ਬਾਦਲ ਪਿੰਡ ‘ਚ ਹੁਣ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਹੋਈ ਗੁਲਜ਼ਾਰ
ਬਦਲਿਆ ਵਕਤ-ਬਾਦਲ ਤੇ ਮਨਪ੍ਰੀਤ ਬਾਦਲ ਦੇ ਘਰਾਂ ‘ਚ ਹੁਣ ਹੋਏ ਉਲਟ ਹਾਲਾਤ
ਸ੍ਰੀ ਮੁਕਤਸਰ ਸਾਹਿਬ ; ਇਸ ਨੂੰ ਸਮੇਂ-ਸਮੇਂ ਦੀ ਗੱਲ ਕਹਿ ਲਓ ਜਾਂ ਫਿਰ ਕਿਸਮਤ ਦੀ ਖੇਡ। ਜਿਸ ਘਰ ਹਰ ਸਮੇਂ ਮੇਲਾ ਲੱਗਾ ਰਹਿੰਦਾ ਸੀ ਉਸ ਘਰ ਵਿਚ ਹੁਣ ਸ਼ਾਂਤੀ ਹੈ ਤੇ ਜਿੱਥੇ ਸ਼ਾਂਤੀ ਹੋਇਆ ਕਰਦੀ ਸੀ, ਉਥੇ ਮੇਲਾ ਲੱਗਾ ਹੋਇਆ ਹੈ। ਗੱਲ ਹੋ ਰਹੀ ਹੈ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਨਵੇਂ ਚੁਣੇ ਗਏ ਵਿਧਾਇਕ ਉਨ੍ਹਾਂ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਬਾਦਲ ਸਥਿਤ ਘਰ ਦੀ। ਪਿੰਡ ਬਾਦਲ ‘ਚ ਬਠਿੰਡਾ-ਖਿਓਵਾਲੀ ਰੋਡ ‘ਤੇ ਸਥਿਤ ਦੋਹਾਂ ਦੇ ਘਰਾਂ ‘ਤੇ ਉਲਟ ਹਾਲਾਤ ਹਨ। ਜਦਕਿ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਸਿੰਘ ਬਾਦਲ ਤੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਦੇ ਘਰ ਲੋਕਾਂ ਦੀ ਭੀੜ ਲੱਗੀ ਰਹੀ। ਸੂਬੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਲੰਘੇ ਸ਼ਨੀਵਾਰ ਦੀ ਦੁਪਹਿਰ ਬਾਅਦ ਹੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਸ਼ਾਂਤੀ ਵਾਲਾ ਮਾਹੌਲ ਬਣਿਆ ਰਿਹਾ। ਐਤਵਾਰ ਸਵੇਰੇ ਬਾਦਲ ਸਾਢੇ ਦਸ ਵਜੇ ਦੇ ਕਰੀਬ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਘਰੋਂ ਰਵਾਨਾ ਹੋਏ। ਇਸ ਤੋਂ ਪਹਿਲਾਂ ਪਿੰਡ ਮਾਨ ਦੇ ਸਰਪੰਚ ਤੇਜਾ ਸਿੰਘ ਸਮੇਤ ਕੁਝ ਪਿੰਡਾਂ ਦੇ ਸਰਪੰਚਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਲੰਬੀ ਖੇਤਰ ਦਾ ਕੋਈ ਵੀ ਅਕਾਲੀ ਆਗੂ ਉਨ੍ਹਾਂ ਦੇ ਘਰ ਨਹੀਂ ਪਹੁੰਚਿਆ। ਉਧਰ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਮਨਪ੍ਰੀਤ ਸਿੰਘ ਬਾਦਲ ਦੇ ਘਰ ਵਧਾਈ ਦੇਣ ਵਾਲੇ ਲੋਕਾਂ ਦਾ ਆਉਣਾ ਜਾਣਾ ਲੱਗਾ ਰਿਹਾ। ਗੁਰਦਾਸ ਸਿੰਘ ਬਾਦਲ ਦੇ ਘਰ ਨੂੰ ਇਹ ਦਿਨ ਕਰੀਬ ਛੇ ਸਾਲਾਂ ਬਾਅਦ ਦੇਖਣ ਨੂੰ ਮਿਲਿਆ। ਦੇਰ ਸ਼ਾਮ ਤੱਕ ਢੋਲ ਵੱਜਦੇ ਰਹੇ। ਵਿਧਾਇਕ ਬਣਨ ਤੋਂ ਬਾਅਦ ਮਨਪ੍ਰੀਤ ਬਾਦਲ ਦੇਰ ਰਾਤ ਨੂੰ ਘਰ ਪਹੁੰਚੇ ਤੇ ਐਤਵਾਰ ਸਵੇਰੇ ਕਰੀਬ ਅੱਠ ਵਜੇ ਫਿਰ ਵਿਧਾਇਕ ਦਲ ਦੀ ਬੈਠਕ ਲਈ ਚੰਡੀਗੜ੍ਹ ਰਵਾਨਾ ਹੋ ਗਏ।
Check Also
ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਕੀਤਾ ਵਿਰੋਧ ਪ੍ਰਦਰਸ਼ਨ
ਕਿਹਾ : ਸਰਕਾਰ ਕਿਸਾਨਾਂ ਦੀਆਂ ਫਸਲਾਂ ਖਰੀਦਣ ’ਚ ਜਾਣ ਬੁੱਝ ਕੇ ਕਰ ਰਹੀ ਹੈ ਦੇਰੀ …