Breaking News
Home / ਜੀ.ਟੀ.ਏ. ਨਿਊਜ਼ / ਉਨਟਾਰੀਓ ਸੂਬੇ ਦੀ ਇਕ ਸਿੱਖ ਬੀਬੀ ਨੇ ਬੱਚਿਆਂ ਲਈ ਤਿਆਰ ਕੀਤੇ ਵਿਸ਼ੇਸ਼ ਹੈਲਮੇਟ

ਉਨਟਾਰੀਓ ਸੂਬੇ ਦੀ ਇਕ ਸਿੱਖ ਬੀਬੀ ਨੇ ਬੱਚਿਆਂ ਲਈ ਤਿਆਰ ਕੀਤੇ ਵਿਸ਼ੇਸ਼ ਹੈਲਮੇਟ

ਕੌਮਾਂਤਰੀ ਟੈਸਟਿੰਗ ਕੰਪਨੀ ਵਲੋਂ ਮਿਲਿਆ ਪਾਸਿੰਗ ਗਰੇਡ
ਉਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਦੇ ਉਨਟਾਰੀਓ ਸੂਬੇ ਦੀ ਇਕ ਸਿੱਖ ਬੀਬੀ ਨੇ ਭਾਈਚਾਰੇ ਦੇ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਇਕ ਵਿਸ਼ੇਸ਼ ਤਰ੍ਹਾਂ ਦਾ ਹੈਲਮੇਟ ਤਿਆਰ ਕੀਤਾ ਹੈ ਜਿਸ ਨੂੰ ਪਹਿਨ ਕੇ ਉਹ ਸਾਈਕਲਿੰਗ ਕਰ ਸਕਣਗੇ। ਟੀਨਾ ਸਿੰਘ ਮੁਤਾਬਕ ਜੂੜਾ ਰੱਖਣ ਵਾਲੇ ਸਿੱਖ ਬੱਚਿਆਂ ਲਈ ਇਹ ਸੁਰੱਖਿਆ ਦੇ ਲਿਹਾਜ਼ ਤੋਂ ਪਹਿਲਾ ਪ੍ਰਮਾਣਿਤ ਹੈਲਮੇਟ ਹੋਵੇਗਾ। ਦਰਅਸਲ ਟੀਨਾ ਦੇ ਤਿੰਨ ਬੇਟਿਆਂ ਨੇ ਜਦੋਂ ਸਾਈਕਲ (ਬਾਈਕ) ਚਲਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਬਾਜ਼ਾਰ ਵਿਚ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਪਹਿਲਾਂ ਕੋਈ ਢੁੱਕਵਾਂ ਹੈਲਮੇਟ ਨਹੀਂ ਮਿਲਿਆ। ਟੀਨਾ ਨੇ ਕਿਹਾ ਕਿ ਉਸ ਦੇ ਬੱਚਿਆਂ ਦੇ ਲੰਮੇ ਕੇਸ ਹਨ, ਇਸ ਲਈ ਜੂੜੇ ਨਾਲ ਸਿਰ ਉਤੇ ਕੁਝ ਵੀ ਠੀਕ ਨਹੀਂ ਬੈਠ ਰਿਹਾ ਸੀ। ਮੀਡੀਆ ਦੀ ਰਿਪੋਰਟ ਮੁਤਾਬਕ, ‘ਟੀਨਾ ਨਿਰਾਸ਼ ਹੋ ਗਈ ਸੀ ਕਿ ਉਸ ਦੇ ਬੱਚਿਆਂ ਲਈ ਸਪੋਰਟਸ ਹੈਲਮੇਟ ਵਰਗ ‘ਚ ਕੁਝ ਵੀ ਢੁੱਕਵਾਂ ਨਹੀਂ ਹੈ।’ ਇਸ ਤੋਂ ਬਾਅਦ ਟੀਨਾ ਨੇ ਦੋ ਸਾਲ ਤੋਂ ਵੱਧ ਸਮਾਂ ਇਸ ਪਾਸੇ ਕੰਮ ਕਰ ਕੇ ਇਕ ਹੈਲਮੇਟ ਤਿਆਰ ਕੀਤਾ ਜੋ ਕਿ ਉਸ ਦੇ ਬੱਚਿਆਂ ਲਈ ਸੁਰੱਖਿਅਤ ਹੋਵੇ।
ਟੀਨਾ ਨੇ ਦੱਸਿਆ ਕਿ ਹੁਣ ਇਨ੍ਹਾਂ ਹੈਲਮੇਟਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਪੰਜ ਸਾਲ ਤੋਂ ਵੱਧ ਉਮਰ ਦੇ ਬੱਚੇ ਸਾਈਕਲਾਂ, ਇਨਲਾਈਨ ਸਕੇਟਸ, ਕਿੱਕ ਸਕੂਟਰਾਂ ਤੇ ਸਕੇਟਬੋਰਡਿੰਗ ਲਈ ਵਰਤ ਸਕਦੇ ਹਨ।
ਟੀਨਾ ਨੇ ਕਿਹਾ ਕਿ ਇਹ ਉਸ ਲਈ ਸਿੱਖਣ ਦਾ ਵੱਡਾ ਮੌਕਾ ਸੀ ਕਿਉਂਕਿ ਪਹਿਲਾਂ ਕਦੇ ਉਸ ਨੇ ਅਜਿਹਾ ਕੁਝ ਨਹੀਂ ਕੀਤਾ। ਹੈਲਮੇਟ ਦਾ ਇਹ ਮਾਡਲ ਇਸ ਲਈ ਵਿਸ਼ੇਸ਼ ਹੈ ਕਿ ਕਿਉਂਕਿ ਇਸ ਦੇ ਉਪਰਲੇ ਪਾਸੇ ਇਕ ਉੱਭਰਿਆ ਹੋਇਆ ਗੋਲ ਹਿੱਸਾ ਹੈ ਜਿਸ ਵਿਚ ਬੱਚੇ ਦੇ ਕੇਸ (ਜੂੜਾ) ਆਰਾਮ ਨਾਲ ਆ ਸਕਦੇ ਹਨ। ਆਮ ਤੌਰ ‘ਤੇ ਵਰਤੇ ਜਾਂਦੇ ਹੈਲਮੇਟ ਤੋਂ ਵੱਖ ਇਸ ਬਦਲਾਅ ਦੇ ਬਾਵਜੂਦ ਇਹ ਬਾਕੀ ਹੈਲਮੇਟਾਂ ਵਰਗੀਆਂ ਹੀ ਵਿਸ਼ੇਸ਼ਤਾਵਾਂ ਰੱਖਦਾ ਹੈ। ਇਸ ਨੂੰ ਕੌਮਾਂਤਰੀ ਟੈਸਟਿੰਗ ਕੰਪਨੀ ‘ਐੱਸਜੀਐੱਸ’ ਦਸੰਬਰ ਮਹੀਨੇ ਵਿਚ ਪਾਸ ਵੀ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦੇਣ ਦਾ ਵਿਸ਼ਾ ਪਿਛਲੇ ਸਾਲਾਂ ਦੌਰਾਨ ਕਾਫ਼ੀ ਚਰਚਾ ਵਿਚ ਰਹਿ ਚੁੱਕਾ ਹੈ। ਉਨਟਾਰੀਓ ਨੇ 2018 ਵਿਚ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਦੇ ਦਿੱਤੀ ਸੀ। ਅਲਬਰਟਾ, ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਵੀ ਅਜਿਹੀ ਛੋਟ ਦੇ ਚੁੱਕੇ ਹਨ।

 

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …