Breaking News
Home / ਜੀ.ਟੀ.ਏ. ਨਿਊਜ਼ / ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਿਜ਼ੋਰਟ ‘ਚ ਲਿਜਾਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਹੋਈ ਉਲੰਘਣਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਿਜ਼ੋਰਟ ‘ਚ ਲਿਜਾਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਹੋਈ ਉਲੰਘਣਾ

ਡਿਕਸੀ ਗੁਰੂਘਰ ਦੀ ਕਮੇਟੀ ਦੇ ਪ੍ਰਧਾਨ ਨੇ ਮੰਨੀ ਗਲਤੀ
ਮਿਸੀਸਾਗਾ/ਬਿਊਰੋ ਨਿਊਜ਼
ਇਹ ਗੱਲ ਤਾਂ ਪ੍ਰਤੱਖ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਡਿਕਸੀ ਗੁਰੂਘਰ ਦੀ ਮੌਜੂਦਾ ਕਮੇਟੀ ਕਈ ਮਾਮਲਿਆਂ ਨੂੰ ਲੈ ਕੇ ਦੋ-ਫਾੜ ਨਜ਼ਰ ਆ ਰਹੀ ਹੈ। ਪਰੰਤੂ ਹੁਣ ਦੋ ਹੋਰ ਮੁੱਦਿਆਂ ਕਾਰਨ ਇਹ ਲੜਾਈ ਖੁੱਲ੍ਹ ਕੇ ਸਾਹਮਣੇ ਆ ਗਈ ਹੈ।
ਲੰਘੇ ਵੀਰਵਾਰ ਨੂੰ ਕਮੇਟੀ ਦੇ ਚਾਰ ਮੈਂਬਰਾਂ ਨੇ ਇਕ ਸਾਂਝੇ ਬਿਆਨ ਰਾਹੀਂ ਦੋ ਮੁੱਦਿਆਂ ਬਾਰੇ ਆਪਣੀ ਵਿਰੋਧਤਾ ਨੂੰ ਖੁੱਲ੍ਹ ਕੇ ਬਿਆਨ ਕਰਦਿਆਂ ਦੱਸਿਆ ਹੈ ਕਿ 12 ਮਈ ਦਿਨ ਸ਼ਨੀਵਾਰ ਨੂੰ ਕੈਲੇਡਨ ਵਿੱਚ ਇਕ ਇਟਾਲੀਅਨ ਰਿਜ਼ੋਰਟ ਵਿੱਚ ਇਕ ਪੰਜਾਬੀ ਪਰਿਵਾਰ ਦੇ ਵਿਆਹ ਸਮਾਗਮ ਦੌਰਾਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਸਰੂਪ ਡਿਕਸੀ ਗੁਰੂਘਰ ਤੋਂ ਲਿਜਾ ਕੇ ਆਨੰਦ ਕਾਰਜ ਦੀਆਂ ਰਸਮਾਂ ਕੀਤੀਆਂ ਗਈਆਂ, ਜੋ ਕਿ 16 ਮਾਰਚ, 1998 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਉਲੰਘਣਾ ਹੈ।
ਕਮੇਟੀ ਮੈਂਬਰਾਂ ਗੁਰਿੰਦਰਜੀਤ ਸਿੰਘ ਭੁੱਲਰ, ਪਰਮਜੀਤ ਸਿੰਘ ਬੋਲੀਨਾ, ਨਵਜੀਤ ਸਿੰਘ ਅਤੇ ਅਮਰੀਕ ਸਿੰਘ ਦਿਓਲ ਵੱਲੋਂ ਦਸਤਖ਼ਤ ਕੀਤੇ ਗਏ ਇਸ ਸਾਂਝੇ ਬਿਆਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਨਾ ਸਿਰਫ਼ ਓਨਟਾਰੀਓ ਖਾਲਸਾ ਦਰਬਾਰ ਤੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਸਰੂਪ ਗਿਆ ਬਲਕਿ ਰਾਗੀ ਸਿੰਘ ਅਤੇ ਢਾਡੀ ਸਿੰਘਾਂ ਤੋਂ ਇਲਾਵਾ ਗੁਰੂਘਰ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਨੇ ਵਿਆਹ ਵਾਲੇ ਜੋੜੇ ਅਤੇ ਪਰਿਵਾਰ ਨੂੰ ਵਧਾਈ ਵੀ ਦਿੱਤੀ।
ਅਦਾਰਾ ‘ਪਰਵਾਸੀ’ ਵੱਲੋਂ ਜਦੋਂ ਗੁਰਪ੍ਰੀਤ ਸਿੰਘ ਬੱਲ ਹੋਰਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਮੰਨਿਆ ਕਿ ਇਹ ਗਲਤੀ ਉਨ੍ਹਾਂ ਤੋਂ ਹੋਈ ਹੈ। ਪ੍ਰੰਤੂ ਉਨ੍ਹਾਂ ਨਾਲ ਹੀ ਦੱਸਿਆ ਕਿ ਅਸਲ ਵਿੱਚ ਉਕਤ ਪਰਿਵਾਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਵਿਆਹ ‘ਗਰੀਨ ਹਾਊਸ’ ਵਿੱਚ ਹੋ ਰਿਹਾ ਹੈ, ਜਿਸ ਤੋਂ ਭੁਲੇਖਾ ਖਾ ਗਏ ਕਿ ਸ਼ਾਇਦ ਇਹ ਸ਼ਾਇਦ ਕੋਈ ‘ਘਰ’ ਹੈ, ਜਦਕਿ ਉੱਥੇ ਜਾਣ ਤੇ ਹੀ ਪਤਾ ਲੱਗਾ ਕਿ ਇਹ ਤਾਂ ਰਿਜ਼ੋਰਟ ਹੈ, ਜਿੱਥੇ ਬਾਕਾਇਦਾ ਵਿਆਹ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਯਕੀਨ ਦੁਆਇਆ ਗਿਆ ਸੀ ਕਿ ਮੀਟ, ਆਂਡਾ, ਸ਼ਰਾਬ ਦੀ ਬਿਲਕੁਲ ਵਰਤੋਂ ਨਹੀਂ ਹੋਵੇਗੀ।
ਇਨ੍ਹਾਂ ਚਾਰ ਕਮੇਟੀ ਮੈਂਬਰਾਂ ਨੇ ਇਹ ਦੋਸ਼ ਵੀ ਲਗਾਇਆ ਹੈ ਕਿ ਵਿਵਾਦਗ੍ਰਸਤ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਡਿਕਸੀ ਗੁਰੂਘਰ ਵਿਖੇ ਬੁਲਾ ਕੇ ਦਿਵਾਨ ਸਜਾਉਣ ਦਾ ਫੈਸਲਾ ਵੀ ਗਲਤ ਹੈ ਅਤੇ ਇਸ ਬਾਰੇ ਵਿਚਾਰ ਕਮੇਟੀ ਦੀ ਕਿਸੇ ਵੀ ਮੀਟਿੰਗ ਵਿੱਚ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਪ੍ਰਧਾਨ ਸਾਹਿਬ ਵੱਲੋਂ ਰੇਡਿਓ ਉਪਰ ਅਨਾਊਂਸਮੈਂਟ ਕਰਨ ਸਮੇਂ ਹੀ ਮਿਲੀ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਢੱਡਰੀਆਂ ਵਾਲੇ ਦੇ ਇੱਥੇ ਆਉਣ ਨਾਲ ਕੋਈ ਵਾਦ-ਵਿਵਾਦ ਪੈਦਾ ਹੁੰਦਾ ਹੈ ਤਾਂ ਇਸਦੀ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਹੋਵੇਗੀ।
ਇਸ ਬਾਰੇ ਗੁਰਪ੍ਰੀਤ ਸਿੰਘ ਬੱਲ ਹੋਰਾਂ ਦੱਸਿਆ ਕਿ ਗੱਲ ਤਾਂ ਢੱਡਰੀਆਂ ਵਾਲਿਆਂ ਨਾਲ ਭਾਵੇਂ ਇਕ ਸਾਲ ਤੋਂ ਚਲ ਰਹੀ ਸੀ। ਪਰੰਤੂ ਕੋਈ ਫੈਸਲਾ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਜਦੋਂ ਤੱਕ ਗੱਲ ਪੱਕੀ ਨਹੀਂ ਹੋ ਜਾਂਦੀ, ਕਮੇਟੀ ਮੈਂਬਰਾਂ ਨੂੰ ਦੱਸਣ ਦਾ ਕੋਈ ਕਾਰਣ ਨਹੀਂ ਸੀ। ਹੁਣ ਜਦੋਂ ਮੰਗਲਵਾਰ ਨੂੰ ਗੱਲ ਪੱਕੀ ਹੋਈ ਹੈ ਤਾਂ ਅਸੀਂ ਅਨਾਊਂਸ ਕਰ ਦਿੱਤਾ।
ਵਰਨਣਯੋਗ ਹੈ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਜੋ ਸਮੇਂ-ਸਮੇਂ ਸਿਰ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ, 7,8,9 ਅਤੇ 10 ਜੂਨ ਨੂੰ ਡਿਕਸੀ ਗੁਰੂ ਘਰ ਵਿਖੇ ਦਿਵਾਨ ਸਜਾਉਣਗੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …