Breaking News
Home / ਪੰਜਾਬ / ਚੋਣਾਂ ਖਤਮ ਹੁੰਦੇ ਹੀ ਦਿਸਣ ਲੱਗੀ ਪਾਵਰਕਾਮ ਦੀ ਪਾਵਰ

ਚੋਣਾਂ ਖਤਮ ਹੁੰਦੇ ਹੀ ਦਿਸਣ ਲੱਗੀ ਪਾਵਰਕਾਮ ਦੀ ਪਾਵਰ

ਬਾਦਲ ਦੇ ਸਹੁਰਿਆਂ ਦਾ ਕੁਨੈਕਸ਼ਨ ਕੱਟਿਆ, ਗੋਦ ਲਏ ਪਿੰਡ ਦੇ ਵਾਟਰ ਵਰਕਸ ਦਾ ਵੀ
ਬਠਿੰਡਾ : ਪੰਜਾਬ ਵਿਚ ਚੋਣਾਂ ਖਤਮ ਹੋਣ ਅਤੇ ਬਾਦਲ ਸਰਕਾਰ ਦੇ ਵਾਪਸ ਨਾ ਪਰਤਣ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਪਾਵਰਕਾਮ ਨੇ ਆਪਣੀ ਪਾਵਰ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਬਿਜਲੀ ਬਿਲ ਨਾ ਦੇਣ ‘ਤੇ ਜਿਨ੍ਹਾਂ ਰਸੂਖਦਾਰਾਂ ਨੂੰ ਰਾਜਨੀਤਕ ਛਤਰੀ ਹੋਣ ਦੇ ਕਾਰਨ ਪਾਵਰਕਾਮ ਹੱਥ ਨਹੀਂ ਪਾ ਰਿਹਾ ਸੀ, ਹੁਣ ਉਨ੍ਹਾਂ ‘ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਗਿਆ ਹੈ।  ਇਨ੍ਹਾਂ ਬਾਦਲ ਪਰਿਵਾਰ ਵੀ ਸ਼ਾਮਲ ਹੈ। ਭੁੱਚੋ ਸਬ ਡਵੀਜ਼ਨ ਤਹਿਤ ਆਉਂਦੇ ਮੁੱਖ ਮੰਤਰੀ ਬਾਦਲ ਦੀ ਸਹੁਰੇ ਪਿੰਡ ਵਿਚ ਚੱਕ ਫਹਿਤ ਸਿੰਘ ਵਿਚ ਸਾਲੇਹਾਰ ਸਵਿੰਦਰ ਕੌਰ ਦੇ ਘਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਉਸ ਵੱਲ 65 ਹਜ਼ਾਰ ਰੁਪਏ ਦਾ ਬਕਾਇਆ ਸੀ। ਕਈ ਜਥੇਦਾਰਾਂ ਦੇ ਘਰ ਦੇ ਕੁਨੈਕਸ਼ਨ ਵੀ ਕੱਟੇ ਗਏ ਹਨ।  ਪਾਵਰਕੌਮ ਦੀ ਟੀਮ ਨੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਇੰਜੀਨੀਅਰਿੰਗ ਕਾਲਜ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਾਵਰਕੌਮ ਨੇ ਘੁਬਾਇਆ ਕਾਲਜ ਤੋਂ 24 ਲੱਖ 61 ਹਜ਼ਾਰ 790 ਰੁਪਏ ਦਾ ਬਕਾਇਆ ਬਿਲ ਲੈਣਾ ਹੈ ਜਿਸ ਕਾਰਨ ਇਹ ਬਿਜਲੀ ਕੁਨੈਕਸ਼ਨ ਕੱਟਿਆ ਗਿਆ। 31 ਜਨਵਰੀ 2017 ਤੱਕ ਪੰਜਾਬ ਵਿਚ 1068 ਕਰੋੜ ਦੇ ਬਿਜਲੀ ਬਿੱਲ ਬਕਾਇਆ ਪਏ ਸਨ। ਇਨ੍ਹਾਂ ਵਿਚੋਂ 745 ਕਰੋੜ ਸਰਕਾਰੀ ਵਿਭਾਗਾਂ ਦੇ ਅਤੇ 323 ਕਰੋੜ ਰੁਪਏ ਪ੍ਰਾਈਵੇਟ ਉਪਭੋਗਤਾਵਾਂ ਦੇ ਹਨ।
20 ਲੱਖ ਮਾਸਿਕ ਰਿਕਵਰੀ 22 ਦਿਨ ਵਿਚ ਹੋਈ 62.20 ਕਰੋੜ
ਪੰਜਾਬ ਵਿਚ ਪਹਿਲਾਂ ਪਾਵਰਕਾਮ ਦੀ ਢਿੱਲੀ ਕਾਰਜਸ਼ੈਲੀ ਨਾਲ 20 ਲੱਖ ਰੁਪਏ ਮਾਸਿਕ ਰਿਕਵਰੀ ਹੀ ਹੁੰਦੀ ਸੀ। ਪਰ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਜਿਵੇਂ ਹੀ ਰਾਜਨੀਤਕ ਦਬਾਅ ਘਟਿਆ ਤਾਂ ਪਾਵਰਕਾਮ ਨੇ ਚੋਣਾਂ ਦੇ ਤੁਰੰਤ ਬਾਅਦ 5 ਫਰਵਰੀ ਤੋਂ ਬਿਜਲੀ ਡਿਫਾਲਟਰਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਨਾਲ 27 ਫਰਵਰੀ ਤੱਕ ਮਾਤਰ 22 ਦਿਨਾਂ ਵਿਚ ਪੰਜਾਬ ਵਿਚੋਂ 62.20 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ।
ਹਰਸਿਮਰਤ ਦੇ ਗੋਦ ਲਏ ਪਿੰਡ ‘ਤੇ ਵੀ ਕਾਰਵਾਈ
ਪਾਵਰਕਾਮ ਨੇ ਜਿਨ੍ਹਾਂ 6 ਪਿੰਡਾਂ ਦੇ ਵਾਟਰ ਵਰਕਸ ਦਾ ਬਿਜਲੀ ਦਾ ਕੁਨੈਕਸ਼ਨ ਕੱਟਿਆ, ਉਸ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਪਿੰਡ ਘੁੱਦਾ ਵੀ ਹੈ। ਇੱਥੇ ਦੇ ਮੁੱਖ ਵਾਟਰ ਵਰਕਸ ‘ਤੇ 8 ਲੱਖ ਬਕਾਇਆ ਸੀ। ਬਾਦਲ ਦੀ ਨੂੰਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਗੋਦ ਲਏ ਪਿੰਡ ਮਾਨ ਦੇ ਵਾਟਰ ਵਰਕਸ ਦਾ ਵੀ ਕੁਨੈਕਸ਼ਨ ਕੱਟ ਦਿੱਤਾ ਹੈ। ਇਸ ਦਾ 12 ਲੱਖ ਰੁਪਏ ਬਕਾਇਆ ਸੀ। ਬਾਦਲ ਡਿਵੀਜ਼ਨ ਦੇ ਐਕਸੀਅਨ ਹਰੀਸ਼ ਕੁਮਾਰ ਨੇ ਕਿਹਾ ਕਿ ਡਵੀਜ਼ਨ ਵਿਚ 50 ਵਾਟਰ ਵਰਕਸ ਹਨ, ਜਿਨ੍ਹਾਂ ਵਿਚੋਂ 40 ਵੱਲ 3 ਕਰੋੜ ਦਾ ਬਕਾਇਆ ਬਾਕੀ ਹੈ।

Check Also

ਪੰਜਾਬ ’ਚ 1 ਜਨਵਰੀ ਤੋਂ ਆਫਲਾਈਨ ਵੈਰੀਫਿਕੇਸ਼ਨ ਹੋਵੇਗੀ ਬੰਦ

ਵੈਰੀਫਿਕੇਸ਼ਨ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਆਨਲਾਈਨ ਹੋਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ 1 ਜਨਵਰੀ ਤੋਂ ਵੈਰੀਫਿਕੇਸ਼ਨ …