![](https://parvasinewspaper.com/wp-content/uploads/2023/10/RBI-1.jpg)
ਨਵੀਂ ਦਿੱਲੀ/ਬਿਊਰੋ ਨਿਊਜ਼
ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਜਿਉਂ ਦੀ ਤਿਉਂ-ਸਥਿਤੀ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਰੇਪੋ ਰੇਟ 6.5 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਸਾਰੇ ਪਹਿਲੂਆਂ ’ਤੇ ਵਿਚਾਰ-ਚਰਚਾ ਦੇ ਬਾਅਦ ਮੁਦਰਾ ਨੀਤੀ ਕਮੇਟੀ ਨੇ ਸਰਬ ਸੰਮਤੀ ਨਾਲ ਰੇਪੋ ਦਰ ਨੂੰ 6.5 ਫੀਸਦੀ ’ਤੇ ਰੱਖਣ ਦਾ ਫੈਸਲਾ ਕੀਤਾ ਹੈ। ਆਰਬੀਆਈ ਦੇ ਗਵਰਨਰ ਨੇ ਕਿਹਾ ਕਿ ਸਤੰਬਰ ਮਹੀਨੇ ਵਿਚ ਮਹਿੰਗਾਈ ਵਿਚ ਕਮੀ ਆਉਣ ਦੀ ਉਮੀਦ ਹੈ। ਧਿਆਨ ਰਹੇ ਕਿ ਰੇਪੋ ਰੇਟ ਕੇਂਦਰੀ ਬੈਂਕ ਵਲੋਂ ਦੇਸ਼ ਦੇ ਬਾਕੀ ਬੈਂਕਾਂ ਨੂੰ ਦਿੱਤੇ ਗਏ ਕਰਜ਼ੇ ਦੀ ਦਰ ਹੈ। ਬੈਂਕ ਇਸ ਦਰ ’ਤੇ ਗਾਹਕਾਂ ਨੂੰ ਕਰਜ਼ੇ ਦੀ ਸਹੂਲਤ ਵੀ ਪ੍ਰਦਾਨ ਕਰਦੇ ਹਨ। ਜੇਕਰ ਕੇਂਦਰੀ ਬੈਂਕ ਰੇਪੋ ਦਰ ਨੂੰ ਘਟਾਉਣ ਦਾ ਫੈਸਲਾ ਕਰਦਾ ਹੈ ਤਾਂ ਇਸਦਾ ਮਤਲਬ ਹੈ ਕਿ ਹੁਣ ਬੈਂਕ ਗਾਹਕਾਂ ਨੂੰ ਘੱਟ ਵਿਆਜ਼ ਦਰਾਂ ’ਤੇ ਕਰਜ਼ ਦਿੰਦਾ ਹੈ।