Breaking News
Home / ਜੀ.ਟੀ.ਏ. ਨਿਊਜ਼ / ‘ਸ਼ਿਵ ਤੂੰ ਵਿਦਾ ਨਹੀਂ ਹੋਇਓਂ’

‘ਸ਼ਿਵ ਤੂੰ ਵਿਦਾ ਨਹੀਂ ਹੋਇਓਂ’

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ‘ਮਾਂ ਦਿਵਸ’ ਨੂੰ ਸਮਰਪਿਤ ਨਿਵੇਕਲੀ ਵਿਚਾਰ-ਚਰਚਾ ਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਯਾਦਾਂ ਦੀ ਸਜਾਈ ਗਈ ਮਹਿਫ਼ਲ
ਸ਼ਿਵ ਨੂੰ ਉਸਦੇ ਦੋਸਤਾਂ ਨੇ ਮਾਰਿਆ : ਐਸ. ਡੀ. ਸ਼ਰਮਾ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਸਾਂਝੇ ਤੌਰ ’ਤੇ ਅੰਤਰਰਾਸ਼ਟਰੀ ‘ਮਾਂ ਦਿਵਸ’ ਨੂੰ ਸਮਰਪਿਤ ਇਕ ਨਿਵੇਕਲਾ ਸਮਾਗਮ ਕਰਵਾਇਆ ਗਿਆ। ਪੰਜਾਬ ਕਲਾ ਭਵਨ ਵਿਖੇ ਰੰਧਾਵਾ ਆਡੀਟੋਰੀਅਮ ਵਿਚ ਹੋਏ ਇਸ ਸਮਾਗਮ ਦੌਰਾਨ ਜਿੱਥੇ ਇਕਹਿਰੇ ਮਾਂ-ਬਾਪ ਦੇ ਸੰਘਰਸ਼ ਦੀ ਗਾਥਾ ਰਾਹੀਂ ‘ਮਾਂ ਦਿਵਸ’ ਨਾਲ ਸਬੰਧਤ ਨਿਵੇਕਲਾ ਸੈਮੀਨਾਰ ਆਯੋਜਿਤ ਕੀਤਾ ਗਿਆ, ਉਥੇ ਹੀ ਸ਼ਿਵ ਦੀ 49ਵੀਂ ਬਰਸੀ ਮੌਕੇ ‘ਸ਼ਿਵ ਤੂੰ ਵਿਦਾ ਨਹੀਂ ਹੋਇਓਂ’ ਸਿਰਲੇਖ ਹੇਠ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀਆਂ ਯਾਦਾਂ ਅਤੇ ਉਸ ਦੇ ਗੀਤਾਂ ਦੇ ਗਾਇਨ ਰਾਹੀਂ ਨਿਵੇਕਲੀ ਮਹਿਫ਼ਲ ਸਜਾਈ ਗਈ।
ਸਮੁੱਚੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਮਾਂ ਹੋਣਾ ਦੁਨੀਆ ਦਾ ਸਭ ਤੋਂ ਵੱਡਾ ਤੋਹਫ਼ਾ ਮਿਲਣਾ ਹੈ। ਸਰਬਜੀਤ ਕੌਰ ਸੋਹਲ ਨੇ ਆਖਿਆ ਕਿ ਮੈਂ ਜਿੰਨਾ ਪਿਆਰ ਆਪਣੇ ਬੱਚਿਆਂ ਨੂੰ ਕਰਦੀ ਹਾਂ, ਓਨਾ ਹੀ ਪਿਆਰ ਫੁੱਲ-ਬੂਟਿਆਂ ਨੂੰ ਕਰਦੀ ਹਾਂ ਤੇ ਓਨਾ ਕਵਿਤਾ ਲੇਖਣੀ ਤੇ ਕਿਤਾਬਾਂ ਨੂੰ। ਉਨ੍ਹਾਂ ਆਖਿਆ ਕਿ ਮੈਨੂੰ ਕਦੇ-ਕਦੇ ਇੰਝ ਲਗਦਾ ਹੈ ਜਿਵੇਂ ਮੈਂ ਸਾਰੀ ਕੁਦਰਤ ਦੀ ਮਾਂ ਹੋਵਾਂ। ਜ਼ਿਕਰਯੋਗ ਹੈ ਕਿ ‘ਮਾਂ ਦਿਵਸ’ ਨੂੰ ਸਮਰਪਿਤ ਪਹਿਲਾ ਸੈਸ਼ਨ ਦੇਸਰਾਜ ਕਾਲੀ ਹੁਰਾਂ ਵੱਲੋਂ ਚਲਾਇਆ ਗਿਆ, ਜਿਸ ਵਿਚ ਇਕੱਲਿਆਂ ਆਪਣੇ ਬੱਚੇ ਪਾਲਣ ਵਾਲੀ ਹਰਲੀਨ ਸੋਨਾ, ਸੀਮਾ ਗਰੇਵਾਲ ਤੇ ਕਰਨਜੀਤ ਹੁਰਾਂ ਨੇ ਆਪਣੇ ਜੀਵਨ ਦੇ ਸੰਘਰਸ਼ਾਂ ਨੂੰ ਬਿਆਨ ਕਰਕੇ ਤਾੜੀਆਂ ਦੀ ਗੂੰਜ ਵਿਚ ਇਹ ਸਾਬਤ ਕੀਤਾ ਕਿ ਪਿਓ ਇਕੱਲਾ ਪਿਓ ਹੀ ਨਹੀਂ ਹੁੰਦਾ ਉਹ ਮਾਂ ਵੀ ਹੁੰਦਾ ਹੈ। ਇਕੱਲੀ ਮਾਂ ਸਿਰਫ਼ ਮਾਂ ਹੀ ਨਹੀਂ ਹੁੰਦੀ ਉਹ ਪਿਓ ਵੀ ਹੁੰਦੀ ਹੈ। ਇਹ ਸੈਸ਼ਨ ਜਿੱਥੇ ਕਈ ਸਮਾਜਿਕ ਸਵਾਲ ਖੜ੍ਹੇ ਕਰ ਗਿਆ, ਉਥੇ ਇਸ ਚਰਚਾ ਨੂੰ ਅਗਾਂਹ ਤੋਰਨ ਦੀ ਅਪੀਲ ਵੀ ਕਰ ਗਿਆ।
ਸ਼ਿਵ ਦੀਆਂ ਯਾਦਾਂ ਨਾਲ ਸਬੰਧ ਦੂਸਰੇ ਸੈਸ਼ਨ ਨੂੰ ਭੁਪਿੰਦਰ ਸਿੰਘ ਮਲਿਕ ਹੁਰਾਂ ਨੇ ਚਲਾਇਆ ਤੇ ਇਸ ਸੈਸ਼ਨ ਦਾ ਅਗਾਜ਼ ਆਰ ਡੀ ਕੈਲੇ ਹੁਰਾਂ ਨੇ ਸ਼ਿਵ ਦੇ ਗੀਤ ‘ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ’ ਨਾਲ ਕੀਤਾ। ਸ਼ਿਵ ਦੇ ਗੀਤਾਂ ਨੂੰ ਸਿਮਰਜੀਤ ਗਰੇਵਾਲ ਨੇ, ਦਰਸ਼ਨ ਤਿ੍ਰਊਣਾ ਨੇ, ਆਰ ਡੀ ਕੈਲੇ ਨੇ, ਬਲਵਿੰਦਰ ਢਿੱਲੋਂ ਨੇ, ਦਰਸ਼ਨ ਪਾਹਵਾ ਨੇ ਤੇ ਦਵਿੰਦਰ ਢਿੱਲੋਂ ਨੇ ਆਪਣੀ ਆਵਾਜ਼ ਵਿਚ ਗਾ ਕੇ ਸ਼ਿਵ ਨੂੰ ਸਾਹਮਣੇ ਲਿਆ ਬਿਠਾਇਆ। ਇਸੇ ਤਰ੍ਹਾਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਜਿੱਥੇ ਸਮੁੱਚੇ ਸਮਾਗਮ ਦੀ ਸ਼ੁਰੂਆਤ ਵਿਚ ਸਭਨਾਂ ਨੂੰ ਜੀ ਆਇਆਂ ਆਖਿਆ ਤੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਥੇ ਹੀ ਇਸ ਪ੍ਰਧਾਨਗੀ ਮੰਡਲ ਦਾ ਸ਼ਿੰਗਾਰ ਬਣੇ ਐਨ ਆਰ ਆਈ ਸ਼ਾਇਰਾ ਗੁਰਮੀਤ ਪਨਾਗ, ਗੁਰਿੰਦਰਜੀਤ ਸਿੰਘ ਕੱਕੜ, ਬਾਨੋ ਪੰਡਿਤਾ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਭਾਣਜੇ ਅਨੂਪ ਸ਼ਰਮਾ ਤੇ ਮਿਸਿਜ਼ ਅਨੂਪ ਸ਼ਰਮਾ ਦਾ ਵੀ ਸਭ ਨੇ ਨਿੱਘਾ ਸਵਾਗਤ ਕੀਤਾ। ਜਦੋਂਕਿ ਗੁਰਿੰਦਰਜੀਤ ਸਿੰਘ ਕੱਕੜ ਤੇ ਬਾਨੋ ਪੰਡਿਤਾ ਨੇ ਸ਼ਿਵ ਦੇ ਜੀਵਨ ਨਾਲ ਜੁੜੀਆਂ ਨਿਵੇਕਲੀਆਂ ਯਾਦਾਂ ਨੂੰ ਮੰਚ ਤੋਂ ਪ੍ਰਗਟਾਉਂਦਿਆਂ ਅੱਜ ਦੇ ਸਮਾਗਮ ਦੀ ਸਾਰਥਿਕਤਾ ਸਾਬਤ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਭੁਪਿੰਦਰ ਮਲਿਕ ਤੇ ਬਾਨੋ ਪੰਡਿਤਾ ਦਾ ਜਿੱਥੇ ਸ਼ਿਵ ਦੇ ਪਰਿਵਾਰ ਨਾਲ ਸਿੱਧਾ ਵਾਹ ਵਾਸਤਾ ਹੈ, ਉਥੇ ਹੀ ਸਮਾਗਮ ਦੇ ਮੁੱਖ ਮਹਿਮਾਨ ਐਸ ਡੀ ਸ਼ਰਮਾ ਉਹ ਸਖਸ਼ੀਅਤ ਹਨ ਜਿਨ੍ਹਾਂ ਕੋਲ ਸ਼ਿਵ ਚੰਡੀਗੜ੍ਹ ਆ ਕੇ ਰਹਿੰਦਾ ਰਿਹਾ। ਐਸ ਡੀ ਸ਼ਰਮਾ ਨੇ ਸ਼ਿਵ ਨਾਲ ਆਪਣੀ ਪਹਿਲੀ ਮੁਲਾਕਾਤ ਤੋਂ ਲੈ ਕੇ ਉਸ ਦੇ ਵਿਦਾ ਹੋਣ ਤੱਕ ਦੀ ਇਬਾਰਤ ਛੋਟੇ-ਛੋਟੇ ਕਿੱਸਿਆਂ ਦੇ ਰੂਪ ਵਿਚ ਜਦੋਂ ਸਾਂਝੀ ਕੀਤੀ ਤਦ ਸਰੋਤੇ ਕਦੇ ਹੱਸੇ, ਕਦੇ ਵਾਹ-ਵਾਹ ਕਰ ਉਠੇ ਤੇ ਕਦੇ ਗੰਭੀਰ ਹੋਏ ਤੇ ਕਦੇ ਹੰਝੂ ਪੂੰਝਦੇ ਹੋਏ ਨਜ਼ਰ ਆਏ। ਐਸ ਡੀ ਸ਼ਰਮਾ ਨੇ ਕਿਹਾ ਸ਼ਿਵ ਨੂੰ ਸਰੀਰਕ ਰੂਪ ਵਿਚ ਗਿਆਂ ਬੇਸ਼ੱਕ 49 ਵਰ੍ਹੇ ਹੋ ਗਏ ਹੋਣ ਪਰ ਪੰਜਾਬੀ ਨੂੰ, ਸਾਹਿਤ ਨੂੰ ਜੋ ਸ਼ਿਵ ਦੀ ਦੇਣ ਹੈ, ਉਸ ਸਦਕਾ ਸ਼ਿਵ ਸਾਥੋਂ ਕਦੇ ਵੀ ਵਿਦਾ ਨਹੀਂ ਹੋ ਸਕਦਾ। ਪਰ ਇਹ ਵੀ ਇਕ ਕੌੜੀ ਸੱਚਾਈ ਹੈ ਕਿ ਸ਼ਿਵ ਮਰਿਆ ਨਹੀਂ, ਸ਼ਿਵ ਨੂੰ ਤਾਂ ਉਸਦੇ ਦੋਸਤਾਂ ਨੇ ਹੀ ਮਾਰਿਆ। ਸਾਫ਼ ਤੌਰ ’ਤੇ ਐਸ ਡੀ ਸ਼ਰਮਾ ਦਾ ਸੰਕੇਤ ਸ਼ਿਵ ਦੇ ਜੀਵਨ ਨਾਲ ਜੁੜੀ, ਇਕ ਉਸ ਲਤ ਬਾਰੇ ਸੀ ਜੋ ਉਸ ਦੇ ਜ਼ਿਆਦਾਤਰ ਸਾਥੀਆਂ ਨੇ ਉਸ ’ਤੇ ਰੋਕ ਲਗਾਉਣ ਦੀ ਬਜਾਏ ਉਸ ’ਚ ਵਾਧਾ ਹੀ ਕੀਤਾ, ਜਿਸ ਸਦਕਾ ਐਸ ਡੀ ਸ਼ਰਮਾ ਨੇ ਆਖਿਆ ਕਿ ਸ਼ਿਵ ਮਰਿਆ ਨਹੀਂ, ਸ਼ਿਵ ਨੂੰ ਤਾਂ ਉਸ ਦੇ ਦੋਸਤਾਂ ਨੇ ਹੀ ਮਾਰਿਆ ਹੈ। ਉਨ੍ਹਾਂ ਸ਼ਿਵ ਨੂੰ ਅਵਾਜ਼ ਦੇ ਕੇ ਕਿਹਾ ‘ਸ਼ਿਵ ਤੂੰ ਵਿਦਾ ਨਹੀਂ ਹੋਇਓਂ’।
ਇਸ ਮੌਕੇ ਸਮੁੱਚੇ ਮਹਿਮਾਨਾਂ, ਬਹਿਸ ’ਚ ਭਾਗ ਲੈਣ ਵਾਲਿਆਂ, ਗਾਇਨ ਕਰਨ ਵਾਲਿਆਂ, ਸਭਨਾਂ ਨੂੰ ਪੰਜਾਬ ਸਾਹਿਤ ਅਕਾਦਮੀ ਵੱਲੋਂ ਡਾ. ਸਰਬਜੀਤ ਕੌਰ ਸੋਹਲ ਨੇ ਕਿਤਾਬਾਂ ਅਤੇ ਫੁੱਲ-ਬੂਟਿਆਂ ਦੇ ਗਮਲੇ ਭੇਂਟ ਕਰਕੇ ਸਨਮਾਨਿਤ ਕੀਤਾ। ਸ਼ਿਵ ਦੀਆਂ ਯਾਦਾਂ ਨੂੰ ਤੇ ਸ਼ਿਵ ਦੇ ਗੀਤਾਂ ਨੂੰ ਉਪਰੋਕਤ ਸਾਹਿਤਕਾਰਾਂ ਤੋਂ ਇਲਾਵਾ ਐਨ ਆਰ ਆਈ ਸ਼ਾਇਰਾ ਗੁਰਮੀਤ ਪਨਾਗ ਨੇ, ਸੁਰਿੰਦਰ ਗਿੱਲ ਨੇ, ਆਰ ਐਸ ਲਬਰੇਟ ਨੇ, ਡਾ. ਮਨਜੀਤ ਬੱਲ ਆਦਿ ਨੇ ਵੀ ਸਾਂਝਾ ਕੀਤਾ। ਸਭਨਾਂ ਦਾ ਧੰਨਵਾਦ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਕੀਤਾ ਤੇ ਸਮਾਗਮ ਵਿਚ ਸੂਤਰਧਾਰ ਦੀ ਭੂਮਿਕਾ ਦੀਪਕ ਸ਼ਰਮਾ ਚਨਾਰਥਲ ਨੇ ਨਿਭਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗ ਬਹਾਦਰ ਗੋਇਲ, ਡਾ. ਲਾਭ ਸਿੰਘ ਖੀਵਾ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਪਾਲ ਅਜਨਬੀ, ਜਗਦੀਪ ਕੌਰ ਨੂਰਾਨੀ, ਪੰਮੀ ਸਿੱਧੂ ਸੰਧੂ, ਨਰਿੰਦਰ ਨਸਰੀਨ, ਸੇਵੀ ਰਾਇਤ, ਗੁਰਦੀਪ ਗੁਲ, ਜੈ ਸਿੰਘ ਛਿੱਬਰ, ਪ੍ਰੋ. ਦਿਲਬਾਗ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਸਰਦਾਰਾ ਸਿੰਘ ਚੀਮਾ, ਹਰਬੰਸ ਸੋਢੀ, ਪਰਵਿੰਦਰ ਸਿੰਘ ਮਦਾਨ, ਸੁਰਜੀਤ ਕੌਰ ਬੈਂਸ, ਡਾ. ਗੁਰਮੇਲ ਸਿੰਘ, ਮਨਮੋਹਨ ਸਿੰਘ ਕਲਸੀ, ਜਤਿਨ ਸਲਵਾਨ, ਸੰਜੀਵਨ ਸਿੰਘ ਆਦਿ ਵੀ ਮੌਜੂਦ ਸਨ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …