ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਗੁਰਦੇਵ ਸਿੰਘ ਹੰਸਰਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੁਦਰਤ ਨੂੰ ਨੇੜਿਉਂ ਨਿਹਾਰਨ ਲਈ ‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਦੇ ਪ੍ਰਬੰਧਕਾਂ ਵੱਲੋਂ ਕਰਤਾਰ ਸਿੰਘ ਚਾਹਲ ਦੀ ਅਗਵਾਈ ਵਿੱਚ ‘ਥਾਊਜ਼ੈਂਡ ਆਈਲੈਂਡਜ਼’ ਦੇ ਟੂਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੀਬੀਆਂ ਦੀ ਅਗਵਾਈ ਸਵਰਨ ਧਾਲੀਵਾਲ ਤੇ ਭਜਨ ਕੌਰ ਅਤੇ ਵੀਰਾਂ ਦੀ ਅਗਵਾਈ ਰਣਜੀਤ ਤੱਗੜ ਨੇ ਕੀਤੀ।
ਸਵੇਰੇ 7.00 ਵਜੇ ਹੀ ਸਾਰਿਆਂ ਨੇ ਬੱਸ ਵਿੱਚ ਸਵਾਰ ਹੋ ਕੇ ਮੰਜ਼ਲ ਵੱਲ ਚਾਲੇ ਪਾ ਦਿੱਤੇ ਅਤੇ ਰਸਤੇ ਦੇ ਖ਼ੂਬਸੂਰਤ ਨਜ਼ਾਰਿਆਂ ਨੂੰ ਮਾਣਦਿਆਂ ਹੋਇਆਂ ‘ਬਲਿਹਾਰੀ ਕੁਦਰਤ ਵੱਸਿਆ’ ਮਨ ਵਿਚ ਵਿਚਾਰਦਿਆਂ ਚਾਰ ਘੰਟੇ ਦੇ ਲੰਮੇਂ ਸਫ਼ਰ ਦਾ ਪਤਾ ਹੀ ਨਾ ਚੱਲਿਆ ਕਿ ਇਹ ਕਦੋਂ ਮੁੱਕ ਗਿਆ, ਹਾਲਾਂ ਕਿ ਇਸ ਦੇ ਅੱਧ-ਵਿਚਾਲੇ ਇੱਕ ਜਗ੍ਹਾ ਟਿਮ ਹਾਰਟਨ ‘ਤੇ ਚਾਹ-ਪਾਣੀ ਲਈ ਇੱਕ ‘ਪੜਾਅ’ ਵੀ ਕੀਤਾ ਗਿਆ। ਦੋ ਸੀਨੀਅਰ ਸਾਥੀ ਫੈਰੀ ਦੀਆਂ ਟਿਕਟਾਂ ਦਾ ਪ੍ਰਬੰਧ ਕਰਨ ਲਈ ਚਲੇ ਗਏ ਅਤੇ ਬਾਕੀ ਸਾਰਿਆਂ ਨੇ ਓਨੇ ਚਿਰ ਵਿੱਚ ਆਣੇ ਨਾਲ ਲਿਆਂਦੇ ਵੰਨ-ਸੁਵੰਨੇ ਖਾਣੇ ਮੇਜ਼ਾਂ ਉੱਪਰ ਸਜਾ ਲਏ। ਸਭਨਾਂ ਨੇ ਮਿਲ ਕੇ ਖਾਣਾ ਖਾਧਾ ਅਤੇ ਚਾਹ ਵਾਲੀਆਂ ਥਰਮਸਾਂ ਵਿਹਲੀਆਂ ਕੀਤੀਆਂ।
ਮੌਸਮ ਬਹੁਤ ਸੁਹਾਵਣਾ ਸੀ ਤੇ ਕੁਦਰਤ-ਰਾਣੀ ਆਪਣੇ ਰੰਗ ਬਖੇਰ ਰਹੀ ਸੀ। ਆਲੇ-ਦੁਆਲੇ ਦੇ ਖ਼ੂਬਸੂਰਤ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਨਾਲ ਜੋੜ ਕੇ ਸਾਰੇ ਇਨ੍ਹਾਂ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰਨ ਵਿੱਚ ਰੁੱਝ ਗਏ। ਠੀਕ 1.30 ਵਜੇ ‘ਅਮੈਰੇਕਨ ਕਰੂਜ਼’ ਨਾਮੀ ਛੋਟੀ ਫੈਰੀ ਸਾਰਿਆਂ ਨੂੰ ਆਪਣੇ ਵਿੱਚ ਬੈਠਾ ਕੇ ਟਾਪੂਆਂ ਦੀ ਸੈਰ ਨੂੰ ਚੱਲ ਪਈ। ਸਾਰੇ ਸਾਥੀ ਕੋਲੋਂ ਲੰਘਦੀਆਂ ਬੇੜੀਆਂ, ਕਰੂਜਾਂ ਆਦਿ ਦੇ ਮੁਸਾਫਰਾਂ ਨੂੰ ਹੱਥ ਹਿਲਾ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ। ਨਿੱਕੇ-ਵੱਡੇ ਟਾਪੂਆਂ ਦੇ ਵੱਖ-ਵੱਖ ਨਜ਼ਾਰਿਆਂ ਨੂੰ ਮਾਣਦੇ ਹੋਏ ਅੱਗੇ ਵੱਧਦੇ ਗਏ। ਕਈ ਟਾਪੂ ਏਡੇ ਵੱਡੇ ਸਨ ਕਿ ਉਨ੍ਹਾਂ ਉੱਪਰ ਕਈ-ਕਈ ਘਰ ਵੱਸੇ ਹੋਏ ਸਨ ਅਤੇ ਇੱਕ ਉੱਤੇ ਤਾਂ ਇੱਕ ਵੱਡਾ ਹੋਟਲ ਵੀ ਬਣਿਆ ਹੋਇਆ ਸੀ ਜਦ ਕਿ ਕਈ ਛੋਟਿਆਂ ਟਾਪੂਆਂ ‘ਤੇ ਕੱਲ੍ਹੇ-ਦੁਕੱਲ੍ਹੇ ਘਰ ਸਨ ਤੇ ਕਈਆਂ ‘ਤੇ ਭਾਵੇਂ ਕੁਝ ਵੀ ਨਹੀਂ ਸੀ ਪਰ ਫਿਰ ਵੀ ਉਹ ਆਲੇ-ਦੁਆਲੇ ਦੀ ਸੁੰਦਰਤਾ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਸਨ।
ਅਮਰੀਕਾ ਦੇ ਇੱਕ ਛੋਟੇ ਜਿਹੇ ਸ਼ਹਿਰ ਦੀ ਦੇਹਲੀ ਨਾਲ ਜਦ ਫ਼ੈਰੀ ਖਹਿ ਕੇ ਲੰਘੀ ਤਾਂ ਸੱਭਨਾਂ ਦੀ ਖ਼ੁਸ਼ੀ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਉਹ ਅਮਰੀਕਾ ਨੂੰ ਮੋਢਾ ਮਾਰ ਕੇ ਆ ਰਹੇ ਹਨ।
ਅਖ਼ੀਰ, ਅਮਰੀਕਾ ਤੇ ਕਨੇਡਾ ਨੂੰ ਜੋੜਨ ਵਾਲੇ ਪੁਲ ਦੇ ਹੇਠੋਂ ਲੰਘਦਿਆਂ ਹੋਇਆਂ ਕਰੂਜ਼ ਵਾਪਸ ਮੁੜ ਪਿਆ ਅਤੇ ਦੋ ਘੰਟਿਆਂ ਵਿੱਚ 1000 ਟਾਪੂਆਂ ਦੇ ਨੇੜਿਉਂ ਦਰਸ਼ਨ ਕਰਵਾ ਕੰਢੇ ਆ ਲੱਗਾ। ਇਸ ਦੌਰਾਨ ਜੰਗੀਰ ਸਿੰਘ ਸੈਂਹਬੀ ਨੇ ਆਪਣੇ ਸੈੱਲ ਫ਼ੋਨ ‘ਤੇ ਸਾਰਿਆਂ ਨਾਲ ਬਰਾਬਰ ਸੰਪਰਕ ਬਣਾਈ ਰੱਖਿਆ। ਠੀਕ ਚਾਰ ਵਜੇ ਬੱਸ ਵਿੱਚ ਸਵਾਰ ਹੋ ਕੇ ਵਾਪਸੀ ਲਈ ਚਾਲੇ ਪਾ ਦਿੱਤੇ ਅਤੇ ਰਸਤੇ ਵਿੱਚ ਚਾਹ-ਬਿਸਕੁਟ ਆਦਿ ਛੱਕਦੇ ਹੋਏ ਸ਼ਾਮ ਨੂੰ ਅੱਠ ਕੁ ਵਜੇ ਘਰ-ਵਾਪਸੀ ਹੋ ਸਕੀ। ਰਸਤੇ ਵਿੱਚ ਵੀ ਸਾਰੇ ਇਸ ਖ਼ੂਬਸੂਰਤ ਟੂਰ ਬਾਰੇ ਗੱਲਾਂ-ਬਾਤਾਂ ਕਰਦੇ ਰਹੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …