Breaking News
Home / ਜੀ.ਟੀ.ਏ. ਨਿਊਜ਼ / ਵਿਲੀਅਮ ਫੌਕਨਰ ਪੂਰੀ ਦੁਨੀਆ ਦਾ ਲੇਖਕ ਹੈ : ਮਾਧਵ ਕੌਸ਼ਿਕ

ਵਿਲੀਅਮ ਫੌਕਨਰ ਪੂਰੀ ਦੁਨੀਆ ਦਾ ਲੇਖਕ ਹੈ : ਮਾਧਵ ਕੌਸ਼ਿਕ

ਵਿਲੀਅਮ ਫੌਕਨਰ ’ਤੇ ਆਧਾਰਤ ਸੁਲੇਖਾ ਸ਼ਰਮਾ ਦੀ ਕਿਤਾਬ ਨੂੰ ਲੋਕ ਅਰਪਣ ਕਰਦੇ ਹੋਏ ਮਾਧਵ ਕੌਸ਼ਿਕ, ਡਾ. ਜਸਪਾਲ, ਜੰਗ ਬਹਾਦੁਰ ਗੋਇਲ ਅਤੇ ਦੀਪਕ ਸ਼ਰਮਾ ਚਨਾਰਥਲ।

ਫੌਕਨਰ ਤੋਂ ਬਾਅਦ ਹਰ ਨਾਵਲਕਾਰ ਦੀ ਲਿਖਤ ’ਚ ਉਸਦਾ ਪ੍ਰਭਾਵ ਝਲਕਦਾ ਹੈ : ਜੰਗ ਬਹਾਦਰ ਗੋਇਲ
ਸੁਲੇਖਾ ਸ਼ਰਮਾ ਦੀ ਕਿਤਾਬ “POSTAGE STAMP OF NATIVE SOIL” ਸਿਰਜਣ ਚੇਤਨਾ ਮੰਚ ਵੱਲੋਂ ਲੋਕ ਅਰਪਣ
ਚੰਡੀਗੜ੍ਹ : ਵਿਸ਼ਵ ਪ੍ਰਸਿੱਧ ਨਾਵਲਕਾਰ ਵਿਲੀਅਮ ਫੌਕਨਰ ਕਿਸੇ ਇਕ ਦੇਸ਼, ਕਿਸੇ ਇਕ ਭਾਸ਼ਾ ਦਾ ਨਹੀਂ, ਉਹ ਤਾਂ ਪੂਰੀ ਦੁਨੀਆ ਦਾ ਲੇਖਕ ਹੈ। ਉਸ ਦੀ ਲੇਖਣੀ ਵਿਚੋਂ ਲਿਖਤ ਹੀ ਝਲਕਦੀ ਹੈ, ਉਹ ਖੁਦ ਕਦੇ ਨਜ਼ਰ ਨਹੀਂ ਪੈਂਦਾ। ਇਹ ਟਿੱਪਣੀ ਭਾਰਤੀ ਸਾਹਿਤ ਅਕਾਦਮੀ ਦੇ ਸੀਨੀਅਰ ਵਾਈਸ ਪ੍ਰਧਾਨ ਮਾਧਵ ਕੌਸ਼ਿਕ ਨੇ ਕੀਤੀ। ਸਿਰਜਣ ਚੇਤਨਾ ਮੰਚ ਵੱਲੋਂ ਸੈਕਟਰ 36 ਵਿਖੇ ਪੀਪਲ ਕਨਵੈਨਸ਼ਨ ਸੈਂਟਰ ’ਚ ਆਯੋਜਿਤ ਕੀਤੇ ਗਏ ਸਾਹਿਤਕ ਸਮਾਗਮ ਦੌਰਾਨ ਸੁਖੇਲਾ ਸ਼ਰਮਾ ਦੀ ਕਿਤਾਬ “POSTAGE STAMP OF NATIVE SOIL” A Seething World of ‘Willam Cuthert Faulkner’ ਲੋਕ ਅਰਪਣ ਕੀਤੀ ਗਈ। ਜਿਸ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਪਹੁੰਚੇ ਮਾਧਵ ਕੌਸ਼ਿਕ ਹੁਰਾਂ ਨੇ ਆਖਿਆ ਕਿ ਜਿਵੇਂ ਉਪਰ ਵਾਲੇ ਨੇ ਪੂਰੀ ਦੁਨੀਆ ਬਣਾਈ, ਪਰ ਉਹ ਸਿੱਧਾ ਕਿਤੇ ਨਜਰੀਂ ਨਹੀਂ ਪੈਂਦਾ, ਉਸੇ ਤਰ੍ਹਾਂ ਅਸਲੀ ਲੇਖਕ ਦੀ ਪਹਿਚਾਣ ਵੀ ਇਹੀ ਹੈ ਕਿ ਉਸ ਦੀ ਲੇਖਣੀ ਨਜ਼ਰ ਆਵੇ ਪਰ ਉਹ ਖੁਦ ਨਹੀਂ। ਮਾਧਵ ਕੌਸ਼ਿਕ ਨੇ ਆਖਿਆ ਕਿ ਪਰ ਅਜੋਕੇ ਦੌਰ ਵਿਚ ਲੇਖਕ ਖੁਦ ਆਪਣੀਆਂ ਲਿਖਤਾਂ ਵਿਚ ਵੱਧ ਨਜ਼ਰ ਆਉਂਦੇ ਹਨ ਜਦੋਂਕਿ ਵਿਲੀਅਮ ਫੌਕਨਰ ਦੀ ਲਿਖਤ ਹੀ ਉਸ ਦੀ ਪਹਿਚਾਣ ਹੈ, ਉਹ ਖੁਦ ਆਪਣੀਆਂ ਲਿਖਤਾਂ ਵਿਚ ਨਹੀਂ ਮਿਲਦਾ। ਮਾਧਵ ਕੌਸ਼ਿਕ ਨੇ ਵਿਲੀਅਮ ਫੌਕਨਰ ਦੇ ਹਵਾਲੇ ਨਾਲ ਆਪਣੇ ਕਾਲਜ ਦੇ ਦੌਰ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਕਿਤਾਬਾਂ ਨਾਲ ਸਾਂਝ ਪਈ। ਉਨ੍ਹਾਂ ਅਪੀਲ ਕੀਤੀ ਕਿ ਪਰਪੱਕ ਲੇਖਕ ਬਣਨ ਤੋਂ ਪਹਿਲਾਂ ਵੱਖੋ-ਵੱਖ ਲੇਖਕਾਂ ਦੀ ਜੀਵਨੀ ਜ਼ਰੂਰ ਪੜ੍ਹੋ।
ਸਮਾਗਮ ਦੇ ਸ਼ੁਰੂ ਵਿਚ ਡਾ. ਜਸਪਾਲ ਸਿੰਘ ਹੁਰਾਂ ਨੇ ਸਮੁੱਚੇ ਪ੍ਰਧਾਨਗੀ ਮੰਡਲ ਦਾ, ਲੇਖਿਕਾ ਦਾ ਤੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਨ ਤੋਂ ਬਾਅਦ ਜਿੱਥੇ ਲੇਖਿਕਾ ਸੁਲੇਖਾ ਸ਼ਰਮਾ ਬਾਰੇ ਜਾਣਕਾਰੀ ਸਾਂਝੀ ਕੀਤੀ, ਉਥੇ ਹੀ ਵਿਲੀਅਮ ਫੌਕਨਰ ਦੀ ਵਿਸ਼ਵ ਭਰ ਦੇ ਸਾਹਿਤ ਜਗਤ ਨੂੰ ਦੇਣ ਤੇ ਨਾਵਲ ਦੇ ਖੇਤਰ ਵਿਚ ਉਨ੍ਹਾਂ ਦੀ ਨਵੇਕਲੀ ਪਹਿਲਕਦਮੀ ਨੂੰ ਸਰੋਤਿਆਂ ਸਾਹਮਣੇ ਰੱਖ ਕੇ ਸਮਾਗਮ ਦੀ ਨੀਂਹ ਰੱਖੀ। ਇਸ ਉਪਰੰਤ“POSTAGE STAMP OF NATIVE SOIL” A Seething World of ‘Willam Cuthert Faulkner’ ਦੇ ਸਿਰਲੇਖ ਹੇਠ ਪ੍ਰਕਾਸ਼ਿਤ ਹੋਣ ਵਾਲੀ ਪੁਸਤਕ ਦੀ ਲੇਖਿਕਾ ਸੁਲੇਖਾ ਸ਼ਰਮਾ ਨੇ ਵੀ ਜਿੱਥੇ ਵਿਲੀਅਮ ਫੌਕਨਰ ਦੇ ਜੀਵਨ ਦੇ ਵੱਖੋ-ਵੱਖ ਪੜਾਵਾਂ ਨੂੰ ਸਾਂਝਾ ਕੀਤਾ, ਉਥੇ ਹੀ ਇਸ ਕਿਤਾਬ ਦੀ ਸਿਰਜਣਾ ਬਾਰੇ ਵੀ ਉਨ੍ਹਾਂ ਵਿਸਥਾਰਥ ਗੱਲ ਸਾਂਝੀ ਕੀਤੀ। ਇਸੇ ਤਰ੍ਹਾਂ ਕਿਤਾਬ ’ਤੇ ਮੁੱਖ ਪਰਚਾ ਪੜ੍ਹਦਿਆਂ ਪ੍ਰੋ. ਕੈਲਾਸ਼ ਆਹਲੂਵਾਲੀਆ ਨੇ ਵੀ ਦੱਸਿਆ ਕਿ ਵਿਲੀਅਮ ਫੌਕਨਰ ਕਿਵੇਂ ਜ਼ਿੰਦਗੀ ਦੇ ਵੱਖੋ-ਵੱਖ ਪੜਾਵਾਂ ਵਿਚੋਂ ਨਿਕਲ ਕੇ ਇਕ ਵੱਡਾ ਵਿਸ਼ਵ ਪੱਧਰ ਦਾ ਨਾਵਲਕਾਰ ਬਣਿਆ ਤੇ ਉਸ ਨੂੰ ਸਮਝ ਕੇ ਕੋਡ ਕਰਨਾ ਕੋਈ ਆਸਾਨ ਕੰਮ ਨਹੀਂ ਤੇ ਇਸ ਕਾਰਜ ਲਈ ਉਨ੍ਹਾਂ ਸੁਲੇਖਾ ਸ਼ਰਮਾ ਨੂੰ ਵਧਾਈ ਵੀ ਦਿੱਤੀ।
ਵਿਲੀਅਮ ਫੌਕਨਰ ਦੇ ਸਬੰਧ ਵਿਚ ਅਣਛੂਹੇ ਪਹਿਲੂਆਂ ਨੂੰ ਛੋਹਦਿਆਂ ਭਾਰਤੀ ਸਾਹਿਤ ਜਗਤ ਦੇ ਵੱਡੇ ਨਾਮ ਜੰਗ ਬਹਾਦਰ ਗੋਇਲ ਹੁਰਾਂ ਨੇ ਕਿਹਾ ਕਿ ਵਿਲੀਅਮ ਫੌਕਨਰ ਤੋਂ ਬਾਅਦ ਜਿੰਨੇ ਵੀ ਨਾਵਲਕਾਰ ਹੋਏ ਉਹ ਫੌਕਨਰ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੇ। ਜੰਗ ਬਹਾਦਰ ਗੋਇਲ ਨੇ ਆਖਿਆ ਕਿ ਫੌਕਨਰ ਨੂੰ ਪੜ੍ਹਨਾ ਤੇ ਸਮਝਣਾ ਇਕ ਚੈਲੇਂਜ ਕਬੂਲ ਕਰਨਾ ਹੈ। ਉਨ੍ਹਾਂ ਨੇ ਕੁੱਝ ਵਿਸ਼ੇਸ਼ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਵੀ ਕਿਹਾ ਗਿਆ ਹੈ ਕਿ ਵਿਲੀਅਮ ਫੌਕਨਰ ਨੂੰ ਪੜ੍ਹਨ ਤੋਂ ਪਹਿਲਾਂ ਮਾਈਗ੍ਰੇਨ ਦੀ ਗੋਲੀ ਜੇਬ ’ਚ ਰੱਖੋ, ਤੁਹਾਨੂੰ ਮਾਈਗ੍ਰੇਨ ਦਾ ਅਟੈਕ ਵੀ ਆ ਸਕਦਾ ਹੈ। ਇਸ ਤੋਂ ਵੀ ਅਗਾਂਹ ਇਕ ਨੇ ਕਿਹਾ ਕਿ ਵਿਲੀਅਮ ਫੌਕਨਰ ਨੂੰ ਪੜ੍ਹਨ ਤੋਂ ਪਹਿਲਾਂ ਪਾਗਲਖਾਨੇ ਦੀ ਸੀਟ ਬੁੱਕ ਕਰਵਾ ਲਓ। ਜੰਗ ਬਹਾਦਰ ਗੋਇਲ ਨੇ ਖੁਦ ਵੀ ਕਿਹਾ ਕਿ ਵਿਲੀਅਮ ਫੌਕਨਰ ਨੂੰ ਅੱਜ ਦੀ ਪੀੜ੍ਹੀ ਜ਼ਰੂਰ ਪੜ੍ਹੇ। ਬੇਸ਼ੱਕ ਉਸ ਨੂੰ ਸਮਝਣ ਲਈ ਤੁਹਾਨੂੰ ਵਾਰ-ਵਾਰ ਪੜ੍ਹਨਾ ਪਵੇ। ਜ਼ਿਕਰਯੋਗ ਹੈ ਕਿ ਵਿਲੀਅਮ ਫੌਕਨਰ ਪੋਸਟਮੈਨ ਵੀ ਰਿਹਾ, ਵਕੀਲ ਵੀ ਰਿਹਾ, ਫੌਜੀ ਜਵਾਨ ਵੀ ਰਿਹਾ ਤੇ ਉਸ ਨੇ ਹੋਰ ਬਹੁਤ ਘਾਲਣਾਵਾਂ ਘਾਲੀਆਂ। ਨੋਬਲ ਪੁਰਸਕਾਰ ਵਿਜੇਤਾ ਇਸ ਲੇਖਕ ਦੇ ਨਾਂ ਇਹ ਰਿਕਾਰਡ ਵੀ ਦਰਜ ਹੈ ਕਿ ਜਿੰਨਿਆਂ ਨੂੰ ਹੁਣ ਤੱਕ ਨੋਬਲ ਪੁਰਸਕਾਰ ਮਿਲਿਆ ਉਨ੍ਹਾਂ ਵਿਚੋਂ ਨੋਬਲ ਪੁਰਸਕਾਰ ਲੈਣ ਵੇਲੇ ਹੁਣ ਤੱਕ ਸਭ ਤੋਂ ਛੋਟਾ ਭਾਸ਼ਣ ਵਿਲੀਅਮ ਫੌਕਨਰ ਦਾ ਹੀ ਹੈ। ਉਹ ਖੁਦ ਘੱਟ ਬੋਲਦਾ ਸੀ ਪਰ ਉਸ ਦੀਆਂ ਲਿਖਤਾਂ, ਉਸ ਦੇ ਨਾਵਲ ਅੱਜ ਵੀ ਬੋਲਦੇ ਹਨ। ਅਖੀਰ ਵਿਚ ਡਾ. ਜਸਪਾਲ ਸਿੰਘ ਨੇ ਜਿੱਥੇ ਸੁਲੇਖਾ ਸ਼ਰਮਾ ਨੂੰ ਵਧਾਈ ਦਿੱਤੀ, ਉਥੇ ਹੀ ਮਾਧਵ ਕੌਸ਼ਿਕ ਦਾ, ਜੰਗ ਬਹਾਦਰ ਗੋਇਲ ਦਾ, ਪ੍ਰੋ. ਕੈਲਾਸ਼ ਆਹਲੂਵਾਲੀਆ ਦਾ ਤੇ ਹੋਰਨਾਂ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਨਾਮ ਕੰਵਰ, ਕੇ.ਕੇ. ਸ਼ਾਰਦਾ, ਪ੍ਰੇਮ ਵਿੱਜ, ਨਿਰਮਲ ਜਸਵਾਲ, ਊਸ਼ਾ ਕੰਵਰ, ਪ੍ਰਗਿਆ ਸ਼ਾਰਦਾ, ਪਿ੍ਰੰਸੀਪਲ ਗੁਰਦੇਵ ਕੌਰ ਪਾਲ, ਪੰਮੀ ਸਿੱਧੂ ਸੰਧੂ, ਜਗਦੀਪ ਕੌਰ ਨੂਰਾਨੀ, ਨਰਿੰਦਰ ਨਸਰੀਨ, ਸੁਭਾਸ਼ ਸ਼ਰਮਾ, ਹਰਮਿੰਦਰ ਕਾਲੜਾ, ਸਰਦਾਰਾ ਸਿੰਘ ਚੀਮਾ, ਦੀਪਕ ਸ਼ਰਮਾ ਚਨਾਰਥਲ ਸਣੇ ਵੱਡੀ ਗਿਣਤੀ ਵਿਚ ਲੇਖਕ, ਸਾਹਿਤਕਾਰ ਤੇ ਸਾਹਿਤ ਪ੍ਰੇਮੀ ਮੌਜੂਦ ਸਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …