ਡਰਾਉਣ ਧਮਕਾਉਣ ਨਾਲ ਸਬੰਧਤ ਫੌਜਦਾਰੀ ਕੇਸ ਵਿੱਚ ਮਿਲੀ ਰਾਹਤ
ਭੁਲੱਥ : ਕਪੂਰਥਲਾ ਦੀ ਅਦਾਲਤ ਨੇ ਡਰਾਉਣ ਧਮਕਾਉਣ ਨਾਲ ਸਬੰਧਤ ਫੌਜਦਾਰੀ ਕੇਸ ਵਿੱਚ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜੁਡੀਸ਼ਲ ਮੈਜਿਸਟਰੇਟ (ਪਹਿਲਾ ਦਰਜਾ) ਸੁਪ੍ਰੀਤ ਕੌਰ ਨੇ ਖਹਿਰਾ ਦੇ ਵਕੀਲ ਕੰਵਲਜੀਤ ਸਿੰਘ ਨੂੰ ਇਕ ਲੱਖ ਰੁਪਏ ਦਾ ਮੁਚੱਲਕਾ ਭਰਨ ਦੀ ਹਦਾਇਤ ਕੀਤੀ ਹੈ। ਕਪੂਰਥਲਾ ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ ‘ਤੇ ਖਹਿਰਾ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 195ਏ ਤੇ 506 ਤਹਿਤ ਕੇਸ ਦਰਜ ਕੀਤਾ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਖਹਿਰਾ ਨੂੰ 2015 ਦੇ ਐੱਨਡੀਪੀਐੱਸ ਕੇਸ ਵਿੱਚ 4 ਜਨਵਰੀ ਨੂੰ ਜ਼ਮਾਨਤ ਦੇਣ ਤੋਂ ਫੌਰੀ ਮਗਰੋਂ ਕਪੂਰਥਲਾ ਪੁਲਿਸ ਨੇ ਵਿਧਾਇਕ ਨੂੰ ਉਪਰੋਕਤ ਕੇਸ ਵਿਚ ਗ੍ਰਿਫਤਾਰ ਕਰ ਲਿਆ ਸੀ। ਸ਼ਿਕਾਇਤਕਰਤਾ ਮਹਿਲਾ 2015 ਡਰੱਗ ਕੇਸ ਦੇ ਮੁੱਖ ਗਵਾਹ ਦੀ ਪਤਨੀ ਹੈ। ਖਹਿਰਾ ਨੂੰ ਐੱਨਡੀਪੀਐੱਸ ਤਹਿਤ ਦਰਜ ਕੇਸ ਵਿੱਚ ਪਿਛਲੇ ਸਾਲ ਸਤੰਬਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਉਨ੍ਹਾਂ ਦੇ ਪਿਤਾ ਦੀ ਲੋਕ ਹਿੱਤਾਂ ਖਾਤਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖਹਿਰਾ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਚੰਡੀਗੜ੍ਹ ਲਈ ਰਵਾਨਾ ਹੋ ਗਏ ਸਨ। ਇਸ ਦੌਰਾਨ ਭੁਲੱਥ ਤੇ ਪਿੰਡ ਰਾਮਗੜ੍ਹ ਵਿੱਚ ਖਹਿਰਾ ਦੇ ਸਮਰਥਕਾਂ ਵਲੋਂ ਲੱਡੂ ਵੰਡ ਕੇ ਤੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਜ਼ਮਾਨਤ ਮਿਲਣ ‘ਤੇ ਰਿਹਾਅ ਹੋ ਗਏ ਸਨ ਪਰ ਇਸ ਦੇ ਤੁਰੰਤ ਬਾਅਦ ਸੁਭਾਨਪੁਰ ਥਾਣੇ ਵਿੱਚ ਇਕ ਮਹਿਲਾ ਨੇ ਖਹਿਰਾ ‘ਤੇ ਧਮਕੀਆਂ ਦੇਣ ਦੇ ਦੋਸ਼ ਲਗਾ ਕੇ ਪਰਚਾ ਦਰਜ ਕਰਵਾ ਦਿੱਤਾ ਸੀ। ਇਸ ‘ਤੇ ਕਾਰਵਾਈ ਕਰਦੇ ਹੋਏ ਨਾਭਾ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਸ ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ ਤੇ ਕਪੂਰਥਲਾ ਪੁਲਿਸ ਵਲੋਂ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਰਿਮਾਂਡ ਤੋਂ ਬਾਅਦ ਉਸ ਨੂੰ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …