Breaking News
Home / ਪੰਜਾਬ / ਸ਼ਾਹਿਬਜ਼ਾਦਿਆਂ ਦੀ ਯਾਦ ‘ਚ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’

ਸ਼ਾਹਿਬਜ਼ਾਦਿਆਂ ਦੀ ਯਾਦ ‘ਚ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਐਲਾਨ
ਨਵੀਂ ਦਿੱਲੀ : ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਯਾਦ ‘ਚ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤਾ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਹ ਸਾਹਿਬਜ਼ਾਦਿਆਂ ਦੀ ਦਲੇਰੀ ਅਤੇ ਸ਼ਹਾਦਤ ਨੂੰ ਸਿਜਦਾ ਹੈ। ਉਨ੍ਹਾਂ ਕਿਹਾ, ”ਵੀਰ ਬਾਲ ਦਿਵਸ ਉਸ ਦਿਨ ਮਨਾਇਆ ਜਾਵੇਗਾ ਜਿਸ ਦਿਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨੂੰ ਜਿਊਂਦੇ ਦੀਵਾਰਾਂ ‘ਚ ਚਿਣਵਾ ਦਿੱਤਾ ਗਿਆ ਸੀ। ਦੋਵੇਂ ਮਹਾਨ ਸਾਹਿਬਜ਼ਾਦਿਆਂ ਨੇ ਧਰਮ ਤੋਂ ਥਿੜਕਣ ਦੀ ਬਜਾਏ ਸ਼ਹਾਦਤ ਨੂੰ ਤਰਜੀਹ ਦਿੱਤੀ ਸੀ।” ਉਨ੍ਹਾਂ ਕਿਹਾ ਕਿ ਮਾਤਾ ਗੁਜਰੀ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਵਿਚਾਰਾਂ ਨੇ ਲੱਖਾਂ ਲੋਕਾਂ ਨੂੰ ਤਾਕਤ ਬਖ਼ਸ਼ੀ ਹੈ। ‘ਉਹ ਹਮੇਸ਼ਾ ਅਨਿਆਂ ਖਿਲਾਫ ਡਟੇ ਰਹੇ। ਉਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਖੁਸ਼ਹਾਲ ਦੁਨੀਆ ਦੀ ਕਲਪਨਾ ਕੀਤੀ ਸੀ। ਇਹ ਸਮੇਂ ਦੀ ਲੋੜ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਨ੍ਹਾਂ ਬਾਰੇ ਜਾਣਨ।’
ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪ੍ਰਗਟਾਇਆ
ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਨੂੰ ਹਰ ਵਰ੍ਹੇ ਵੀਰ ਬਾਲ ਦਿਵਸ ਵਜੋਂ ਮਨਾਉਣ ਦੇ ਐਲਾਨ ਨਾਲ ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖਾਂ ਵਲੋਂ ਅਸਹਿਮਤੀ ਪ੍ਰਗਟਾਈ ਗਈ ਹੈ। ਪ੍ਰਧਾਨ ਮੰਤਰੀ ਦੇ ਇਸ ਐਲਾਨ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ, ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਸੰਗਿਆ ਨਾਲ ਜੋੜ ਕੇ ਵੀਰ ਬਾਲ ਦਿਵਸ ਤੱਕ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਤੇ ਸਿੱਖ ਰਵਾਇਤਾਂ ਨਾਲ ਮੇਲ ਨਹੀਂ ਖਾਂਦਾ। ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਲਈ ਪੰਥਕ ਸ਼ਬਦਾਵਲੀ ‘ਬਾਬਾ’ ਹੈ ਅਤੇ ਇਸ ਨਾਲ ਛੇੜਛਾੜ ਕਰਨ ਦਾ ਕਿਸੇ ਗੈਰ-ਸਿੱਖ ਨੂੰ ਅਧਿਕਾਰ ਨਹੀਂ ਹੈ। ਉਨ੍ਹਾਂ ਲਿਖਿਆ ਕਿ ਜੇਕਰ ਮੋਦੀ ਸਰਕਾਰ ਨੇ ਬੱਚਿਆਂ ਦੀ ਪ੍ਰੇਰਨਾ ਲਈ ਇਸ ਦਿਨ ਦਾ ਪ੍ਰਚਾਰ ਕਰਨਾ ਹੈ ਤਾਂ ਸਕੂਲ ਦੀਆਂ ਕਿਤਾਬਾਂ ਵਿਚ ਇਸ ਨੂੰ ਸ਼ਾਮਲ ਕਰ ਲਿਆ ਜਾਵੇ ਜਿਸ ‘ਤੇ ਸਿੱਖ ਮਾਣ ਮਹਿਸੂਸ ਕਰਨਗੇ।
ਕੇਂਦਰ ਦਾ ਫ਼ੈਸਲਾ ਰਾਜਸੀ: ਗਿਆਨੀ ਕੇਵਲ ਸਿੰਘ
ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਰਾਜਸੀ ਪੱਖ ਤੋਂ ਲਿਆ ਗਿਆ ਫੈਸਲਾ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨੁੱਖਤਾ ਦੇ ਭਲੇ ਅਤੇ ਸੱਚ ਤੇ ਹੱਕ ਦੀ ਪ੍ਰਾਪਤੀ ਲਈ ਸੀ। ਉਹ ਬੱਚੇ ਨਹੀਂ ਸਗੋਂ ਬਾਬੇ ਸਨ। ਉਨ੍ਹਾਂ ਕਿਹਾ ਕਿ ਅਜਿਹਾ ਐਲਾਨ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਸਿੱਖ ਸੰਸਥਾਵਾਂ ਕੋਲੋਂ ਇਸ ਸਬੰਧੀ ਰਾਏ ਲੈਣੀ ਚਾਹੀਦੀ ਸੀ। ਇਹ ਵੀਰ ਬਾਲ ਦਿਵਸ ਨਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਐਲਾਨ ਚੋਣਾਂ ਦੇ ਨੇੜੇ ਕੀਤਾ ਗਿਆ, ਜਿਸ ਤੋਂ ਲਗਦਾ ਹੈ ਕਿ ਅਜਿਹਾ ਸਿਆਸੀ ਲਾਹਾ ਲੈਣ ਲਈ ਕੀਤਾ ਗਿਆ ਹੈ।

ਮੋਦੀ ਵੱਲੋਂ ਕੀਤੇ ‘ਵੀਰ ਬਾਲ ਦਿਵਸ’ ਦੇ ਐਲਾਨ ਤੋਂ ਮੱਤਭੇਦ
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਐਲਾਨ ਦਾ ਸਵਾਗਤ ਪਰ ਨਾਂ ‘ਤੇ ਇਤਰਾਜ਼
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਵਰ੍ਹੇ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਉਣ ਦੇ ਕੀਤੇ ਐਲਾਨ ਬਾਰੇ ਫਿਲਹਾਲ ਸਮੁੱਚੀ ਸਿੱਖ ਕੌਮ ਇਕਮਤ ਨਹੀਂ ਹੋ ਰਹੀ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ ਪਰ ਇਸ ਦੇ ਨਾਂ ਵੀਰ ਬਾਲ ਦਿਵਸ ਬਾਰੇ ਅਸਹਿਮਤੀ ਦਿੱਤੀ ਹੈ।
ਤਖਤ ਸ੍ਰੀ ਪਟਨਾ ਸਾਹਿਬ ਵਿਖੇ ਮਨਾਏ ਗਏ ਗੁਰਪੁਰਬ ਸਮਾਗਮ ਸਮੇਂ ਮੰਚ ਤੋਂ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ ਦੇਸ਼ ਦੇ ਬੱਚਿਆਂ ਨੂੰ ਹਰ ਵਰ੍ਹੇ 26 ਦਸੰਬਰ ਨੂੰ ਪੜ੍ਹਾਉਣ ਦਾ ਐਲਾਨ ਕੀਤਾ ਹੈ। ਉਹ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਉਨ੍ਹਾਂ ਨੂੰ ਇਸ ਨੂੰ ਸਮਰਪਿਤ ਮਨਾਏ ਜਾਣ ਵਾਲੇ ਦਿਵਸ ਦਾ ਨਾਂ ‘ਵੀਰ ਬਾਲ ਦਿਵਸ’ ਰੱਖਣ ‘ਤੇ ਇਤਰਾਜ਼ ਕਰਦਿਆਂ ਕਿਹਾ ਕਿ ਇਹ ਨਾਂ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ। ਉਨ੍ਹਾਂ ਭਾਰਤ ਸਰਕਾਰ ਨੂੰ ਕਿਹਾ ਕਿ ਜਦੋਂ ਵੀ ਸਿੱਖ ਕੌਮ ਜਾਂ ਧਰਮ ਸਬੰਧੀ ਕੋਈ ਫ਼ੈਸਲਾ ਲੈਣਾ ਹੋਵੇ ਤਾਂ ਇਸ ਸਬੰਧੀ ਪਹਿਲਾਂ ਸਿੱਖ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕੀਤਾ ਜਾਵੇ। ਅਜਿਹੇ ਮਾਮਲਿਆਂ ਵਿਚ ਸਿੱਖ ਸੰਸਥਾਵਾਂ ਭਾਰਤ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੀਆਂ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …