ਕੈਨੇਡਾ ‘ਚ ਨਸਲਵਾਦ ਵਿਰੁੱਧ ਰੋਸ ਵਿਖਾਵੇ
ਟੋਰਾਂਟੋ/ ਸਤਪਾਲ ਸਿੰਘ ਜੌਹਲ
ਅਮਰੀਕਾ ‘ਚ ਨਸਲਵਾਦ ਵਿਰੁੱਧ ਭੜਕੀ ਹਿੰਸਾ ਤੋਂ ਬਾਅਦ ਕੈਨੇਡਾ ਦੇ ਵੱਡੇ ਸ਼ਹਿਰਾਂ ‘ਚ ਵੀ ਅਫ਼ਰੀਕੀ ਨਸਲ ਦੇ ਲੋਕਾਂ ਵਲੋਂ ਰੋਸ ਵਿਖਾਵੇ ਕੀਤੇ ਗਏ ਅਤੇ ਅਜਿਹੇ ‘ਚ ਕੋਰੋਨਾ ਵਾਇਰਸ ਦੀ ਸਮੱਸਿਆ ਪਛੜ ਚੁੱਕੀ ਲੱਗਣ ਲੱਗੀ ਹੈ।
ਟੋਰਾਂਟੋ ‘ਚ ਬੀਤੇ ਦਿਨੀਂ ਪੁਲਿਸ ਦੀ ਹਾਜ਼ਰੀ ‘ਚ ਅਪਾਰਟਮੈਂਟ ਬਿਲਡਿੰਗ ਦੀ 24ਵੀਂ ਮੰਜ਼ਿਲ ਤੋਂ ਡਿਗ ਕੇ 24 ਸਾਲ ਦੀ (ਅਫ਼ਰੀਕੀ ਮੂਲ ਦੀ) ਰੇਜੀਸ ਕ੍ਰਚਿੰਸਕੀ ਨਾਮਕ ਕੁੜੀ ਦੀ ਮੌਤ ਹੋ ਗਈ ਸੀ। ਇਸ ਘਟਨਾ ਅਤੇ ਅਮਰੀਕਾ ‘ਚ ਪੁਲਿਸ ਵਾਲੇ ਵਲੋਂ ਗ੍ਰਿਫ਼ਤਾਰੀ ਸਮੇਂ ਮਾਰੇ ਗਏ ਜਾਰਜ ਫਲੋਇਡ ਦੀ ਦਰਦਨਾਕ ਵਾਰਦਾਤ ਦੇ ਵਿਰੋਧ ‘ਚ ਟੋਰਾਂਟੋ, ਮਾਂਟਰੀਅਲ ਤੇ ਵੈਨਕੂਵਰ ਵਿਚ ਰੋਸ ਮੁਜ਼ਾਹਰੇ ਕੀਤੇ, ਜਿਨ੍ਹਾਂ ‘ਚ ਪੁਲਿਸ ਦੇ ਨਸਲਵਾਦੀ ਰਵੱਈਏ ਅਤੇ ਬੇਇਨਸਾਫੀ ਦੀ ਆਲੋਚਨਾ ਕੀਤੀ ਗਈ।
ਟੋਰਾਂਟੋ ਅਤੇ ਵੈਨਕੂਵਰ ‘ਚ ਮੁਜ਼ਾਹਰੇ ਸ਼ਾਂਤੀਪੂਰਵਕ ਰਹੇ ਪਰ ਮਾਂਟਰੀਅਲ ਡਾਊਨ ਟਾਊਨ ‘ਚ ਪੁਲਿਸ ਦੇ ਹੈੱਡਕੁਆਟਰ ਨੇੜੇ ਮੁਜ਼ਾਹਰਾਕਾਰੀਆਂ ਵਲੋਂ ਭੰਨਤੋੜ ਅਤੇ ਸਾੜਫੂਕ ਕਰਨ ‘ਤੇ ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਦੀਆਂ ਖ਼ਬਰਾਂ ਹਨ। ਮੁਜ਼ਾਹਰਾਕਾਰੀਆਂ ਦੀ ਵੱਡੀ ਗਿਣਤੀ ਹੋਣ ਕਾਰਨ ਇਕ-ਦੂਸਰੇ ਤੋਂ ਦੋ ਮੀਟਰ ਦੀ ਦੂਰੀ ਬਣਾ ਕੇ ਰੱਖਣਾ ਸੰਭਵ ਨਹੀਂ ਸੀ ਪਰ ਕੁਝ ਲੋਕਾਂ ਨੇ ਮਾਸਕ ਪਾਏ ਸਨ ਅਤੇ ਹੱਥ ਸੈਨੀਟਾਈਜ਼ ਕੀਤੇ ਜਾ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਮਾਂਟਰੀਅਲ ਪੁਲਿਸ ਵਲੋਂ ਟਵੀਟ ਕਰਕੇ ਅਮਰੀਕਾ ‘ਚ ਮਾਰੇ ਗਏ ਲਿਓਡ ਨਾਂਅ ਦੇ ਵਿਅਕਤੀ ਨਾਲ ਕੀਤੇ ਪੁਲਿਸ ਦੇ ਵਿਵਹਾਰ ਦੀ ਨਿੰਦਾ ਕੀਤੀ ਅਤੇ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …