ ਵਿੱਚ ਸੀਨੀਅਰ ਵਕੀਲ ਐਚਐਸ ਫੂਲਕਾ, ਕੰਵਰ ਸੰਧੂ ਅਤੇ ਸੁਖਪਾਲ ਸਿੰਘ ઠਖਹਿਰਾ ਦੇ ਨਾਮ ਚੱਲ ਰਹੇ ਹਨ। ਦੱਸਣਯੋਗ ਹੈ ਕਿ ਘੁੱਗੀ ਤੇ ਮਾਨ ਦੇ ਚੋਣ ਹਾਰਨ ਕਾਰਨ ਹੁਣ ਇਹ ਤਿੰਨੋਂ ਸੀਨੀਅਰ ਬਚੇ ਹਨ।

ਆਮ ਆਦਮੀ ਪਾਰਟੀ ਵਿਧਾਇਕ ਦਲ ‘ਚ ਧਮਾਕੇ ਦੇ ਆਸਾਰ?
ਪਟਿਆਲਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਵੱਲੋਂ ਪਾਰਟੀ ਹਾਈ ਕਮਾਂਡ ਖਿਲਾਫ ਬਗਾਵਤ ਕਰਨ ਦੀ ਖਬਰ ਹੈ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਹੋ ਰਹੀ ਚਰਚਾ ਵਿਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਨਵੇਂ ਚੁਣੇ ਗਏ 7 ਵਿਧਾਇਕਾਂ ਨੇ ਚੰਡੀਗੜ੍ਹ ਨੇੜੇ ਐਲਾਨੇ ਨਤੀਜਿਆਂ ਵਿਚ ਚੋਣ ਹਾਰੇ ਇਕ ਉਮੀਦਵਾਰ ਦੇ ਘਰ ਮੀਟਿੰਗ ਕਰ ਕੇ ਦਿੱਲੀ ਦੇ ਥਾਪੇ ਇੰਚਾਰਜਾਂ ਦੇ ਹੁਕਮ ਨਾ ਮੰਨਣ ਤੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਫਤਵੇ ਅਨੁਸਾਰ ਕੰਮ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਦੇਸ਼ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿਧਾਇਕਾਂ ਨੇ ਸਪੱਸ਼ਟ ਕਿਹਾ ਹੈ ਕਿ ਉਹ ਪਾਰਟੀ ਦੇ ਇੰਚਾਰਜ ਸੰਜੇ ਸਿੰਘ ਤੇ ਸਹਿ-ਇੰਚਾਰਜ ਦੁਰਗੇਸ਼ ਪਾਠਕ ਦੇ ਹੁਕਮ ਪੰਜਾਬ ਵਿਚ ਨਹੀਂ ਚੱਲਣ ਦੇਣਗੇ। ਇਸ ਮਗਰੋਂ ਆਏ ਅਗਲੇ ਸੰਦੇਸ਼ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪਾਰਟੀ ਹਾਈ ਕਮਾਂਡ ਨੇ ਇਨ੍ਹਾਂ 7 ਵਿਧਾਇਕਾਂ ਦੀ ਮੰਗ ਦਰਕਿਨਾਰ ਕਰਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿਚ ਹੁਕਮ ਸੰਜੇ ਸਿੰਘ ਦਾ ਹੀ ਚੱਲੇਗਾ। ਸੋਸ਼ਲ ਮੀਡੀਆ ‘ਤੇ ਚੱਲ ਰਹੀ ਇਸ ਚਰਚਾ ਦੀ ਬਦੌਲਤ ਪੰਜਾਬ ਵਿਚ ਨਵੀਂ ਸਥਾਪਿਤ ਹੋਈ ਸਿਆਸੀ ਸਥਿਤੀ ਵਿਚ ਨਵਾਂ ਭੂਚਾਲ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਮਾਮਲੇ ਵਿਚ ਕਿੰਨੀ ਕੁ ਸਚਾਈ ਹੈ? ਇਹ ਆਉਂਦੇ ਦਿਨਾਂ ਵਿਚ ਸਾਹਮਣੇ ਆਵੇਗਾ।

‘ਆਪ’ ਨੂੰ ਛੱਡ ਕੇ ਜਾਣਗੇ ਕਈ ਆਗੂ, ਫੂਲਕਾ ਵਲੋਂ ਨਸੀਹਤ
ਜਗਰਾਉਂ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ‘ਚ ਚੋਣ ਨਤੀਜੇ ਆਉਣ ਤੋਂ ਬਾਅਦ ‘ਉਬਾਲ’ ਆਉਣ ਦੀਆਂ ਸਿਆਸੀ ਮਾਹਿਰਾਂ ਤੇ ਵਿਰੋਧੀਆਂ ਵੱਲੋਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ਹੁਣ ਪਾਰਟੀ ਦੇ ਸੀਨੀਅਰ ਆਗੂ ਤੇ ਦਾਖਾ ਤੋਂ ਵਿਧਾਇਕ ਬਣੇ ਐੱਚ. ਐੱਸ. ਫੂਲਕਾ ਨੇ ਖ਼ੁਦ ਹੀ ਇਸ ਦਾ ਖੁਲਾਸਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੱਤਾ ਵਿਚ ਆਉਣ ‘ਤੇ ਸਵਾਰਥ ਪੂਰੇ ਕਰਨ ਦੀ ਲਾਲਸਾ ਤੇ ਕਈ ਹੋਰ ਤਰ੍ਹਾਂ ਦੇ ਲਾਲਚ ਪਾਲ ਕੇ ‘ਆਪ’ ਵਿਚ ਆਏ ਆਗੂ ਅਗਲੇ ਦਿਨਾਂ ਵਿਚ ਪਾਰਟੀ ਛੱਡਣ ਦਾ ਐਲਾਨ ਕਰ ਸਕਦੇ ਹਨ। ਅਜਿਹੇ ਵਿਚ ਪਾਰਟੀ ਦੇ ਜੁਝਾਰੂ ਤੇ ਵਫ਼ਾਦਾਰ ਵਲੰਟੀਅਰਾਂ ਨੂੰ ਘਬਰਾਉਣ ਦੀ ਲੋੜ ਨਹੀਂ। ਅਜਿਹੇ ਆਗੂਆਂ ਦੇ ਜਾਣ ਨਾਲ ਚੰਗਾ ਹੀ ਹੋਵੇਗਾ ਕਿ ਪਾਰਟੀ ਵਿਚਲੀ ‘ਸਫ਼ਾਈ’ ਹੋ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਚੋਣਾਂ ਵਿਚ ਆਸ ਮੁਤਾਬਕ ਨਤੀਜੇ ਨਾ ਆਉਣ ‘ਤੇ ਵੀ ਵਰਕਰਾਂ ਨੂੰ ਦਿਲ ਛੋਟਾ ਨਾ ਕਰਨ ਦੀ ਸਲਾਹ ਦਿੰਦੇ ਹੋਏ ਆਖਿਆ ਕਿ ਉਨ੍ਹਾਂ 95 ਵਰ੍ਹੇ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤੀਸਰੇ ਸਥਾਨ ‘ਤੇ ਧੱਕ ਕੇ ‘ਵੱਡੀ ਸਫ਼ਲਤਾ’ ਹਾਸਲ ਕਰ ਲਈ ਹੈ। ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਕਾਂਗਰਸ ਤੋਂ ਬਾਅਦ ਸਭ ਤੋਂ ਵੱਡੀ ਤੇ ਵਿਰੋਧੀ ਧਿਰ ਦੀ ਪਾਰਟੀ ਵਜੋਂ ਵੀ ਉੱਭਰਨ ਵਿਚ ਸਫ਼ਲ ਰਹੀ ਹੈ। ਇਹ ਗੱਲਾਂ ਉਨ੍ਹਾਂ ਇਕ ਵੀਡੀਓ ਵਿਚ ਆਖੀਆਂ ਹਨ, ਜੋ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ।
‘ਆਪ’ ਦੇ ਹੀ ਚੋਣ ਜਿੱਤੇ ਦੋ ਹੋਰ ਸੀਨੀਅਰ ਆਗੂਆਂ ਸੁਖਪਾਲ ਸਿੰਘ ਖਹਿਰਾ (ਭੁਲੱਥ) ਤੇ ਕੰਵਰ ਸੰਧੂ (ਖਰੜ) ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਇਨ੍ਹਾਂ ਵਿਚੋਂ ਖਹਿਰਾ ਵੀਡੀਓ ‘ਚ ਮੈਰਿਟ ਦੇ ਆਧਾਰ ‘ਤੇ ਫ਼ੈਸਲੇ ਨਾ ਲੈਣ ਅਤੇ ਮੁੱਖ ਮੰਤਰੀ ਦਾ ਚਿਹਰਾ ਨਾ ਬਣਾਉਣ ਨੂੰ ਹਾਰ ਦਾ ਕਾਰਨ ਮੰਨਦੇ ਨਜ਼ਰ ਆਉਂਦੇ ਹਨ। ਸੀਨੀਅਰ ਪੱਤਰਕਾਰ ਤੋਂ ਵਿਧਾਇਕ ਬਣੇ ਕੰਵਰ ਸੰਧੂ ਨੇ ਇਸ ਵਿਚ ‘ਲੋੜੋਂ ਵਧੇਰੇ ਆਤਮ-ਵਿਸ਼ਵਾਸ’ ਨੂੰ ਕਾਰਨ ਮੰਨਦੇ ਹੋਏ ਅਗਲੇ ਦਿਨਾਂ ਵਿਚ ‘ਕਮੀਆਂ’ ਸਾਂਝੀਆਂ ਕਰਨ ਦੀ ਗੱਲ ਆਖੀ ਹੈ। ਉਂਝ ਦੋਹਾਂ ਆਗੂਆਂ ਨੇ ਇਸ ਤੋਂ ਪਹਿਲਾਂ ਪਾਰਟੀ ਪੱਧਰ ‘ਤੇ ਮੀਟਿੰਗ ਵਿਚ ਇਨ੍ਹਾਂ ਕਾਰਨਾਂ ਬਾਰੇ ਚਰਚਾ ਕਰਨ ਦੀ ਗੱਲ ਆਖੀ ਹੈ ਤੇ ਨਾਲ ਹੀ ਪਰਵਾਸੀ ਪੰਜਾਬੀਆਂ ਦਾ ਖ਼ਾਸ ਤੌਰ ‘ਤੇ ਧੰਨਵਾਦ ਕੀਤਾ ਹੈ।
ਵਿਧਾਇਕ ਫੂਲਕਾ ਦਾ ਕਹਿਣਾ ਹੈ ਕਿ ਨਤੀਜੇ ਤੋਂ ਵਰਕਰਾਂ ਨੂੰ ਮਾਯੂਸ ਹੋਣ ਦੀ ਲੋੜ ਨਹੀਂ ਕਿਉਂਕਿ ਲੜਾਈ ਅਜੇ ਮੁੱਕੀ ਨਹੀਂ ਹੈ। ਪਹਿਲੀ ਵਾਰ ਵਿਚ 20 ਵਿਧਾਨ ਸਭਾ ਸੀਟਾਂ ਜਿੱਤਣ ਨੂੰ ਉਨ੍ਹਾਂ ‘ਵੱਡੀ ਪ੍ਰਾਪਤੀ’ ਦੱਸਿਆ ਹੈ। ਵਿਧਾਇਕ ਖਹਿਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਨਾ ਬਣਾਉਣਾ ਵੀ ਘਾਟੇ ਦਾ ਸੌਦਾ ਸਾਬਤ ਹੋਇਆ ਕਿਉਂਕਿ ਮੁਕਾਬਲੇ ਵਿਚ ਸਾਹਮਣੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਵਰਗਾ ਚਿਹਰਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਯੂਨਿਟ ਕੋਲ 2019 ਤੱਕ ਦੋ ਸਾਲ ਦਾ ਸਮਾਂ ਹੈ ਤੇ ਉਨ੍ਹਾਂ ਲੋਕ ਸਭਾ ਚੋਣਾਂ ਵਿਚ ਸਫ਼ਲਤਾ ਹਾਸਲ ਕਰਨੀ ਹੈ। ਭਵਿੱਖ ਵਿਚ ਜੇਕਰ ਮੈਰਿਟ ਦੇ ਆਧਾਰ ‘ਤੇ ਫ਼ੈਸਲੇ ਲਏ ਜਾਂਦੇ ਹਨ ਤਾਂ ‘ਆਪ’ ਵਰਗੀ ਚੰਗੀ ਪਾਰਟੀ ਨੂੰ ਰੋਕਣ ਵਾਲੀ ਕੋਈ ਤਾਕਤ ਨਹੀਂ ਹੈ। ਕੰਵਰ ਸੰਧੂ ਨੇ ਗਿਲਾ ਕੀਤਾ ਹੈ ਕਿ ਲੋਕਾਂ ਨੇ ’84 ਤੇ ਨਸ਼ਿਆਂ ਸਮੇਤ ਸਾਰੇ ਅਹਿਮ ਮੁੱਦੇ ਭੁੱਲ ਕੇ ਕਾਂਗਰਸ ਤੇ ਕੈਪਟਨ ਦੀ ਝੋਲੀ ਜਿੱਤ ਪਾਈ ਹੈ ਤੇ ਉਹ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹਨ। ਇਸ ਦੌਰਾਨ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਦੀ ਗੱਲ ਆਖੀ ਹੈ।

ਆਮ ਆਦਮੀ ਪਾਰਟੀ ਵੱਲੋਂ ਕੌਣ ਹੋਵੇਗਾ ਵਿਰੋਧੀ ਧਿਰ ਦਾ ਆਗੂ?
ਜਗਰਾਓਂ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਬਾਅਦ ਪੰਜਾਬ ਵਿਚ ਸਰਕਾਰ ਬਣਾਉਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਇਸ ਪਾਰਟੀ ਦੇ ਜੇਤੂ ਵਿਧਾਇਕਾਂ ਨੇ ਬਹੁਮਤ ਮਿਲਣ ‘ਤੇ ਮੁੱਖ ਮੰਤਰੀ ਲਈ ‘ਲੜਨਾ’ ਸੀ ਪਰ ਜਿੱਤੇ 20 ਵਿਧਾਇਕਾਂ ਵਿਚੋਂ ਵਿਰੋਧੀ ਧਿਰ ਦਾ ਆਗੂ ਬਣਨ ਲਈ ਖਿੱਚੋਤਾਣ ਹੋਵੇਗੀ। ਖੁਦ ਨੂੰ ਮੁੱਖ ਮੰਤਰੀ ਉਮੀਦਵਾਰ ਦਰਸਾਉਣ ਵਾਲੇ ਭਗਵੰਤ ਮਾਨ ਜਲਾਲਾਬਾਦ ਵਿਚ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਚੋਣ ਹਾਰ ਗਏ ਹਨ।ઠ
ਇਸੇ ਤਰ੍ਹਾਂ ‘ਆਪ’ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਬਟਾਲਾ ਤੇ ਹਿੰਮਤ ਸਿੰਘ ਸ਼ੇਰਗਿੱਲ ਮਜੀਠਾ ਵਿਚ ਚੋਣ ਹਾਰੇ ਹਨ। ਪਾਰਟੀ ਦੇ ਜਿਹੜੇ 20 ਉਮੀਦਵਾਰ ਜੇਤੂ ਰਹੇ ਹਨ, ਉਨ੍ਹਾਂ ਵਿਚ ਪ੍ਰਮੁੱਖ ਤੌਰ ‘ਤੇ ਭੁਲੱਥ ਤੋਂ ਚੋਣ ਜਿੱਤੇ ਸੁਖਪਾਲ ਸਿੰਘ ਖਹਿਰਾ, ਦਾਖਾ ਤੋਂ ਐਡਵੋਕੇਟ ਐੱਚ. ਐੱਸ. ਫੂਲਕਾ, ਖਰੜ ਤੋਂ ਜੇਤੂ ਰਹੇ ਸੀਨੀਅਰ ਪੱਤਰਕਾਰ ਕੰਵਰ ਸੰਧੂ ਤੇ ਤਲਵੰਡੀ ਸਾਬੋ ਤੋਂ ਜੇਤੂ ਪਾਰਟੀ ਦੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਸ਼ਾਮਲ ਹਨ। ਇਨ੍ਹਾਂ ਵਿਚੋਂ ਹੀ ‘ਆਪ’ ਵੱਲੋਂ ਕਿਸੇ ਆਗੂ ਨੂੰ ਵਿਰੋਧੀ ਧਿਰ ਦਾ ਆਗੂ ਬਣਾਏ ਜਾਣ ਦੇ ਆਸਾਰ ਹਨ।ઠ

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …