Breaking News
Home / ਦੁਨੀਆ / ਨਾਦੀਆ ਮੁਰਾਦ ਅਤੇ ਡਾ. ਮੁਕਵੇਗੇ ਨੂੰ ਨੋਬਲ ਸ਼ਾਂਤੀ ਪੁਰਸਕਾਰ

ਨਾਦੀਆ ਮੁਰਾਦ ਅਤੇ ਡਾ. ਮੁਕਵੇਗੇ ਨੂੰ ਨੋਬਲ ਸ਼ਾਂਤੀ ਪੁਰਸਕਾਰ

ਓਸਲੋ : ਨੋਬਲ ਪੁਰਸਕਾਰਾਂ ਵਿਚ ਸ਼ਾਂਤੀ ਪੁਰਸਕਾਰ ਦਾ ਐਲਾਨ ਕੀਤਾ ਗਿਆ। ਓਸਲੋ ਵਿਚ ਪੰਜ ਮੈਂਬਰਾਂ ਦੀ ਕਮੇਟੀ ਨੇ ਡੀ.ਆਰ. ਕਾਂਗੋ ਦੇ ਡਾਕਟਰ ਡੈਨਿਸ ਮੁਕਵੇਗੇ ਅਤੇ ਆਈ.ਐਸ.ਦੇ ਅੱਤਵਾਦ ਦੀ ਸ਼ਿਕਾਰ ਹੋਈ ਯਜ਼ੀਦੀ ਜਬਰ-ਜਨਾਹ ਦੀ ਪੀੜਤਾ ਨਾਦੀਆ ਮੁਰਾਦ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਚੁਣਿਆ ਹੈ। ਕਮੇਟੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੇ ਜ਼ੁਲਮਾਂ ਨਾਲ ਲੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਾ. ਮੁਕਵੇਗੇ ਨੇ ਕਾਂਗੋ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਗ੍ਰਹਿ ਯੁੱਧ ਦੌਰਾਨ ਜ਼ਖ਼ਮੀ ਹੋਈਆਂ ਪੀੜਤ ਔਰਤਾਂ ਦਾ ਇਲਾਜ ਕੀਤਾ। ਇਸ ਗ੍ਰਹਿ ਯੁੱਧ ਨੇ ਹਜ਼ਾਰਾਂ ਕਾਂਗੋ ਲੋਕਾਂ ਦੀ ਜਾਨ ਲੈ ਲਈ। ਨੋਬਲ ਕਮੇਟੀ ਨੇ ਕਿਹਾ ਕਿ ਦੋਵਾਂ ਨੂੰ ਇਸ ਲਈ ਪੁਰਸਕਾਰ ਦਿੱਤੇ ਜਾਣਗੇ ਕਿਉਂਕਿ ਉਨ੍ਹਾਂ ਨੇ ਸਰੀਰਕ ਸ਼ੋਸ਼ਣ ਹਿੰਸਾ ਨੂੰ ਯੁੱਧ ਅਤੇ ਹਥਿਆਰਬੰਦ ਸੰਘਰਸ਼ ਵਿਚ ਹਥਿਆਰ ਦੇ ਰੂਪ ਵਿਚ ਇਸਤੇਮਾਲ ਨੂੰ ਖ਼ਤਮ ਕਰਨ ઠਦੇ ਯਤਨ ਕੀਤੇ ਹਨ। ਕੁਝ ਸਾਲ ਪਹਿਲਾਂ ਹੱਤਿਆ ਦੀ ਕੋਸ਼ਿਸ਼ ਦੇ ਬਾਵਜੂਦ 63 ਸਾਲਾ ਔਰਤ ਰੋਗਾਂ ਦੇ ਮਾਹਿਰ ਡਾਕਟਰ ਮੁਕਵੇਗੇ ਨੇ ਕਾਂਗੋਲੀ ਔਰਤਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਨ ਲਈ ਲਗਾਤਾਰ ਮੁਹਿੰਮ ਚਲਾਈ। ਡਾ. ਮੁਕਵੇਗੇ ਨੇ ਦੁਨੀਆ ਦੇ ਸਭ ਤੋਂ ਮੁਸ਼ਕਿਲ ਹਾਲਾਤ ਵਾਲੇ ਸਥਾਨਾਂ ਵਿਚੋਂ ਇਕ ਕਾਂਗੋ ਦੇ ਬੁਕਾਵ ਦੇ ਉੱਪਰ ਪਹਾੜੀਆਂ ਵਿਚ ਇਕ ਖੁੱਲ੍ਹੇ ਹਸਪਤਾਲ ਵਿਚ ਕੰਮ ਕੀਤਾ ਜਿੱਥੇ ਸਾਲਾਂ ਤੋਂ ਘੱਟ ਬਿਜਲੀ ਅਤੇ ਹੋਰ ਸਹੂਲਤਾਂ ਨਹੀਂ ਸਨ। ਫਿਰ ਵੀ ਉਨ੍ਹਾਂ ਨੇ ਉੱਥੇ ਅਣਗਿਣਤ ਔਰਤਾਂ ਦਾ ਇਲਾਜ ਕੀਤਾ ਜੋ ਉਨ੍ਹਾਂ ਕੋਲ ਇਲਾਜ ਲਈ ਗਈਆਂ। ਉਹ ਕਾਂਗੋਲੀ ਲੋਕਾਂ ਲਈ ਇਕ ਵਿਜੇਤਾ, ਲਿੰਗ ਸਮਾਨਤਾ ਲਈ ਵਿਸ਼ਵ-ਪੱਧਰੀ ਵਕੀਲ ਅਤੇ ਯੁੱਧ ਵਿਚ ਜਬਰ-ਜਨਾਹ ਨੂੰ ਖ਼ਤਮ ਕਰਨ ਵਾਲੇ ਕਾਰਕੁੰਨ ਬਣ ਕੇ ਸਾਹਮਣੇ ਆਏ। ਨਾਲ ਹੀ ਉਨ੍ਹਾਂ ਨੇ ਦੁਨੀਆ ਦੇ ਹੋਰ ਯੁੱਧ-ਪ੍ਰਭਾਵਿਤ ਹਿੱਸਿਆਂ ਦੀ ਯਾਤਰਾ ਦੌਰਾਨ ਬਚੇ ਹੋਏ ਲੋਕਾਂ ਦੀ ਮਦਦ ਲਈ ਪ੍ਰੋਗਰਾਮ ਬਣਾਏ। ਨਾਦੀਆ ਮੁਰਾਦ (25) ਇਸਲਾਮਿਕ ਸਟੇਟ ਸਮੂਹ ਵਲੋਂ ਸਰੀਰਕ ਸ਼ੋਸ਼ਣ ਗੁਲਾਮੀ ਵਿਰੁੱਧ ਔਰਤਾਂ ਦੀ ਅਵਾਜ਼ ਬਣ ਕੇ ਸਾਹਮਣੇ ਆਈ। ਵਰਣਨਯੋਗ ਹੈ ਕਿ ਆਈ. ਐਸ.ਆਈ.ਐਸ. ਨੇ ਉੱਤਰੀ ਇਰਾਕ ਵਿਚ ਸਥਿਤ ਉਨ੍ਹਾਂ ਦੀ ਜਨਮ-ਭੂਮੀ ‘ਤੇ ਕਬਜ਼ਾ ਕਰ ਲਿਆ ਸੀ ਅਤੇ ਸਾਲ 2014 ਵਿਚ ਯਾਜੀਦੀ ਘੱਟ ਗਿਣਤੀ ਤੋਂ ਹਜ਼ਾਰਾਂ ਹੋਰ ਔਰਤਾਂ ਅਤੇ ਲੜਕੀਆਂ ਨਾਲ ਨਾਦੀਆ ਨੂੰ ਵੀ ਅਗਵਾ ਕਰ ਲਿਆ ਗਿਆ ਸੀ ਅਤੇ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਇਨ੍ਹਾਂ ਔਰਤਾਂ ਅਤੇ ਲੜਕੀਆਂ ਨੂੰ ਸਰੀਰਕ ਸ਼ੋਸ਼ਣ ਲਈ ਆਪਣਾ ਗੁਲਾਮ ਬਣਾ ਲਿਆ ਸੀ। ਇਸਲਾਮਿਕ ਸਟੇਟ ਸਮੂਹ ਵਲੋਂ ਜਬਰ ਜਨਾਹ ਤੋਂ ਬਾਅਦ ਬਚਣ ਵਾਲੀਆਂ ਜਦੋਂ ਜ਼ਿਆਦਾਤਰ ਗੁਲਾਮ ਔਰਤਾਂ ਨੇ ਆਪਣਾ ਨਾਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਉਸ ਸਮੇਂ ਨਾਦੀਆ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਉਹ ਆਪਣੀ ਪਹਿਚਾਣ ਅਤੇ ਤਸਵੀਰ ਦੇਣਾ ਚਾਹੁੰਦੀ ਹੈ। ਇਸ ਤੋਂ ਬਾਅਦ ਨਾਦੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ, ਅਮਰੀਕਾ ਦਾ ਪ੍ਰਤੀਨਿਧ ਸਭਾ, ਬਰਤਾਨੀਆ ਦੇ ਹਾਊਸ ਆਫ਼ ਕਾਮਨਸ ਅਤੇ ਹੋਰ ਕਈ ਵਿਸ਼ਵ-ਪੱਧਰੀ ਮੰਚਾਂ ‘ਤੇ ਬੋਲਦੇ ਹੋਏ ਔਰਤਾਂ ਨੂੰ ਸਰੀਰਕ ਸ਼ੋਸ਼ਣ ਹਿੰਸਾ ਖ਼ਿਲਾਫ਼ ਜਾਗਰੂਕ ਕਰਨ ਲਈ ਵਿਸ਼ਵ-ਵਿਆਪੀ ਮੁਹਿੰਮ ਚਲਾਈ। ਇਸ ਸਾਲ ਸ਼ਾਂਤੀ ਦੇ ਨੋਬਲ ਪੁਰਸਕਾਰ ਲਈ ਕੁੱਲ 331 (216 ਲੋਕ ਅਤੇ 115 ਸੰਗਠਨ) ਨਾਂ ਮੁਕਾਬਲੇ ਵਿਚ ਸ਼ਾਮਲ ਹੋਏ ਸਨ। ਹੁਣ ਤੱਕ 98 ਵਿਅਕਤੀਆਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾ ਚੁੱਕਾ ਹੈ।

 

Check Also

ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਸਹੁੰ ਚੁੱਕ ਸਮਾਗਮ ਵਿਚ ਨਵਾਜ਼ ਸ਼ਰੀਫ ਵੀ ਰਹੇ ਹਾਜ਼ਰ ਇਸਲਾਮਾਬਾਦ/ਬਿਊਰੋ ਨਿਊਜ਼ ਸ਼ਾਹਬਾਜ਼ ਸ਼ਰੀਫ਼ ਨੇ 2022 …