2.6 C
Toronto
Friday, November 7, 2025
spot_img
Homeਪੰਜਾਬਆਮ ਲੋਕਾਂ ਨੂੰ ਲਾਰੇ; ਅਕਾਲੀ ਆਗੂਆਂ ਦੇ ਵਾਰੇ-ਨਿਆਰੇ

ਆਮ ਲੋਕਾਂ ਨੂੰ ਲਾਰੇ; ਅਕਾਲੀ ਆਗੂਆਂ ਦੇ ਵਾਰੇ-ਨਿਆਰੇ

ਬਾਦਲਾਂ ਦੇ ਚਹੇਤੇ ਆਗੂਆਂ ਦੇ ਖੇਤਾਂ ਲਈ ਬਣੀਆਂ ਸੀਮੈਂਟਿਡ ਸੜਕਾਂ
ਲੰਬੀ/ਬਿਊਰੋ ਨਿਊਜ਼ : ਪੰਜਾਬ ਮੰਡੀ ਬੋਰਡ ਨੇ ਪਿੰਡ ਬਨਵਾਲਾ ਅੰਨੂ ਵਿੱਚ ਬਾਦਲਾਂ ਦੇ ਚਹੇਤੇ ਆਗੂਆਂ ਦੇ ਖੇਤਾਂ ਨੂੰ ਵੀ ਸੀਮੈਂਟਿਡ ਸੜਕਾਂ ਬਣਾ ਦਿੱਤੀਆਂ ਹਨ। ਬਨਵਾਲਾ ਅੰਨੂ ਬਾਦਲਾਂ ਦੇ ਓਐਸਡੀਜ਼ ਅਤੇ ਨਿੱਜੀ ਸਕੱਤਰਾਂ ਦਾ ਪਿੰਡ ਹੈ। ਸਰਕਾਰ ਨੇ ਲੱਖਾਂ ਰੁਪਏ ਦੇ ਸਰਕਾਰੀ ਫੰਡ ਇਸ ਪਿੰਡ ਦੀ ਭੇਟ ਚਾੜ੍ਹੇ ਹਨ।
ਜਾਣਕਾਰੀ ਅਨੁਸਾਰ ਅਕਾਲੀ ਆਗੂ ਹਰਭਜਨ ਸਿੰਘ ਬਨਵਾਲਾ ਦੇ ਖੇਤ ਵਿੱਚ ਕੋਠੇ ਤੱਕ ਹੀ ਸੀਮੈਂਟਿਡ ਸੜਕ ਬਣਾ ਦਿੱਤੀ ਗਈ ਹੈ। ਇਹ ਸੜਕ ਖੇਤ ਵਿੱਚ ਨਹਿਰੀ ਖਾਲ ਨਾਲ ਜਾ ਜੁੜਦੀ ਹੈ। ਇਹ ਖੇਤ ਪਿੰਡੋਂ ਬਾਹਰ ਮਹਿਣਾ ਰੋਡ ‘ਤੇ ਸਥਿਤ ਹੈ। ਸਰਕਾਰ ਨੇ ਚਾਰ-ਪੰਜ ਸੌ ਫੁੱਟ ਲੰਮੇ ਰਸਤੇ ‘ਤੇ ਸੀਮੈਂਟਿਡ ਸੜਕ ਬਣਾਈ ਹੈ, ਜਿਸ ‘ਤੇ ਛੇ-ਸੱਤ ਲੱਖ ਰੁਪਏ ਖ਼ਰਚ ਆਏ ਹਨ। ਸਹਿਕਾਰੀ ਸਮਿਤੀ ਬਨਵਾਲਾ ਅੰਨੂ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਓਐਸਡੀਜ਼ ਅਤੇ ਨਿੱਜੀ ਸਕੱਤਰਾਂ ਦੇ ਰਿਸ਼ਤੇ ਵਿੱਚ ਚਾਚਾ ਲੱਗਦੇ ਹਨ। ਇਸ ਖੇਤ ਦੇ ਬਿਲਕੁੱਲ ਸਾਹਮਣੇ ਪੀ.ਪੀ.ਪੀ (ਭੰਗ) ਦੇ ਹਲਕਾ ਯੂਥ ਪ੍ਰਧਾਨ ਨਿਰਮਲ ਸਿੰਘ ਬਨਵਾਲਾ ਦੀ ਰਿਹਾਇਸ਼ ਮੂਹਰੇ 20-30 ਫੁੱਟ ਜਗ੍ਹਾ ਪੱਕੀ ਕਰਨ ਤੋਂ ਨਾਂਹ ਕਰ ਦਿੱਤੀ ਗਈ।ਸਿੱਖਿਆ ਮੁਲਾਜ਼ਮ ਯੂਨੀਅਨ ਦੇ ਸੂਬਾਈ ਆਗੂ ਵਕੀਲ ਸਿੰਘ ਦੀ ਰਿਹਾਇਸ਼ ‘ਤੇ ਬੰਦ ਕੰਧ ਮੂਹਰੇ ਪੱਕੀ ਸੜਕ ਬਣਾ ਦਿੱਤਾ ਗਈ, ਜਿਸ ‘ਤੇ ਹੁਣ ਛਟੀਆਂ ਦਾ ਢੇਰ ਪਿਆ ਹੈ ਅਤੇ ਰਸਤਾ ਅੱਗੋਂ ਜਾਲੀ ਨਾਲ ਬੰਦ ਕੀਤਾ ਹੋਇਆ ਹੈ। ਵਕੀਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਗਲੇ ਸਮੇਂ ਵਿੱਚ ਇੱਥੋਂ ਘਰ ਦਾ ਮੁੱਖ ਲਾਂਘਾ ਬਣਾਉਣਾ ਹੈ ਪਰ ਇੱਥੇ ਪੱਕੀ ਸੜਕ ਬਣਾਉਣ ਲਈ ਕਿਸੇ ਨੂੰ ਨਹੀਂ ਆਖਿਆ। ਪਿੰਡ ਵਾਸੀ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਮੰਡੀ ਬੋਰਡ ਨੇ ਅਕਾਲੀ ਪਰਿਵਾਰਾਂ ਦੇ ਖੇਤਾਂ ਨੂੰ ਸੜਕਾਂ ਬਣਾ ਦਿੱਤੀਆਂ ਤੇ ਲਾਲ ਲਕੀਰ ਦੀਆਂ ਹੱਦਾਂ ਦਾ ਧਿਆਨ ਨਹੀਂ ਰੱਖਿਆ। ਉਸ ਦੇ ਘਰ ਅੱਗੇ ਮੁੱਖ ਦਰਵਾਜ਼ੇ ਤੱਕ 30-40 ਫੁੱਟ ਸੀਮੈਂਟਿਡ ਸੜਕ ਬਣਾਉਣ ਲਈ ਗੁਹਾਰਾਂ ਲਾਉਣ ‘ਤੇ ਪੰਜਾਬ ਮੰਡੀ ਬੋਰਡ ਦੇ ਐਸਡੀਓ ਨੇ ਪੈਰ ‘ਤੇ ਪਾਣੀ ਨਹੀਂ ਪੈਣ ਦਿੱਤਾ। ਉਨ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਬਣਾਈਆਂ ਸੜਕਾਂ ‘ਤੇ ਖ਼ਰਚ ਫੰਡਾਂ ਨੂੰ ਪੰਜਾਬ ਮੰਡੀ ਬੋਰਡ ਦੇ ਅਫ਼ਸਰਾਂ ਤੋਂ ਵਸੂਲਣ ਦੀ ਮੰਗ ਕੀਤੀ।

RELATED ARTICLES
POPULAR POSTS