ਨਿਊਯਾਰਕ : ਅਮਰੀਕਾ ਦੇ ਨਿਊਜਰਸੀ ਸੂਬੇ ਦੇ ਈਸਟ ਆਰੇਂਜ ਇਲਾਕੇ ਵਿਚ ਤਰਲੋਕ ਸਿੰਘ ਨਾਮਕ ਸਿੱਖ ਦਾ ਉਨ੍ਹਾਂ ਦੇ ਸਟੋਰ ਵਿਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਮਰੀਕਾ ‘ਚ ਪਿਛਲੇ ਤਿੰਨ ਹਫ਼ਤਿਆਂ ਵਿਚ ਇਹ ਤੀਸਰੀ ਘਟਨਾ ਹੈ ਜਿਸ ‘ਚ ਕਿਸੇ ਸਿੱਖ ਨੂੰ ਨਿਸ਼ਾਨਾ ਬਣਾਇਆ ਗਿਆ। ਤਰਲੋਕ ਸਿੰਘ ਦੇ ਭਤੀਜੇ ਕਰਨੈਲ ਸਿੰਘ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਉਨ੍ਹਾਂ ਨੇ ਵੀਰਵਾਰ ਸਵੇਰੇ ਤਰਲੋਕ ਸਿੰਘ ਨੂੰ ਸਟੋਰ ਵਿਚ ਮ੍ਰਿਤਕ ਵੇਖਿਆ। ਉਨ੍ਹਾਂ ਦੀ ਛਾਤੀ ‘ਤੇ ਡੂੰਘੇ ਜ਼ਖ਼ਮ ਸਨ। ਤਰਲੋਕ ਸਿੰਘ ਦੇ ਸਟੋਰ ਦੇ ਸਾਹਮਣੇ ਪੈਟਰੋਲ ਪੰਪ ‘ਤੇ ਕੰਮ ਕਰਦੇ ਇਕ ਕਰਿੰਦੇ ਨੇ ਦੱਸਿਆ ਕਿ ਉਹ ਸਟੋਰ ਤੋਂ ਕੁਝ ਸਾਮਾਨ ਲੈਣ ਗਿਆ ਤੇ ਉਸ ਨੂੰ ਕਈ ਅਵਾਜ਼ਾਂ ਮਾਰੀਆਂ ਪ੍ਰੰਤੂ ਅੰਦਰੋਂ ਕੋਈ ਜਵਾਬ ਨਹੀਂ ਆਇਆ। ਉਸ ਨੇ ਗੁਸਲਖਾਨੇ ਵਿਚ ਜਾ ਕੇ ਵੇਖਿਆ ਤਾਂ ਉਥੇ ਤਰਲੋਕ ਸਿੰਘ ਦੀ ਖ਼ੂਨ ਨਾਲ ਲਥਪਥ ਲਾਸ਼ ਪਈ ਸੀ। ਗੁਆਂਢੀਆਂ ਮੁਤਾਬਿਕ ਤਰਲੋਕ ਸਿੰਘ ਬਹੁਤ ਹੀ ਦਿਆਲੂ ਸੁਭਾਅ ਵਾਲੇ ਸਨ। ਉਨ੍ਹਾਂ ਦੀ ਵਹੁਟੀ ਅਤੇ ਬੱਚੇ ਭਾਰਤ ਵਿਚ ਰਹਿੰਦੇ ਹਨ। ਪਰਿਵਾਰ ਦੀ ਰੋਜ਼ੀ-ਰੋਟੀ ਲਈ ਉਹ ਪਿਛਲੇ ਛੇ ਸਾਲਾਂ ਤੋਂ ਇੱਥੇ ਇਕੱਲੇ ਰਹਿ ਕੇ ਸਟੋਰ ਚਲਾਉਂਦੇ ਸਨ। ਉਹ ਹਫ਼ਤੇ ਵਿਚ ਸੱਤ ਦਿਨ ਸਟੋਰ ਖੋਲ੍ਹਦੇ ਸਨ ਤੇ ਕੋਈ ਛੁੱਟੀ ਨਹੀਂ ਸਨ ਕਰਦੇ। ਮਨੁੱਖੀ ਅਧਿਕਾਰ ਸੰਗਠਨ ‘ਸਿੱਖ ਕੁਲੀਸ਼ਨ’ ਨੇ ਫੇਸਬੁੱਕ ‘ਤੇ ਪੋਸਟ ਕਰਕੇ ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਸਥਾਨਕ ਸਿੱਖ ਭਾਈਚਾਰੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਸੰਗਠਨ ਨਾਲ ਜੁੜੇ ਸਿਮਰਨਜੀਤ ਸਿੰਘ ਨੇ ਟਵੀਟ ਕੀਤਾ ਕਿ ਪਿਛਲੇ ਤਿੰਨ ਹਫ਼ਤਿਆਂ ਵਿਚ ਕਿਸੇ ਸਿੱਖ ਨੂੰ ਤੀਜੀ ਵਾਰ ਨਿਸ਼ਾਨਾ ਬਣਾਇਆ ਗਿਆ। ਇਹ ਚਿੰਤਾਜਨਕ ਹੈ।
Check Also
ਜਿੰਦਰ ਨੂੰ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ
ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ ਵੀ ਕੀਤਾ ਸਨਮਾਨ ਵੈਨਕੂਵਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ਜ਼ਿਲ੍ਹੇ …