ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚਲੀ ਕਾਨੂੰਨ ਵਿਵਸਥਾ ਦੀ ਸਥਿਤੀ ਨੇ ਚੋਣ ਕਮਿਸ਼ਨ ਦੀਆਂ ਚਿੰਤਾਵਾਂ ਵਧਾਈਆਂ ਹੋਈਆਂ ਹਨ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਮਿਸ਼ਨ ਨੇ ਮੁੱਖ ਚੋਣ ਅਧਿਕਾਰੀ ਵੀ.ਕੇ.ਸਿੰਘ, ਏਡੀਜੀਪੀ ਸੀ.ਐਸ.ਆਰ. ਰੈੱਡੀ ਅਤੇ ਆਈਜੀ ਆਰ.ਐਨ. ਢੋਕੇ ਨਾਲ ਦਿੱਲੀ ਵਿਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਗੁੰਡਾ ਅਨਸਰਾਂ ਦੀਆਂ ਸਰਗਰਮੀਆਂ ‘ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ। ਕਮਿਸ਼ਨ ਵੱਲੋਂ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਿੱਚ ਪੁਲਿਸ ਅਫ਼ਸਰਾਂ ਦੀ ਨਫ਼ਰੀ ਵੀ ਵਧਾਈ ਜਾ ਰਹੀ ਹੈ। ਏਡੀਜੀਪੀ ਪੱਧਰ ਦੇ ਅਧਿਕਾਰੀ ਦੀ ਤਾਇਨਾਤੀ ਲਈ ਪੈਨਲ ਮੰਗਿਆ ਗਿਆ ਹੈ ਜਦਕਿ ਆਈਜੀ ਪੱਧਰ ਦੇ ਅਧਿਕਾਰੀ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਸਾਲ 2012 ਅਤੇ 2014 ਵਿਚ ਹੋਈਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਹੋਏ ਅਪਰਾਧ ਅਤੇ ਐਫਆਈਆਰਜ਼ ਦੀ ਪੂਰੀ ਸਮੀਖਿਆ ਕਰਨ ਲਈ ਕਿਹਾ ਹੈ।
ਕਮਿਸ਼ਨ ਨੇ ਚੋਣ ਅਧਿਕਾਰੀਆਂ ਨੂੰ ਕਿਹਾ ਹੈ ਕਿ ਬੂਥ ਪੱਧਰ ਤੱਕ ਅਪਰਾਧੀਆਂ ਦੀਆਂ ਗਤੀਵਿਧੀਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਪੱਧਰ ‘ਤੇ ਹੀ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਦੇਖਿਆ ਜਾਂਦਾ ਸੀ। ਕਮਿਸ਼ਨ ਨੇ ਚੋਣ ਅਧਿਕਾਰੀਆਂ ਨੂੰ ਕਿਹਾ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਵਾਪਰੀਆਂ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਸੂਚੀਆਂ ਬਣਾਈਆਂ ਜਾਣ ਅਤੇ ਜਿਹੜੇ ਵਿਅਕਤੀ ਚੋਣਾਂ ਵਿਚ ਸਿਰਦਰਦੀ ਬਣ ਸਕਦੇ ਹਨ, ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਪੰਜਾਬ ਪੁਲਿਸ ਦੇ ਹਾਕਮ ਧਿਰ ਦੇ ਹੱਥਾਂ ਦੀ ਕਠਪੁਤਲੀ ਬਣਨ ਕਾਰਨ ਕਮਿਸ਼ਨ ਦੀਆਂ ਚਿੰਤਾਵਾਂ ਹੋਰ ਵੀ ਵਧ ਗਈਆਂ ਹਨ। ਸੂਤਰਾਂ ਮੁਤਾਬਕ ਕਮਿਸ਼ਨ ਨੇ ਹਾਕਮ ਧਿਰ ਲਈ ‘ਕੰਮ’ ਕਰਨ ਵਾਲੇ ਪੁਲਿਸ ਵਾਲਿਆਂ ਦੀਆਂ ਅਗਾਊਂ ਸੂਚੀਆਂ ਬਣਾਉਣ ਲਈ ਵੀ ਕਿਹਾ ਹੈ। ਰਾਜ ਅੰਦਰ ਪਿਛਲੇ ਸਮੇਂ ਦੌਰਾਨ ਹੋਈਆਂ ਵੱਡੀਆਂ ਘਟਨਾਵਾਂ ਅਤੇ ਗੈਂਗਸਟਰਾਂ ਦੀ ਲੜਾਈ ਵੀ ਕਮਿਸ਼ਨ ਦੀ ਚਿੰਤਾ ਦਾ ਕਾਰਨ ਹੈ। ਉਧਰ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਜ ਵਿਚਲੀ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਤੇ ਹਾਕਮ ਪਾਰਟੀ ‘ਤੇ ਕਈ ਗੁੰਡਿਆਂ ਨੂੰ ਸ਼ਹਿ ਦੇਣ ਦੇ ਦੋਸ਼ ਲਾਏ ਸਨ।
ਕਮਿਸ਼ਨ ਕੌਮਾਂਤਰੀ ਸਰਹੱਦ ਸੀਲ ਕਰਨ ਲਈ ਪੱਬਾਂ ਭਾਰ :ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਰਾਜ ਨਾਲ ਲੱਗਦੀ ਕੌਮਾਂਤਰੀ ਸਰਹੱਦ ਸੀਲ ਕਰਨ ਲਈ ਪੱਬਾਂ ਭਾਰ ਹੈ। ਖੁਫ਼ੀਆ ਏਜੰਸੀਆਂ ਨੇ ਕਮਿਸ਼ਨ ਨੂੰ ਸੁਚੇਤ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਵੱਲੋਂ ਵੀ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।
Check Also
ਪੰਜਾਬ ਭਾਜਪਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
ਨਗਰ ਨਿਗਮ ਚੋਣਾਂ ਜਨਵਰੀ ’ਚ ਕਰਵਾਉਣ ਦੀ ਦਿੱਤੀ ਸਲਾਹ ਚੰਡੀਗੜ੍ਹ/ਬਿਊਰੋ ਨਿਊਜ਼ : ਸੂਬੇ ਦੇ ਚੋਣ …