ਪੰਚਾਇਤੀ ਫੰਡਾਂ ’ਚ ਕਰੋੜਾਂ ਰੁਪਏ ਦੇ ਘਪਲੇ ਦਾ ਸ਼ੱਕ, ਆਸ਼ਟਰੇਲੀਆ ਪਹੁੰਚੇ ਮਦਨ ਲਾਲ ਜਲਾਲਪੁਰ
ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਕਾਂਗਰਸੀ ਐਮ ਐਲ ਏ ਠੇਕੇਦਾਰ ਮਦਨ ਲਾਲ ਜਲਾਲਪੁਰ ਹੁਣ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਸ਼ਾਨੇ ’ਤੇ ਆ ਗਏ ਹਨ। ਉਨ੍ਹਾਂ ’ਤੇ ਪੰਚਾਇਤੀ ਫੰਡ ’ਚ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਸ਼ੱਕ ਕੀਤਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਲੰਘੇ ਕੱਲ੍ਹ ਵਿਜੀਲੈਂਸ ਦੀ ਟੀਮ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ’ਤੇ ਪੰਚਾਇਤੀ ਫੰਡਾਂ ’ਚ 12.24 ਕਰੋੜ ਰੁਪਏ ਦੀ ਹੇਰਾਫੇਰੀ ਕਰਨ ਦਾ ਆਰੋਪ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਇਸ ਮਾਮਲੇ ’ਚ ਮਦਨ ਲਾਲ ਜਲਾਲਪੁਰ ਦੇ ਰਾਹੀਂ ਹੀ ਰੁਪਇਆਂ ਦਾ ਲੈਣ-ਦੇਣ ਹੋਇਆ ਹੈ। ਵਿਜੀਲੈਂਸ ਦੀ ਟੀਮ ਹੁਣ ਸਾਬਕਾ ਐਮ ਐਲ ਏ ਮਦਨ ਲਾਲ ਕੋਲੋਂ ਪੁੱਛਗਿੱਛ ਕਰਨ ਦੀ ਤਿਆਰੀ ਵੀ ਜੁਟੀ ਹੋਈ ਹੈ। ਸਾਬਕਾ ਐਮ ਐਲ ਏ ਠੇਕੇਦਾਰ ਮਦਨ ਲਾਲ ਜਲਾਲਪੁਰ ਇਸ ਸਮੇਂ ਆਸਟਰੇਲੀਆ ਵਿਚ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਆ ਕੇ ਉਹ ਵਿਜੀਲੈਂਸ ਵਲੋਂ ਕੀਤੀ ਜਾਣ ਵਾਲੀ ਹਰ ਜਾਂਚ ਵਿਚ ਸ਼ਾਮਲ ਹੋਣਗੇ। ਇਸ ਮਾਮਲੇ ਸਬੰਧੀ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਬਹੁਤ ਵੱਡਾ ਘੁਟਾਲਾ ਸੀ, ਜਿਸ ’ਚ ਕਈ ਅਫ਼ਸਰ ਵੀ ਸਸਪੈਂਡ ਕੀਤੇ ਗਏ ਹਨ। ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ।