Breaking News
Home / ਪੰਜਾਬ / ਢੁਕਵੇਂ ਚਿਹਰੇ ਦੀ ਅਣਹੋਂਦ ਕਾਰਨ ਹਾਰੀ ‘ਆਪ’ : ਅਮਰਿੰਦਰ

ਢੁਕਵੇਂ ਚਿਹਰੇ ਦੀ ਅਣਹੋਂਦ ਕਾਰਨ ਹਾਰੀ ‘ਆਪ’ : ਅਮਰਿੰਦਰ

ਕੈਪਟਨ ਨੇ ਬਦਲਾਖੋਰੀ ਦੀ ਸਿਆਸਤ ਤੋਂ ਕੀਤਾ ਇਨਕਾਰ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖੇਤਰੀ ਆਗੂਆਂ ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਢੁਕਵੇਂ ਸੂਬਾਈ ਚਿਹਰੇ ਦਾ ਨਾ ਹੋਣਾ ਵੀ ਇਸ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਪਾਰਟੀ ਦਾ ਸਿਰਫ਼ ਕੌਮੀ ਪਾਰਟੀ ਹੋਣਾ ਹੀ ਕਾਫ਼ੀ ਨਹੀਂ ਹੁੰਦਾ, ਬਲਕਿ ਸੂਬਾਈ ਪਾਰਟੀਆਂ ਨੂੰ ਟੱਕਰ ਦੇਣ ਲਈ ਖੇਤਰੀ ਆਗੂਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਜਿਹਾ ਚਿਹਰਾ ਵੀ ਪੇਸ਼ ਕਰਨਾ ਹੁੰਦਾ ਹੈ, ਜੋ ਉਸ ਸੂਬੇ ਦੇ ਲੋਕਾਂ ਦੀ ਪਛਾਣ ਬਣ ਸਕੇ ਪਰ ‘ਆਪ’ ਅਜਿਹਾ ਨਹੀਂ ਕਰ ਸਕੀ। ਇਸ ਦੌਰਾਨ ਕੇਂਦਰ ਸਰਕਾਰ ਤੋਂ ਹਰ ਤਰ੍ਹਾਂ ਦੇ ਸਹਿਯੋਗ ਲਈ ਆਸਵੰਦ ਕੈਪਟਨ ਨੇ ਛੇਤੀ ਹੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਸੂਬੇ ਦੇ ਵਿਕਾਸ ਵਾਸਤੇ ਵੱਖ ਵੱਖ ਪ੍ਰਾਜੈਕਟਾਂ ‘ਤੇ ਚਰਚਾ ਕਰਨ ਦੀ ਗੱਲ ਆਖੀ।
ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਾਨਦਾਰ ਜਿੱਤ ਮਗਰੋਂ ਇੱਥੇ ਆਪਣੀ ਰਿਹਾਇਸ਼ ‘ਤੇ ਕੀਤੀ ਪਲੇਠੀ ਪ੍ਰੈੱਸ ਕਾਨਫਰੰਸ ਦੌਰਾਨ ਨਸ਼ਿਆਂ ਅਤੇ ਹੋਰ ਅਪਰਾਧਾਂ ਖ਼ਿਲਾਫ਼ ਜਾਂਚ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਢੁਕਵੀਂ ਕਾਰਵਾਈ ਯਕੀਨੀ ਬਣਾਉਣ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਨੇ ਬਦਲਾਖੋਰੀ ਦੀ ਸਿਆਸਤ ਕਰਨ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਦਾ ਪ੍ਰਚਾਰ ਸੋਸ਼ਲ ਮੀਡੀਆ ਤੱਕ ਸਿਮਟ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਤਿੰਨ ਸੂਬਿਆਂ ਵਿੱਚ ਕਾਂਗਰਸ ਦਾ ਜੇਤੂ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਪਾਰਟੀ ਦੀ ਸਥਿਤੀ ਵਿੱਚ ਹਰ ਪੱਖੋਂ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਕੈਪਟਨ ਸਮਾਰਟ ਕੁਨੈਕ’ ਤਹਿਤ ਸਮਾਰਟਫੋਨਾਂ ਦੀ ਖ਼ਰੀਦ ਵਾਸਤੇ ਛੇਤੀ ਹੀ ਵਿਸ਼ਵ ਪੱਧਰੀ ਟੈਂਡਰ ਕੱਢੇ ਜਾਣਗੇ।
ਐਸਵਾਈਐਲ ਮੁੱਦੇ ‘ਤੇ ਗੱਲ ਕਰਦਿਆਂ ਪਹਿਲਾਂ ਉਨ੍ਹਾਂ ਪੰਜਾਬ ਕੋਲ ਉਪਲਬਧ ਪਾਣੀ ਦੀ ਮਾਤਰਾ ਦਾ ਪਤਾ ਲਾਏ ਜਾਣ ਅਤੇ 1966 ਵਿੱਚ ਪੰਜਾਬ ਪੁਨਰਗਠਨ ਕਾਨੂੰਨ ਹੇਠ ਹਰਿਆਣਾ ਦੇ ਗਠਨ ਦੇ ਅਧਾਰ ‘ਤੇ ਪਾਣੀ ਦੀ ਅਸੰਤੁਲਿਤ ਵੰਡ ਨੂੰ ਚੁਣੌਤੀ ਦਿੱਤੇ ਜਾਣ ‘ਤੇ ਜ਼ੋਰ ਦਿੱਤਾ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਦਿਸ਼ਾ ਵਿੱਚ ਕੰਮ ਕਰੇਗੀ। ਸਰਕਾਰ ਵਿੱਚ ਨਵਜੋਤ ਸਿੱਧੂ ਦੀ ਭੂਮਿਕਾ ਬਾਰੇ ਅਮਰਿੰਦਰ ਦਾ ਕਹਿਣਾ ਸੀ ਕਿ ਇਹ ਫ਼ੈਸਲਾ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਲਿਆ ਜਾਵੇਗਾ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …