ਮੁੰਬਈ ’ਚ ਵੀ ਅੱਗ ਨੇ 7 ਵਿਅਕਤੀਆਂ ਦੀ ਲਈ ਜਾਨ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਵਿਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਵਿਚ ਭਿਆਨਕ ਲੱਗ ਲੱਗਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਜੀਠਾ ਰੋਡ ’ਤੇ ਪਿੰਡ ਨਾਗ ਕਲਾਂ ਨੇੜੇ ਇਕ ਦਵਾਈਆਂ ਬਣਾਉਣ ਵਾਲੀ ਫੈਕਟਰੀ ਕਵਾਲਟੀ ਫਾਰਮਾਸਿਊਟੀਕਲਜ਼ ਵਿਚ ਇਹ ਅੱਗ ਲੱਗੀ ਹੈ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਸਿਫ਼ਟ ਬਦਲਣ ਵਾਲੀ ਸੀ ਅਤੇ ਜ਼ਿਆਦਾਤਾਰ ਕਰਮਚਾਰੀ ਫੈਕਟਰੀ ਵਿਚੋਂ ਬਾਹਰ ਨਿਕਲਣ ਵਾਲੇ ਸਨ। ਜਦੋਂ ਫੈਕਟਰੀ ਵਿਚ ਅੱਗ ਲੱਗੀ ਤਾਂ ਸਾਰੇ ਕਰਮਚਾਰੀ ਤੁਰੰਤ ਬਾਹਰ ਨੂੰ ਦੌੜ ਗਏ। ਇਹ ਵੀ ਦੱਸਿਆ ਗਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਇਸ ਅੱਗ ਕਾਰਨ ਮੌਤ ਹੋਈ ਹੈ, ਉਹ ਆਪਣੀ ਜਾਨ ਬਚਾਉਣ ਲਈ ਉਪਰਲੀ ਮੰਜ਼ਿਲ ’ਤੇ ਚਲੇ ਗਏ ਸਨ, ਪਰ ਫਿਰ ਵੀ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ। ਇਸ ਦੌਰਾਨ ਫੈਕਟਰੀ ਅੰਦਰ ਪਏ ਕੈਮੀਕਲ ਦੇ ਡਰੰਮ ਵੀ ਫਟ ਗਏ। ਸੂਚਨਾ ਮਿਲਦਿਆਂ ਫਾਇਰ ਬਿ੍ਰਗੇਡ ਦੇ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਫਾਇਰ ਬਿ੍ਰਗੇਡ ਦੇ ਕਰਮਚਾਰੀਆਂ ਨੇ ਦੱਸਿਆ ਇਸ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸੇ ਦੌਰਾਨ ਮੁੰਬਈ ਦੇ ਗੋਰੇਗਾਓਂ ਇਲਾਕੇ ਵਿਚ ਵੀ ਇਕ ਛੇ ਮੰਜ਼ਿਲਾਂ ਇਮਾਰਤ ਵਿਚ ਅੱਗ ਲੱਗ ਗਈ ਅਤੇ ਇਸ ਅੱਗ ਨੇ 7 ਵਿਅਕਤੀਆਂ ਦੀ ਜਾਨ ਲੈ ਲਈ ਅਤੇ 30 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ।