Breaking News
Home / ਜੀ.ਟੀ.ਏ. ਨਿਊਜ਼ / ਤੰਬਾਕੂ ਸਬੰਧੀ ਕਾਨੂੰਨ ਨੂੰ ਓਵਰਹਾਲ ਕਰਨ ਲਈ ਨਵਾਂ ਬਿੱਲ ਪਾਰਲੀਮੈਂਟ ‘ਚ ਪਾਸ

ਤੰਬਾਕੂ ਸਬੰਧੀ ਕਾਨੂੰਨ ਨੂੰ ਓਵਰਹਾਲ ਕਰਨ ਲਈ ਨਵਾਂ ਬਿੱਲ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵੱਲੋਂ ਦੇਸ਼ ਦੇ ਤੰਬਾਕੂ ਸਬੰਧੀ ਕਾਨੂੰਨ ਨੂੰ ਓਵਰਹਾਲ ਕਰਨ ਲਈ ਨਵਾਂ ਬਿੱਲ ਪਾਸ ਕੀਤਾ ਗਿਆ ਹੈ। ਇਸ ਤਹਿਤ ਰਸਮੀ ਤੌਰ ਉੱਤੇ ਵੇਪਿੰਗ ਦਾ ਕਾਨੂੰਨੀਕਰਨ ਕੀਤਾ ਜਾਵੇਗਾ ਤੇ ਹੈਲਥ ਕੈਨੇਡਾ ਨੂੰ ਇਹ ਸ਼ਕਤੀਆਂ ਦਿੱਤੀਆਂ ਜਾਣਗੀਆਂ ਕਿ ਉਹ ਸਿਗਰਟਾਂ ਦੀ ਪੈਕਿੰਗ ਲਈ ਸਾਦੀ ਪੈਕਿੰਗ ਨੂੰ ਲਾਜ਼ਮੀ ਕਰ ਸਕੇ।
ਇਸ ਬਿੱਲ ਐੱਸ-5 ਤਹਿਤ ਤੰਬਾਕੂ ਐਕਟ ਨੂੰ ਮੁਕੰਮਲ ਤੌਰ ਉੱਤੇ ਓਵਰਹਾਲ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਰਾਹੀਂ ਉਹ ਤਬਦੀਲੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਦਾ ਵਿਰੋਧ ਦੇਸ਼ ਦੀਆਂ ਸਭ ਤੋਂ ਵੱਡੀਆਂ ਤੰਬਾਕੂ ਕੰਪਨੀਆਂ ਤੇ ਉਨ੍ਹਾਂ ਦੇ ਭਾਈਵਾਲ ਕਰਦੇ ਆਏ ਹਨ। ਇਨ੍ਹਾਂ ਵਿੱਚ ਕਨਵੇਐਂਸ ਸਟੋਰ ਦੇ ਅਜਿਹੇ ਮਾਲਕ ਸ਼ਾਮਲ ਹਨ ਜਿਹੜੇ ਆਪਣੇ ਬਰੈਂਡਜ਼ ਸਿਗਰਟਾਂ ਤੇ ਹੋਰ ਤੰਬਾਕੂ ਪੈਕੇਜਿੰਗ ਤੋਂ ਹਟਾਉਣ ਦਾ ਸਦਾ ਵਿਰੋਧ ਕਰਦੇ ਰਹੇ ਹਨ।
ਬਿੱਲ ਵਿੱਚ ਕਿਤੇ ਵੀ ਇਹ ਨਹੀਂ ਆਖਿਆ ਗਿਆ ਕਿ ਪਲੇਨ ਪੈਕਿੰਗ ਕਿਸ ਤਰ੍ਹਾਂ ਲਾਗੂ ਕੀਤੀ ਜਾਣੀ ਚਾਹੀਦੀ ਹੈ ਪਰ ਹੈਲਥ ਕੈਨੇਡਾ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਨਵਾਂ ਟੋਬੈਕੋ ਐਂਡ ਵੇਪਿੰਗ ਪ੍ਰੋਡਕਟਸ ਐਕਟ ਕਈ ਤਰ੍ਹਾਂ ਦੇ ਬਦਲ ਪੇਸ਼ ਕਰੇਗਾ ਜਿਵੇਂ ਕਿ ਮਿਆਰੀ ਰੰਗ, ਫੌਂਟ ਤੇ ਫਿਨਿਸ਼, ਪ੍ਰਮੋਸ਼ਨ ਕਰਨ ਵਾਲੀ ਜਾਣਕਾਰੀ ਉੱਤੇ ਰੋਕ, ਬ੍ਰੈਂਡ ਐਲੀਮੈਂਟ (ਜਿਵੇਂ ਕਿ ਲੋਗੋ) ਆਦਿ। ਹੈਲਥ ਕੈਨੇਡਾ ਦੇ ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਇਹ ਨਵੇਂ ਰੈਗੂਲੇਸ਼ਨਜ਼ ਕਦੋਂ ਲਾਗੂ ਹੋਣਗੇ ਪਰ ਉਨ੍ਹਾਂ ਇਹ ਜ਼ਰੂਰ ਆਖਿਆ ਕਿ ਅਜਿਹੇ ਰੈਗੂਲੇਸ਼ਨਜ਼ ਵਿਭਾਗ ਵੱਲੋਂ ਫਾਈਨਲ ਕੀਤੇ ਜਾਣ ਤੋਂ 180 ਦਿਨਾਂ ਮਗਰੋਂ ਲਾਗੂ ਹੁੰਦੇ ਹਨ।
ਬਿੱਲ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਵੇਂ ਰੈਗੂਲੇਸ਼ਨਜ਼ ਨਾਲ ਨਾ ਸਿਰਫ ਸਿਗਰਟਨੋਸ਼ੀ ਘੱਟ ਅਪੀਲਿੰਗ ਲੱਗੇਗੀ ਸਗੋਂ ਖਾਸ ਬ੍ਰੈਂਡਜ਼ ਦੀ ਵਿੱਲਖਣਤਾ ਵੀ ਖਤਮ ਹੋ ਜਾਵੇਗੀ ਤੇ ਇਸ ਨਾਲ ਤੰਬਾਕੂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਘਟੇਗੀ। ਸਰਕਾਰ ਮੁਤਾਬਕ ਹਰ ਸਾਲ ਤੰਬਾਕੂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 45,000 ਤੋਂ ਵੀ ਵੱਧ ਹੈ। ਦੂਜੇ ਪਾਸੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਨਾਲ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵੱਧ ਜਾਵੇਗੀ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …