Breaking News
Home / ਪੰਜਾਬ / ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਗੈਂਗਸਟਰ ਸੁੱਖਪ੍ਰੀਤ ਸਿੰਘ ਬੁੱਢਾ ਇੰਟਰਪੋਲ ਦੀ ਮੱਦਦ ਨਾਲ ਰੋਮਾਨੀਆ ‘ਚ ਗ੍ਰਿਫਤਾਰ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਇੰਟਰਪੋਲ ਦੀ ਮਦਦ ਨਾਲ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਰੋਮਾਨੀਆ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਟੀਮ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਰੋਮਾਨੀਆ ਗਈ ਸੀ। ਉਸ ਨੂੰ ਕਾਬੂ ਕਰਨ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਦਾ ਵਿਸ਼ੇਸ਼ ਯੋਗਦਾਨ ਹੈ। ਜਦੋਂ ਇੰਟਰਪੋਲ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਉਸਦੀ ਛੁਪਣਗਾਹ ‘ਤੇ ਛਾਪਾ ਮਾਰਿਆ ਤਾਂ ਇੱਕ ਹੋਰ ਗੈਂਗਸਟਰ ਵੀ ਉਸਦੇ ਘਰ ਮੌਜੂਦ ਸੀ ਅਤੇ ਉਹ ਵੀ ਪੁਲਿਸ ਦੇ ਕਾਬੂ ਆ ਗਿਆ ਹੈ। ਉਸ ਨੂੰ ਵੀ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਬੁੱਢਾ ਤੋਂ ਪੁੱਛਗਿੱਛ ਦੌਰਾਨ ਅਨੇਕਾਂ ਤਰ੍ਹਾਂ ਦੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਸੁਖਪ੍ਰੀਤ ਬੁੱਢਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਤੋਂ ਫਿਰੌਤੀਆਂ ਲੈਣ ਲਈ ਬਦਨਾਮ ਸੀ ਅਤੇ ਵੱਟਸਐਪ ਰਾਹੀਂ ਵਿਦੇਸ਼ੀ ਫੋਨ ਨੰਬਰ ਤੋਂ ਧਮਕੀਆਂ ਦਿੰਦਾ ਸੀ। ਬੁੱਢਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਨਾਲ ਨਜ਼ਦੀਕੀ ਕਸਬਾ ਮੁੱਲਾਂਪੁਰ ਦੇ 12 ਤੋਂ ਵੱਧ ਵਪਾਰੀਆਂ ਨੇ ਇੱਕ ਵਾਰ ਸੁੱਖ ਦਾ ਸਾਹ ਲਿਆ ਹੈ, ਜਿਨ੍ਹਾਂ ਨੂੰ ਧਮਕੀਆਂ ਦੇ ਕੇ ਉਹ ਮੋਟੀਆਂ ਰਕਮਾਂ ਫਿਰੌਤੀ ਵਜੋਂ ਮੰਗਦਾ ਸੀ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਤੇ ਬੱਚੇ ਚੁੱਕਣ ਦੀਆਂ ਧਮਕੀਆਂ ਦਿੰਦਾ ਸੀ। ਉਹ ਦਵਿੰਦਰ ਬੰਬੀਹਾ ਦੀ 2016 ਵਿੱਚ ਮੌਤ ਤੋਂ ਬਾਅਦ ਬੰਬੀਹਾ ਗੈਂਗ ਦਾ ਸਰਗਣਾ ਬਣ ਗਿਆ ਸੀ। ਬੁੱਢਾ ਅਤੇ ਵਿੱਕੀ ਗੌਂਡਰ ਨੂੰ ਪੰਜਾਬ ਦੇ ਸਭ ਤੋਂ ਵੱਧ ਖਤਰਨਾਕ ਗੈਂਗਸਟਰ ਮੰਨਿਆ ਜਾਂਦਾ ਸੀ। ਉਸ ਵਿਰੁੱਧ 25 ਤੋਂ ਵੱਧ ਕੇਸ ਦਰਜ ਹਨ।
ਖਰੜ ਪੁਲਿਸ ਨੂੰ ਲੋੜੀਂਦਾ ਹੈ ਬੁੱਢਾ
ਖਰੜ : ਗੈਗਸਟਰ ਸੁਖਪ੍ਰੀਤ ਸਿੰਘ ਬੁੱਢਾ ਵਿਰੁੱਧ ਪਿਛਲੇ ਮਹੀਨੇ ਖਰੜ ਸਿਟੀ ਥਾਣੇ ਵਿੱਚ ਵੀ ਖਰੜ ਵਾਸੀ ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਅਧੀਨ ਕੇਸ ਦਰਜ ਹੈ। ਨਿਸ਼ਾਂਤ ਸ਼ਰਮਾ ਨੇ ਸੁਖਪ੍ਰੀਤ ਸਿੰਘ ਬੁੱਢਾ ਵਿਰੁੱਧ ਧਮਕੀਆਂ ਦੇਣ ਦੇ ਦੋਸ਼ ਅਧੀਨ ਧਾਰਾ 307, 116, 506 ਅਤੇ 341 ਤਹਿਤ ਕੇਸ ਦਰਜ ਕੀਤਾ ਸੀ।

Check Also

ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਅਤੇ ਸੁਖਪਾਲ ਖਹਿਰਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਗਾਂਧੀ ਪਟਿਆਲਾ ਤੋਂ ਅਤੇ ਖਹਿਰਾ ਸੰਗਰੂਰ ਤੋਂ ਹਨ ਚੋਣ ਮੈਦਾਨ ਪਟਿਆਲਾ/ਬਿਊਰੋ ਨਿਊਜ਼ : ਲੋਕ ਸਭਾ …