ਹੁਣ 5 ਫਰਵਰੀ ਤੋਂ ਸ਼ੁਰੂ ਹੋਵੇਗਾ ਇਹ ਸੰਮੇਲਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ 18 ਤੋਂ 24 ਜਨਵਰੀ ਤੱਕ ਅੰਮ੍ਰਿਤਸਰ ਵਿੱਚ ਹੋਣ ਵਾਲੇ ਰੰਗਲਾ ਪੰਜਾਬ ਟੂਰਿਜ਼ਮ ਸਮਿਟ ਨੂੰ ਮੁਲਤਵੀ ਕਰਨ ਦਾ ਫੈਸਲਾ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਸਥਾਨਿਕ ਟੂਰਿਜ਼ਮ ਸਮਿਟ ਦੀ ਥਾਂ ਹੁਣ ਫਿਲਹਾਲ ਕੌਮਾਂਤਰੀ ਸੈਰ ਸਪਾਟਾ ਵਪਾਰ ਮੇਲੇ ਵਿਚ ਪੰਜਾਬ ਸਰਕਾਰ ਦੀ ਟੀਮ ਭੇਜਣ ਦਾ ਫੈਸਲਾ ਕੀਤਾ ਹੈ।
ਪੰਜਾਬ ਸੈਰ ਸਪਾਟਾ ਵਿਭਾਗ ਦੀ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਈ ਵਿਚ ਵਫਦ 24 ਤੋਂ 28 ਜਨਵਰੀ ਤੱਕ ਕੌਮਾਂਤਰੀ ਸੈਰ ਸਪਾਟਾ ਵਪਾਰ ਮੇਲੇ ਵਿਚ ਹਿੱਸਾ ਲੈਣ ਸਪੇਨ ਜਾ ਰਿਹਾ ਹੈ।
ਸਪੇਨ ਦੇ ਮੈਡਰਿਡ ਵਿਚ ਕੌਮਾਂਤਰੀ ਸੈਰ ਸਪਾਟਾ ਵਪਾਰ ਮੇਲਾ ਹੋ ਰਿਹਾ ਹੈ। ਵਫਦ ਵਿਚ ਚਾਰ ਉੱਚ ਅਧਿਕਾਰੀ ਵੀ ਜਾ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਪੰਜਾਬ ਸੈਰ ਸਪਾਟਾ ਵਿਭਾਗ ਵੱਲੋਂ ਕਿਸੇ ਅੰਤਰਰਾਸ਼ਟਰੀ ਸੈਰ ਸਪਾਟਾ ਮੇਲੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸੈਰ ਸਪਾਟਾ ਵਿਭਾਗ ਦੀ ਟੀਮ 23 ਜਨਵਰੀ ਨੂੰ ਰਵਾਨਾ ਹੋਵੇਗੀ ਅਤੇ 29 ਜਨਵਰੀ ਨੂੰ ਵਾਪਸ ਆਵੇਗੀ। ਪੰਜਾਬ ਵਿਚ ਹੋਣ ਵਾਲਾ ਰੰਗਲਾ ਪੰਜਾਬ ਸੰਮੇਲਨ ਹੁਣ 5 ਫਰਵਰੀ ਤੋਂ ਸ਼ੁਰੂ ਹੋਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਹੋਣ ਵਾਲਾ ਸਮਾਗਮ ਉਥੋਂ ਦੇ ਡਿਪਟੀ ਕਮਿਸ਼ਨਰ ਦੀ ਬੇਨਤੀ ‘ਤੇ ਮੁਲਤਵੀ ਕੀਤਾ ਗਿਆ ਹੈ ਜੋ ਹੁਣ ਫਰਵਰੀ ਵਿਚ ਹੋਵੇਗਾ। ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦਾ ਤਰਕ ਹੈ ਕਿ ਅੰਮ੍ਰਿਤਸਰ ਵਿਚ ਇੱਕ ਹੋਰ ਸ਼ਿਲਪ ਸਮਾਗਮ ਚੱਲ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪੰਜਾਬ ‘ਤੇ ਦਬਾਓ ਬਣਾਇਆ ਜਾ ਰਿਹਾ ਹੈ ਕਿ ਉਹ ਕੌਮਾਂਤਰੀ ਪੱਧਰ ‘ਤੇ ਵੀ ਹਾਜ਼ਰੀ ਯਕੀਨੀ ਬਣਾਵੇ।
ਪਿਛਲੇ ਤਿੰਨ ਸਾਲਾਂ ਤੋਂ ਵਿਸ਼ਵ ਸੈਰ ਸਪਾਟੇ ਦੇ ਨਕਸ਼ੇ ‘ਤੇ ਪੰਜਾਬ ਦੀ ਕੋਈ ਮੌਜੂਦਗੀ ਨਹੀਂ ਹੈ।