ਬਸੀ ਪਠਾਣਾਂ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਹਦਾਇਤ ਤੋਂ ਬਾਅਦ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀ ਭਾਬੀ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਗਿਆ ਜਿਸ ਵਿਚ ਸਿਰ ਵਿਚ ਸੱਟ ਲੱਗਣ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਸਤਵਿੰਦਰ ਬੁੱਗਾ ਅਤੇ ਉਸ ਦੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਤੇ ਅਮਰਜੀਤ ਕੌਰ ਦੀ ਮ੍ਰਿਤਕ ਦੇਹ ਦਾ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਮੌਤ ਤੋਂ 21 ਦਿਨਾਂ ਤੋਂ ਬਾਅਦ ਪਿੰਡ ਮੁਕਾਰੋਂਪੁਰ ਵਿਚ ਸਸਕਾਰ ਕਰ ਦਿੱਤਾ ਗਿਆ।
ਬੀਤੀ 23 ਦਸੰਬਰ ਨੂੰ ਭੇਤਭਰੀ ਹਾਲਤ ‘ਚ ਗਾਇਕ ਸਤਵਿੰਦਰ ਬੁੱਗਾ ਦੀ ਭਰਜਾਈ ਅਮਰਜੀਤ ਕੌਰ ਦੀ ਮੌਤ ਹੋ ਗਈ ਸੀ ਜਿਸ ਮਗਰੋਂ ਮ੍ਰਿਤਕਾ ਦੇ ਪਤੀ ਦਵਿੰਦਰ ਸਿੰਘ ਉਰਫ ਭੋਲਾ ਨੇ ਪਤਨੀ ਦੀ ਮੌਤ ਲਈ ਆਪਣੇ ਸਕੇ ਭਰਾ ਸਤਵਿੰਦਰ ਬੁੱਗਾ ਅਤੇ ਉਸ ਦੇ ਸਾਥੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ‘ਤੇ ਗੰਭੀਰ ਆਰੋਪ ਲਗਾਏ ਸਨ।