ਸਤੰਬਰ ਤੱਕ ਕੀਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ 35 ਸੀਟਾਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਉਮੀਦਵਾਰਾਂ ਦਾ ਐਲਾਨ ਸਤੰਬਰ ਤੱਕ ઠਕਰ ਦਿੱਤਾ ਜਾਵੇਗਾ। ਇਥੇ ਕਾਂਗਰਸ ਭਵਨ ਵਿੱਚ ਯੂਥ ਆਰਗੇਨਾਈਜੇਸ਼ਨ ਆਫ ਇੰਡੀਆ (ਵਾਈਓਆਈ) ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ 47 ਸਾਲਾਂ ਤੋਂ ਸਿਆਸਤ ਵਿੱਚ ਸਰਗਰਮ ਹਨ ਅਤੇ ਇਹ ਚੋਣ ਉਨ੍ਹਾਂ ਦੀ ਜ਼ਿੰਦਗੀ ਦੀ ਆਖ਼ਰੀ ਚੋਣ ਹੋਵੇਗੀ। ਇਸ ਕਾਰਨ ਪਾਰਟੀ ਦਾ ਭਵਿੱਖ ਹੁਣ ਨੌਜਵਾਨਾਂ ਦੇ ਹੱਥ ਹੈ, ਜਿਸ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 35 ਸੀਟਾਂ ਨੌਜਵਾਨਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨੌਜਵਾਨਾਂ ਨੂੰ ਸੀਟਾਂ ਸਿਆਸੀ ਜਾਂ ਵੱਡੇ ਘਰਾਂ ਦੇ ਕਾਕਿਆਂ ਦੇ ਆਧਾਰ ‘ਤੇ ਨਹੀਂ ਸਗੋਂ ਪਾਰਟੀ ਵਿੱਚ ਪਾਏ ਯੋਗਦਾਨ ਦੇ ਆਧਾਰ ‘ਤੇ ਹੀ ਦਿੱਤੀਆਂ ਜਾਣਗੀਆਂ। ਉਨ੍ਹਾਂ ਦੇ ਇਸ ਐਲਾਨ ਨਾਲ ਕਈ ਰਵਾਇਤੀ ਕਾਂਗਰਸੀਆਂ ਦੀਆਂ ਟਿਕਟਾਂ ਉਪਰ ਕਾਟਾ ਵੱਜਣ ਦੇ ਆਸਾਰ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਟਿਕਟਾਂ ਦੇ ਚਾਹਵਾਨਾਂ ਕੋਲੋਂ 15 ਅਗਸਤ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਪੰਜਾਬ ਕਾਂਗਰਸ ਕਮੇਟੀ ਇਨ੍ਹਾਂ ਅਰਜ਼ੀਆਂ ਦੀ ਘੋਖ ਬਾਅਦ ਆਪਣੀ ਸਿਫ਼ਾਰਸ਼ ਦਿੱਲੀ ਭੇਜੇਗੀ, ਜਿਥੇ ਆਲ ਇੰਡੀਆ ਕਾਂਗਰਸ ਵੱਲੋਂ ਨਿਰਧਾਰਤ ਵੱਖ-ਵੱਖ ઠਕਮੇਟੀਆਂ ਅਰਜ਼ੀਆਂ ਉਪਰ ਵਿਚਾਰ ਕਰਨ ਬਾਅਦ ਸੂਚੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦਾ ਐਲਾਨ ਸਤੰਬਰ ਤੱਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ‘ਯੂਥ ਮੈਨੀਫੈਸਟੋ’ ਦੇ ਮੁੱਖ ਪੰਨੇ ਉਪਰ ਕੀਤੀ ਧਾਰਮਿਕ ਕੁਤਾਹੀ ਲਈ ਅਰਵਿੰਦ ਕੇਜਰੀਵਾਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਮੁਆਫ਼ੀ ਮੰਗਣ ਦਾ ਕੋਈ ਅਰਥ ਨਹੀਂ ਹੈ ਕਿਉਂਕਿ ਇਹ ਕੁਤਾਹੀ ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ ਕੋਲੋਂ ਹੋਈ ਹੈ, ਇਸ ਲਈ ਮੁਆਫੀ ਉਸ ਨੂੰ ਮੰਗਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਕੇਜਰੀਵਾਲ ਸਮੇਤ ‘ਆਪ’ ਦੇ ਆਗੂ ਸੰਜੇ ਸਿੰਘ, ਦੁਰਗੇਸ਼ ਪਾਠਕ ਤੇ ਆਸ਼ੀਸ਼ ਖੇਤਾਨ ਨੂੰ ਪੰਜਾਬ ਬਾਰੇ ਕੋਈ ਸਮਝ ਨਹੀਂ ਹੈ ਅਤੇ ਉਹ ਟਿਕਟਾਂ ਬਦਲੇ ਕਥਿਤ ਤੌਰ ‘ਤੇ ਪੈਸੇ ਇਕੱਠੇ ਕਰ ਰਹੇ ਹਨ। ਇਸ ਕਾਰਨ ਪੰਜਾਬ ਵਿੱਚ ਇਸ ਪਾਰਟੀ ਦਾ ਵੱਕਾਰ ਡਿੱਗਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਅੱਜ ਤਕ ‘ਚਿੱਟਾ’ ਤੇ ਡਰੱਗ ਨਾਲ ਸਬੰਧਿਤ ਕੈਮੀਕਲ ਵੇਚਣ ਵਾਲੇ ਇਕ ਵੀ ਮਾਫੀਆ ਨੂੰ ਕਾਬੂ ਨਹੀਂ ਕੀਤਾ ਬਲਕਿ ਨਸ਼ੇੜੀ ਜੇਲ੍ਹਾਂ ਵਿੱਚ ਤਾੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਥਾਣਿਆਂ ਦੇ ਐਸਐਚਓਜ਼ ਨੂੰ ਹਰ ਅਪਰਾਧ ਦਿਸ ਰਿਹਾ ਹੈ ਪਰ ਉਹ ਆਜ਼ਾਦ ਤੌਰ ‘ਤੇ ਕੰਮ ਕਰਨ ਤੋਂ ਅਸਮਰੱਥ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …